‘ਸਰਕਾਰੀ ਅਧਿਕਾਰੀਆਂ ਦੇ ਵਾਂਗ ਲਾਭਪਾਤਰੀਆਂ ਦੀ ਬਾਇਓਮੀਟਰਿਕ ਵੀ ਹੋਵੇ ਬੰਦ’
Friday, Mar 06, 2020 - 05:31 PM (IST)
ਫਾਜ਼ਿਲਕਾ (ਨਾਗਪਾਲ) - ਕੋਰੋਨਾ ਵਾਇਰਸ ਦੇ ਚਲਦਿਆਂ ਬਚਾਅ ਲਈ ਪੰਜਾਬ ਸਰਕਾਰ ਵਲੋਂ ਕੁਝ ਆਦੇਸ਼ ਜਾਰੀ ਕਰਕੇ ਸੂਬੇ ਦੇ ਸਮੂਹ ਸਰਕਾਰੀ ਅਦਾਰਿਆਂ ’ਚ ਬਾਇਓਮੀਟਰਿਕ ਰਾਹੀਂ ਹਾਜ਼ਰੀ ਲਾਉਣ ’ਤੇ ਪਾਬੰਦੀ ਲੱਗਾ ਦੇਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਰਾਣੀ ਪ੍ਰਥਾ ਦੇ ਤਹਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਆਦਿ ਦੀ ਹਾਜ਼ਰੀ ਲਗਵਾਉਣ ਦੀ ਤਾਕੀਦ ਕੀਤੀ ਹੈ। ਦੱਸ ਦੇਈਏ ਕਿ ਅਜਿਹੀ ਕਾਰਵਾਈ ਕੋਰੋਨਾ ਵਾਇਰਸ ਦੇ ਬਚਾਅ ਲਈ ਬਹੁਤ ਜ਼ਰੂਰੀ ਹੈ। ਦੂਜੇ ਪਾਸੇ ਫਾਜ਼ਿਲਕਾ ’ਚ ਵੀ ਅੱਜ ਨੀਲੇ ਕਾਰਡ ਵਾਲਿਆਂ ਵਲੋਂ ਬਾਇਓਮੀਟਰਿਕ ਪੰਚ ਦੇ ਖਿਲਾਫ ਆਵਾਜ਼ ਚੁੱਕੀ ਗਈ। ਉਕਤ ਲੋਕਾਂ ਨੇ ਦੱਸਿਆ ਕਿ ਰਾਸ਼ਨ ਲੈਣ ਤੋਂ ਪਹਿਲਾਂ ਉਨ੍ਹਾਂ ਕੋਲੋਂ ਵੀ ਬਾਇਓਮੀਟਰਿਕ ਪੰਚ ਕਰਵਾਇਆ ਜਾਂਦਾ ਹੈ, ਜਿਸ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ, ਕਿਉਂਕਿ ਸਾਡੀ ਜਾਨ ਵੀ ਅਧਿਕਾਰੀਆਂ ਦੀਆਂ ਜਾਨਾਂ ਵਾਂਗ ਕੀਮਤੀ ਹੈ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲਾਭਪਾਤਰੀਆਂ ਨੇ ਕਿਹਾ ਕਿ ਸਰਕਾਰ ਨੂੰ ਕੁਝ ਸਮੇਂ ਲਈ ਬਾਇਓਮੀਟਰਿਕ ’ਤੇ ਰੋਕ ਲਗਾ ਦੇਣੀ ਚਾਹੀਦੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ਦਾ ਬਚਾਅ ਹੋਰ ਵੱਧ ਸਕੇ। ਇਸ ਮਾਮਲੇ ਦੇ ਸਬੰਧ ’ਚ ਜਦੋਂ ਡਿਪੂ ਮਾਲਕ ਅਜੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ’ਚ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਹੁਤ ਜਲਦ ਇਸ ਦਾ ਹੱਲ ਕੱਢਣ ਦਾ ਵਿਸ਼ਵਾਸ਼ ਦਵਾਇਆ। ਦੂਜੇ ਪਾਸੇ ਫਾਜ਼ਿਲਕਾ ਦੇ ਐੱਸ.ਡੀ.ਐੱਮ. ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਦੇ ਸਬੰਧ ’ਚ ਫਾਜ਼ਿਲਕਾ ਦੇ ਡੀ.ਸੀ. ਨੂੰ ਪੱਤਰ ਜ਼ਰੂਰ ਲਿਖਣਗੇ, ਜੋ ਉਨ੍ਹਾਂ ਦੀ ਇਸ ਸਮੱਸਿਆਂ ਨੂੰ ਸਰਕਾਰ ਕੋਲ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਆਂ ਨੂੰ ਉਮੀਦ ਹੈ ਕਿ ਬਹੁਤ ਜਲਦ ਬਾਇਓਮੀਟਰਿਕ ਪੰਚ ਦਾ ਹੱਲ ਕੱਢਿਆ ਜਾਏਗਾ।