ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਦੌਰਾਨ ਟੈਂਕੀ 'ਤੇ ਚੜ੍ਹਿਆ ਕਿਸਾਨ, ਪੀਤੀ ਜ਼ਹਿਰੀਲੀ ਦਵਾਈ

06/24/2020 1:33:11 PM

ਭਿੱਖੀਵਿੰਡ (ਅਮਨ, ਸੁਖਚੈਨ) : ਭਿੱਖੀਵਿੰਡ ਬਲਾਕ ਦੇ ਪਿੰਡ ਕਾਲੇ ਵਿਖੇ ਪੰਚਾਇਤੀ ਜ਼ਮੀਨ ਦੀ ਨਿਸ਼ਾਨ ਦੇਹੀ ਦੌਰਾਨ ਹੋਏ ਵਿਵਾਦ ਨੂੰ ਰੋਕਣ ਲਈ ਕਿਸਾਨ ਵਲੋਂ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਜ਼ਹਿਰੀਲੀ ਦਵਾਈ ਪੀ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਕਾਲੇ ਦੇ ਸਰਪੰਚ ਸੁੱਚਾ ਸਿੰਘ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਨਿਸ਼ਾਨ ਦੇਹੀ ਕਰਵਾਉਣ ਲਈ ਉੱਚ ਅਧਿਕਾਰੀਆਂ ਕੋਲ ਦਰਖਾਸਤ ਦਿੱਤੀ ਸੀ। ਇਸ 'ਤੇ ਕਾਰਵਾਈ ਕਰਦਿਆਂ ਮੰਗਲਵਾਰ ਤਹਿਸੀਲਦਾਰ ਭਿੱਖੀਵਿੰਡ ਲਖਵਿੰਦਰ ਸਿੰਘ, ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਰਾਜਬੀਰ ਸਿੰਘ ਸਮੇਤ ਵੱਡੀ ਗਿਣਤੀ ਪੁਲਸ ਪਾਰਟੀ ਸਣੇ ਪੰਚਾਇਤ ਵਿਭਾਗ ਦੇ ਪੰਚਾਇਤ ਅਫਸਰ ਨਿਰਵੈਲ ਸਿੰਘ ਵੀ ਪੁੱਜੇ ਹੋਏ ਸਨ। ਇਸ ਦੌਰਾਨ ਜਦੋਂ ਪੁਲਸ ਨਿਸ਼ਾਨਦੇਹੀ ਸਬੰਧੀ ਕਿਸਾਨ ਲੱਖਾ ਸਿੰਘ ਕਾਲੇ ਦੀਆ ਬਹਿਕਾਂ 'ਤੇ ਪੁੱਜੀ ਤਾਂ ਪ੍ਰਸ਼ਾਸਨ ਦੀ ਇੰਨੀ ਵੱਡੀ ਕਾਰਵਾਈ ਨੂੰ ਵੇਖਦਿਆਂ ਲੱਖਾ ਸਿੰਘ ਆਪਣੀ ਜ਼ਮੀਨ ਨੇੜੇ ਬਣਾ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ।

ਕਿਸਾਨ ਲੱਖਾ ਸਿੰਘ ਨੇ ਕਿਹਾ ਕਿ ਪਿੰਡ ਦਾ ਸਰਪੰਚ ਇਸ ਜ਼ਮੀਨ 'ਤੇ ਆਪਣਾ ਨਿੱਜੀ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਲਈ ਹੀ ਸਰਪੰਚ ਨੇ ਸਿਆਸੀ ਸ਼ਹਿ 'ਤੇ ਪਿਛਲੇ ਦਿਨੀਂ ਵੀ ਮੈਨੂੰ ਅਤੇ ਮੇਰੇ ਪੁੱਤਰ ਨੂੰ ਪੁਲਸ ਕੋਲੋਂ ਚੁੱਕਾ ਦਿੱਤਾ, ਜਿੱਥੇ ਪੁਲਸ ਨੇ ਮੈਨੂੰ ਰਾਤ ਹਵਾਲਾਤ 'ਚ ਬੰਦ ਰੱਖਿਆ, ਬਾਅਦ 'ਚ ਮੇਰੀ ਹਾਲਤ ਖਰਾਬ ਹੋਣ ਕਾਰਣ ਮੈਨੂੰ ਥਾਣੇ 'ਚੋਂ ਬਾਹਰ ਕੱਢਿਆ ਅਤੇ ਮੈਂ ਹਸਪਤਾਲ ਦਾਖਲ ਰਿਹਾ। ਲੱਖਾ ਸਿੰਘ ਨੇ ਦੋਸ਼ ਲਗਾਇਆ ਕਿ ਪਿੰਡ ਦੇ ਸਰਪੰਚ ਨੇ ਪਿੰਡ ਦੇ ਲੋਕਾਂ ਪਾਸੋਂ ਪਹਿਲਾਂ ਵੀ ਪੰਚਾਇਤੀ ਜ਼ਮੀਨ, ਜੋ ਪਿੰਡ ਦੇ ਵਸਨੀਕ ਠੇਕੇ 'ਤੇ ਲੈ ਕੇ ਵਾਹ ਰਹੇ ਹਨ ਧੋਖੇ ਨਾਲ ਛੱਡਵਾ ਲਈ ਹੈ ਅਤੇ ਲੋਕਾਂ ਵਲੋਂ ਬੀਜੀ ਕਣਕ ਵੱਢ ਲਈ ਹੈ।

ਹੁਣ ਵੀ ਸਰਪੰਚ ਕਾਫੀ ਜ਼ਮੀਨ ਬਿਨਾਂ ਬੋਲੀ ਕਰਵਾਏ ਵਾਹ ਰਿਹਾ ਹੈ। ਲੱਖਾ ਸਿੰਘ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਰਪੰਚ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ 'ਚ ਉਸ ਦਾ ਸਾਥ ਦਿੱਤਾ ਤਾਂ ਮੈ ਜ਼ਹਿਰੀਲੀ ਦਵਾਈ ਪੀ ਕੇ ਆਪਣ ਜਾਨ ਦੇ ਦੇਣੀ ਹੈ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਪੰਚ ਅਤੇ ਪ੍ਰਸ਼ਾਸਨ ਦੀ ਹੋਵੇਗੀ। ਉਸਨੇ ਕਿਹਾ ਕਿ ਮੈਂ ਪੰਚਾਇਤ ਦੀ 7 ਕਨਾਲ 11 ਮਰਲੇ ਜ਼ਮੀਨ ਦਾ ਠੇਕਾ ਦੇਣ ਲਈ ਤਿਆਰ ਹਾਂ ਬਾਕੀ ਜ਼ਮੀਨ ਸਬੰਧੀ ਸਰਪੰਚ ਅਦਾਲਤ 'ਚ ਜਾਵੇ। ਮੈਂ ਜਵਾਬ ਅਦਾਲਤ 'ਚ ਦੇਵਾਗਾਂ ਪਰ ਉਸ ਸਭ ਦੇ ਬਾਵਜੂਦ ਜਦੋਂ ਪ੍ਰਸ਼ਾਸਨ ਨਿਸ਼ਾਨਦੇਹੀ ਕਰਨ ਲੱਗਾ ਤਾਂ ਲੱਖਾ ਸਿੰਘ ਨੇ ਟੈਂਕੀ 'ਤੇ ਹੀ ਜ਼ਹਿਰੀਲੀ ਦਵਾਈ ਪੀ ਲਈ ਅਤੇ ਬੇਹੋਸ਼ ਹੋ ਗਿਆ। ਇਸ ਸਬੰਧੀ ਪਤਾ ਲੱਗਦਿਆ ਹੀ ਪ੍ਰਸ਼ਾਸਨ ਉਸ ਨੂੰ ਟੈਂਕੀ ਤੋਂ ਹੇਠਾਂ ਉਤਾਰਨ ਦੀ ਜਗ੍ਹਾਂ ਗੱਡੀਆਂ ਲੈ ਕੇ ਉੱਥੋਂ ਚੱਲਦਾ ਬਣਿਆ ਜਦਕਿ ਪਰਿਵਾਰ ਨੇ ਭਿੱਖੀਵਿੰਡ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ। ਖਬਰ ਲਿਖੇ ਜਾਣ ਤੱਕ ਲੱਖਾ ਸਿੰਘ ਦਾ ਇਲਾਜ ਚੱਲ ਰਿਹਾ ਸੀ।

ਦੂਜੇ ਪਾਸੇ ਜਦੋਂ ਇਸ ਸਬੰਧੀ ਸਰਪੰਚ ਸੁੱਚਾ ਸਿੰਘ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਲੱਖਾ ਸਿੰਘ ਨੇ ਪੰਚਾਇਤ ਦੀ ਕਰੀਬ 10-12 ਮਰਲੇ ਜ਼ਮੀਨ ਦੱਬੀ ਹੋਈ ਹੈ। ਉਹ ਇਸ ਜ਼ਮੀਨ ਦਾ ਕੋਈ ਹਿੱਸਾ-ਠੇਕਾ ਪੰਚਾਇਤ ਨੂੰ ਨਹੀਂ ਦਿੰਦਾ।7 ਕਨਾਲ 11 ਮਰਲੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਵਾਰ ਇਹ ਜ਼ਮੀਨ ਕਿਸੇ ਹੋਰ ਨੇ ਲਈ ਸੀ ਅਤੇ ਪੰਚਾਇਤ ਪਾਸ ਪੈਸੇ ਜਮ੍ਹਾਂ ਕਰਵਾਏ ਪਰ ਲੱਖਾ ਸਿੰਘ ਦੇ ਜ਼ਮੀਨ ਨਾ ਛੱਡਣ 'ਤੇ ਉਹ ਅਦਾਲਤ 'ਚ ਚਲਾ ਗਿਆ ਜਿੱਥੇ ਪੰਚਾਇਤ ਨੂੰ ਕਰੀਬ ਇਕ ਲੱਖ ਭਰਨਾ ਪਿਆ।

ਇਸ ਸਬੰਧੀ ਸਬ ਡਵੀਜ਼ਨ ਦੇ ਡੀ. ਐੱਸ. ਪੀ. ਰਾਜਬੀਰ ਸਿੰਘ ਦਾ ਕਹਿਣਾ ਸੀ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ 'ਤੇ ਪੁਲਸ ਪਾਰਟੀ ਆਈ ਹੈ ਤਾਂ ਜੋ ਕੋਈ ਦੋਹਾਂ ਪਾਰਟੀਆਂ ਦਰਮਿਆਨ ਝਗੜਾ ਨਾ ਹੋਵੇ। ਪਰ ਜਦੋਂ ਨਿਸ਼ਾਨਦੇਹੀ ਲਈ ਪੁੱਜੇ ਪੰਚਾਇਤ ਮਹਿਕਮੇ ਵੱਲੋਂ ਨਿਰਵੈਲ ਸਿੰਘ ਨੂੰ ਜਦ ਪੱਤਰਕਾਰ ਨੇ ਪੁੱਛਿਆ ਕਿ ਤੁਸੀ ਕਿੰਨੀਂ ਜ਼ਮੀਨ ਦੀ ਨਿਸ਼ਾਨਦੇਹੀ ਲਈ ਆਏ ਹੋ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਰਿਪੋਰਟ ਬਣਾ ਕੇ ਭੇਜੀ ਸੀ ਮੈਨੂੰ ਪਤਾ ਨਹੀਂ ਕਿੰਨੀ ਜ਼ਮੀਨ ਹੈ। ਇਸ ਬਾਰੇ ਮਾਲ ਮਹਿਕਮੇ ਨੂੰ ਪਤਾ ਹੋਵੇਗਾ ਮੇਰੇ ਕੋਲ ਤਾਂ ਕਈ ਵੀ ਫਾਈਲ ਨਹੀਂ ਹੈ।
 


Baljeet Kaur

Content Editor

Related News