ਲੀਡਰਾਂ ਦੇ ਖਰਚੇ 'ਤੇ ਲੱਗੇਗਾ ਟੋਲ ਟੈਕਸ, ਚੋਣ ਖਰਚੇ ਦਾ ਨਿਕਲੇਗਾ ਧੂੰਆਂ (ਵੀਡੀਓ)
Sunday, Apr 28, 2019 - 01:12 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) : ਚੋਣਾਂ ਤੱਕ ਲੀਡਰਾਂ ਦੇ ਕਾਫਿਲੇ ਦੀਆਂ ਗੱਡੀਆਂ ਫ੍ਰੀ 'ਚ ਟੋਲ ਪਲਾਜ਼ਾ ਪਾਰ ਨਹੀਂ ਕਰ ਸਕਣਗੀਆਂ। ਕਿਉਂਕਿ ਟੋਲ ਪਲਾਜ਼ਾ ਨੇ 19 ਮਈ ਤੱਕ ਵੀ.ਆਈ.ਪੀ. ਗੱਡੀਆਂ ਦੀ ਲਿਸਟ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਯਾਨੀ ਕਿ ਹੁਣ ਨੇਤਾਵਾਂ ਦੇ ਕਾਫਿਲੇ 'ਚ ਸ਼ਾਮਲ ਸਾਰੀਆਂ ਗੱਡੀਆਂ 'ਤੇ ਟੋਲ ਦੀ ਪਰਚੀ ਕਟਵਾਉਣੀ ਪਵੇਗੀ। ਫਿਰੋਜ਼ਪੁਰ ਤੋਂ ਫਾਜ਼ਿਲਕਾ ਤੱਕ ਦੇ ਰਸਤੇ 'ਚ 2 ਟੋਲ ਪਲਾਜ਼ਾ ਆਉਂਦੇ ਨੇ, ਜੋ ਲੋਕ ਸਭਾ ਉਮੀਦਵਾਰਾਂ ਦੇ ਖਰਚੇ ਦਾ ਧੂੰਆਂ ਕੱਢਣ ਲਈ ਤਿਆਰ ਬੈਠੇ ਹਨ।
ਟੋਲ ਪਲਾਜ਼ਾ ਦੇ ਇਸ ਕਦਮ 'ਤੇ ਜਦੋਂ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਹਦਾਇਤ ਕਰੇਗਾ ਤਾਂ ਟੋਲ ਖਰਚੇ ਨੂੰ ਚੋਣ ਖਰਚੇ 'ਚ ਜੋੜਿਆ ਜਾਵੇਗਾ, ਜਦਕਿ ਭਾਜਪਾ ਆਗੂ ਸੁਰਜੀਤ ਜਿਆਣੀ ਨੇ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਦਾ ਟੋਲ ਵਾਲਿਆਂ ਨਾਲ ਲਿਹਾਜ਼ ਹੈ ਉਹ ਫ੍ਰੀ ਗੱਡੀਆਂ ਕੱਢ ਲੈਣਗੇ। ਉਧਰ ਪ੍ਰਸ਼ਾਸਨ ਵਲੋਂ ਵੀ ਉਮੀਦਵਾਰਾਂ ਦੇ ਖਰਚੇ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਦੱਸ ਦੇਈਏ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਹਰ ਉਮੀਦਵਾਰ 70 ਲੱਖ ਰੁਪਏ ਦਾ ਖਰਚ ਕਰ ਸਕਦਾ ਹੈ ਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਟੋਲ ਪਲਾਜ਼ਾ ਦਾ ਇਹ ਕਦਮ ਉਮੀਦਵਾਰਾਂ ਦੇ ਚੋਣ ਖਰਚੇ ਦਾ ਧੂੰਆਂ ਕੱਢ ਦੇਵੇਗਾ।