ਪੰਜਾਬ ਪੁਲਸ ਨੇ ਅਮਰੀਕੀ ਏਜੰਸੀ FBI ਵੱਲੋਂ ਲੋੜੀਂਦੇ ਮੁਲਜ਼ਮ ਨੂੰ ਕੀਤਾ ਕਾਬੂ, ਹੋਏ ਵੱਡੇ ਖ਼ੁਲਾਸੇ
Monday, Mar 10, 2025 - 02:08 PM (IST)

ਚੰਡੀਗੜ੍ਹ/ਤਰਨਤਾਰਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਾ ਤਸਕਰੀ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਅੱਜ ਤਰਨ-ਤਾਰਨ ਪੁਲਸ ਨੇ ਅਮਰੀਕਾ ਦੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੂੰ ਲੋੜੀਂਦੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਨ ਸ਼ਹਿਨਾਜ਼ ਉਰਫ਼ ਸ਼ੌਨ ਭਿੰਡਰ ਵੱਜੋਂ ਹੋਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ (ਆਈ.ਪੀ.ਐੱਸ.) ਨੇ ਦੱਸਿਆ ਕਿ ਦੋਸ਼ੀ ਪਿੰਡ ਮੰਡਿਆਲਾ, ਥਾਣਾ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਉਹ ਇਸ ਸਮੇਂ ਕੈਨੇਡਾ ਵਿੱਚ ਬਰੈਂਪਟਨ, ਓਨਟਾਰੀਓ ਵਿੱਚ ਰਹਿ ਰਿਹਾ ਸੀ।
ਡੀ.ਆਈ.ਜੀ. ਸ਼ਰਮਾ ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਐੱਫ.ਬੀ.ਆਈ. ਨੇ ਅਮਰੀਕਾ 'ਚ ਸ਼ਾਨ ਭਿੰਡਰ ਦੇ ਛੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੇ ਕਬਜ਼ੇ ਵਿੱਚੋਂ 391 ਕਿਲੋਗ੍ਰਾਮ ਮੈਥਾਮਫੇਟਾਮਾਈਨ, 109 ਕਿਲੋਗ੍ਰਾਮ ਕੋਕੀਨ, ਚਾਰ ਆਧੁਨਿਕ ਹਥਿਆਰ ਅਤੇ ਵਾਹਨ ਵੀ ਬਰਾਮਦ ਕੀਤੇ ਗਏ ਸਨ । ਹਾਲਾਂਕਿ ਦੋਸ਼ੀ (ਸ਼ੌਨ) ਐੱਫ.ਬੀ.ਆਈ. ਦੇ ਅਧਿਕਾਰੀਆਂ ਨੂੰ ਝਕਾਨੀ ਦੇ ਕੇ ਭਾਰਤ ਪਰਤ ਗਿਆ ਸੀ ਪਰ ਇਸ ਸਬੰਧੀ ਪੁਖਤਾ ਖੁਫਿਆ ਜਾਣਕਾਰੀ ਮੁਹੱਇਆ ਹੋਣ 'ਤੇ ਤਰਨ ਤਾਰਨ ਪੁਲਸ ਨੇ ਬਿਨਾਂ ਸਮਾਂ ਗੁਵਾਇਆ ਦੋਸ਼ੀ ਨੂੰ ਲੁਧਿਆਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਸਵਪਨ ਸ਼ਰਮਾ ਨੇ ਦੱਸਿਆ ਕਿ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਤਰਨਤਾਰਨ ਪੁਲਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਐੱਸ. ਐੱਸ. ਪੀ. ਤਰਨਤਾਰਨ ਅਭਿਮਨਿਊ ਰਾਣਾ (ਆਈ. ਪੀ. ਐੱਸ) ਅਤੇ ਡੀ. ਐੱਸ. ਪੀ. ਸਪੈਸ਼ਲ ਕਰਾਈਮ ਗੁਰਿੰਦਰਪਾਲ ਸਿੰਘ ਨਾਗਰਾ ਦੀ ਅਗਵਾਈ ਹੇਠ ਪੁਲਸ ਦੀ ਟੀਮ ਨੇ ਮੁਲਜ਼ਮ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਫ. ਬੀ. ਆਈ. ਵੱਲੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੁਲਜ਼ਮਾਂ ਵਿੱਚ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਉਰਫ਼ ਬੱਲ, ਅੰਮ੍ਰਿਤਪਾਲ ਸਿੰਘ ਉਰਫ਼ ਚੀਮਾ, ਤਕਦੀਰ ਸਿੰਘ ਉਰਫ਼ ਰੋਮੀ, ਸਰਬਜੀਤ ਸਿੰਘ ਸਾਬੀ, ਫਰਨਾਂਡੋ ਵੇਲਾਡੇਰਿਸ ਉਰਫ਼ ਫ੍ਰੈਂਕੋ ਅਤੇ ਗੁਰਲਾਲ ਸਿੰਘ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਹੋਣ ਜਾ ਰਿਹਾ ਬਦਲਾਅ, ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸ਼ੌਨ ਭਿੰਡਰ ਨੇ ਵੱਖ-ਵੱਖ ਦੇਸ਼ਾਂ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਤੋਂ ਟਰੱਕਾਂ ਅਤੇ ਟਰਾਲਿਆਂ ਰਾਹੀਂ ਨਸ਼ਿਆਂ ਦੀ ਵੱਡੀ ਖੇਪ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ 2014 ਤੋਂ ਕੈਨੇਡਾ ਵਿੱਚ ਟਰਾਂਸਪੋਰਟ ਦਾ ਧੰਦਾ ਕਰਦਾ ਸੀ। ਉਹ ਕੋਲੰਬੀਆ ਤੋਂ ਮੈਕਸੀਕੋ ਰਾਹੀਂ ਅਮਰੀਕਾ ਅਤੇ ਕੈਨੇਡਾ 'ਚ ਟਰੱਕਾਂ ਰਾਹੀਂ ਨਸ਼ੇ ਦੀ ਸਪਲਾਈ ਕਰਦਾ ਸੀ। ਮੁੱਖ ਦੋਸ਼ੀ ਦੇ ਅੰਮ੍ਰਿਤਪਾਲ ਸਿੰਘ ਉਰਫ ਬਾਠ, ਗੁਰਜੰਟ ਸਿੰਘ ਭੋਲੂ ਹਵੇਲੀਆ, ਤਜਿੰਦਰ ਸਿੰਘ ਉਰਫ ਤੇਜੀ ਕਾਹਲੋਂ ਅਤੇ ਹਰਮਨ ਵੜੈਚ ਸਮੇਤ ਕੱਟੜ ਨਸ਼ਾ ਤਸਕਰਾਂ ਨਾਲ ਵੀ ਸਬੰਧ ਦੱਸੇ ਜਾ ਰਹੇ ਹਨ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਨਾਜ਼ ਸਿੰਘ 28 ਦਸੰਬਰ 2024 (ਐੱਫ਼ਆਈਆਰ ਨੰਬਰ 232) ਯੂ/ਐਸ 111 (3) ਬੀਐਨਐਸ, 25 (1) (6) ਆਰਮਜ਼ ਐਕਟ, ਥਾਣਾ ਸਦਰ ਤਰਨਤਾਰਨ ਵਿਖੇ ਦਰਜ ਹੋਏ ਇੱਕ ਕੇਸ 'ਚ ਵੀ ਲੋੜੀਂਦਾ ਹੈ। ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਤਰਨਤਾਰਨ ਪੁਲਸ ਵੱਲੋਂ 26 ਅਕਤੂਬਰ ਤੋਂ 25 ਮਾਰਚ, 2015 ਤੱਕ ਪਿਛਲੀ ਬਰਾਮਦਗੀ ਅਤੇ ਗ੍ਰਿਫਤਾਰੀਆਂ
ਪੁਲਸ ਨੇ ਨਸ਼ਾ ਤਸਕਰੀ ਦੇ 17 ਕੇਸ ਦਰਜ ਕਰਕੇ 25 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 13 ਪਿਸਤੌਲ ਅਤੇ 24 ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਹੋਇਆ ਹੈ। ਤਰਨਤਾਰਨ ਪੁਲਸ ਨੇ 26 ਅਕਤੂਬਰ ਤੋਂ 9 ਮਾਰਚ, 2025 ਤੱਕ ਫਿਰੌਤੀ ਅਤੇ ਫਿਰੌਤੀ ਦੀਆਂ ਕਾਲਾਂ ਦੇ 15 ਕੇਸ ਟਰੇਸ ਕੀਤੇ ਹਨ। ਪੁਲਸ ਨੇ ਹੁਣ ਤੱਕ 52 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਮੇਂ ਦੌਰਾਨ ਐੱਨਡੀਪੀਐੱਸ ਐਕਟ ਤਹਿਤ 125 ਕੇਸ ਦਰਜ ਕੀਤੇ ਗਏ ਹਨ ਅਤੇ 145 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਹੁਣ ਤੱਕ 34.197 ਕਿਲੋ ਹੈਰੋਇਨ, 4.166 ਕਿਲੋ ਅਫੀਮ, 0.012 ਕਿਲੋ ਗਾਂਜਾ, 0.218 ਕਿਲੋ ਸੁਲਫਾ, 11594 ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ। ਪੁਲਿਸ ਨੇ 2,29,700 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਸ ਨੇ ਇਸ ਦੌਰਾਨ 29 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8