ਕੜਾਕੇ ਦੀ ਗਰਮੀ ''ਚ ਨਿੱਜੀ ਸਕੂਲ ਦੀ ਵੈਨ ਨੂੰ ਚਾਲਕ ਨੇ ਬੱਚਿਆਂ ਤੋਂ ਲੁਆਇਆ ਧੱਕਾ, ਕੁਝ ਹੋਏ ਬੇਹੋਸ਼

04/29/2018 10:56:01 AM

ਜਲੰਧਰ (ਮਹੇਸ਼)— ਸ਼ਨੀਵਾਰ ਨੂੰ ਕੜਕਦੀ ਧੁੱਪ ਅਤੇ ਕਹਿਰ ਦੀ ਗਰਮੀ ਦੌਰਾਨ ਡਿਫੈਂਸ ਕਾਲੋਨੀ ਸਥਿਤ ਇਕ ਨਿੱਜੀ ਸਕੂਲ ਦੀ ਖਸਤਾ ਹਾਲਤ ਵੈਨ 'ਚ ਅਚਾਨਕ ਖਰਾਬੀ ਆ ਗਈ। ਇਸ ਦੌਰਾਨ ਚਾਲਕ ਵੱਲੋਂ ਵੈਨ 'ਚ ਸਵਾਰ ਬੱਚਿਆਂ ਕੋਲੋਂ ਧੱਕਾ ਲੁਆਉਣ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਮੁਤਾਬਕ ਉਕਤ ਸਕੂਲੀ ਵੈਨ ਜਦੋਂ ਛੁੱਟੀ ਹੁੰਦੇ ਹੀ ਬੱਚਿਆਂ ਨੂੰ ਘਰ ਛੱਡਣ ਲਈ ਨਿਕਲੀ ਤਾਂ ਖਾਲਸਾ ਕਾਲਜ ਫਲਾਈਓਵਰ 'ਤੇ ਚੜ੍ਹਦਿਆਂ ਹੀ ਬੰਦ ਹੋ ਗਈ। ਚਾਲਕ ਨੇ ਕਾਫੀ ਕੋਸ਼ਿਸ਼ ਕੀਤੀ ਪਰ ਸਟਾਰਟ ਨਾ ਹੋਣ ਕਾਰਨ ਉਸ ਨੂੰ ਬੱਚਿਆਂ ਤੋਂ ਧੱਕਾ ਲੁਆਉਣਾ ਪਿਆ, ਜਿਸ ਤੋਂ ਬਾਅਦ ਵੈਨ ਇਕ ਵਾਰ ਤਾਂ ਚੱਲ ਪਈ ਪਰ ਬੀ. ਐੱਮ. ਸੀ. ਚੌਕ ਤੱਕ ਹੀ ਪਹੁੰਚਣ 'ਤੇ ਮੁੜ ਬੰਦ ਹੋ ਗਈ। ਗਰਮੀ ਜ਼ਿਆਦਾ ਹੋਣ ਕਾਰਨ ਕੁਝ ਬੱਚੇ ਤਾਂ ਬੇਸੁੱਧ ਜਿਹੇ ਹੋ ਗਏ। ਘਬਰਾਹਟ ਮਹਿਸੂਸ ਕਰ ਰਹੇ ਬੱਚਿਆਂ ਨੂੰ ਟ੍ਰੈਫਿਕ ਪੁਲਸ ਨੇ ਸੰਭਾਲਿਆ: ਸਕੂਲੀ ਵੈਨ ਨੂੰ ਬੀ. ਐੱਮ. ਸੀ. ਚੌਕ 'ਚ ਆਈ ਖਰਾਬੀ ਕਾਰਨ ਵੈਨ ਤੋਂ ਬਾਹਰ ਰੋਂਦੇ ਅਤੇ ਬੇਸੁੱਧ ਬੱਚਿਆਂ ਨੂੰ ਦੇਖ ਕੇ ਉੱਥੇ ਤਾਇਨਾਤ ਟ੍ਰੈਫਿਕ ਪੁਲਸ ਕਰਮਚਾਰੀ ਉਨ੍ਹਾਂ ਕੋਲ ਪਹੁੰਚੇ। ਟ੍ਰੈਫਿਕ ਕਰਮਚਾਰੀਆਂ ਨੇ ਬੱਚਿਆਂ ਨੂੰ ਛਾਂ ਹੇਠ ਬਿਠਾ ਕੇ ਉਨ੍ਹਾਂ ਨੂੰ ਪਾਣੀ ਪਿਲਾਇਆ ਅਤੇ ਹੋਰ ਆਟੋ ਦਾ ਪ੍ਰਬੰਧ ਕਰਕੇ ਘਰਾਂ ਤਕ ਪਹੁੰਚਾਇਆ।

PunjabKesari
ਕੀ ਕਿਹਾ ਏ. ਸੀ. ਪੀ. ਭੱਲਾ ਨੇ : ਏ. ਸੀ. ਪੀ. ਟ੍ਰੈਫਿਕ ਹਰਬਿੰਦਰ ਸਿੰਘ ਭੱਲਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉਹ ਸਕੂਲ ਮੈਨੇਜਮੈਂਟ ਨਾਲ ਸੋਮਵਾਰ ਨੂੰ ਖੁਦ ਗੱਲ ਕਰਨਗੇ। ਉਹ ਪਹਿਲਾਂ ਤੋਂ ਹੀ ਦਿਸ਼ਾ-ਨਿਰਦੇਸ਼ ਦੇ ਚੁੱਕੇ ਹਨ ਕਿ ਕਿਸੇ ਵੀ ਸਕੂਲ ਦੇ ਕੰਡਮ ਵਾਹਨ ਨੂੰ ਸੜਕਾਂ 'ਤੇ ਚਲਾਉਣ ਨਹੀਂ ਦਿੱਤਾ ਜਾਵੇਗਾ ਪਰ ਇਸਦੇ ਬਾਵਜੂਦ ਵੀ ਆਪਣੀ ਮਨਮਰਜ਼ੀ ਤੋਂ ਬਾਜ਼ ਨਹੀਂ ਆ ਰਹੇ। ਅਜਿਹੇ ਸਕੂਲੀ ਵਾਹਨਾਂ ਦੇ ਚਾਲਕਾਂ 'ਤੇ ਸ਼ਿਕੰਜਾ ਕੱਸਣ ਲਈ ਟ੍ਰੈਫਿਕ ਪੁਲਸ ਨੂੰ ਮਜਬੂਰ ਹੋਣਾ ਪਵੇਗਾ।

PunjabKesari
ਸਬੰਧਤ ਪੁਲਸ ਸਟੇਸ਼ਨ 'ਚ ਨਹੀਂ ਪੁੱਜੀ ਸ਼ਿਕਾਇਤ : ਨਿਊ ਡਿਫੈਂਸ ਕਾਲੋਨੀ ਤੇ ਖਾਲਸਾ ਕਾਲਜ ਫਲਾਈਓਵਰ ਦਾ ਏਰੀਆ ਥਾਣਾ ਨਵੀਂ ਬਾਰਾਂਦਰੀ ਵਿਚ ਆਉਂਦਾ ਹੈ ਪਰ ਪੁਲਸ ਕੋਲ ਸਕੂਲੀ ਵੈਨ ਵਿਚ ਆਈ ਖਰਾਬੀ ਅਤੇ ਬੱਚਿਆਂ ਤੋਂ ਲੁਆਏ ਧੱਕੇ ਨੂੰ ਲੈ ਕੇ ਕੋਈ ਵੀ ਸ਼ਿਕਾਇਤ ਥਾਣੇ ਵਿਚ ਨਹੀਂ ਆਈ ਹੈ। ਐੱਸ. ਐੱਚ. ਓ. ਬਲਬੀਰ ਸਿੰਘ ਨੇ ਕਿਹਾ ਹੈ ਕਿ ਜੇਕਰ ਇਸ ਸਬੰਧੀ ਉਨ੍ਹਾਂ ਨੂੰ ਕੋਈ ਲਿਖਤ ਸ਼ਿਕਾਇਤ ਆਉਂਦੀ ਹੈ ਤਾਂ ਉਹ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਬਾਅਦ ਬਣਦੀ ਕਾਰਵਾਈ ਜ਼ਰੂਰ ਕਰਨਗੇ।


Related News