ਰਿਸ਼ਤੇ ਹੋਏ ਤਾਰ-ਤਾਰ ਨਸ਼ੇੜੀ ਪੁੱਤ ਨੇ ਪਿਓ ਮਾਰਿਆ

10/15/2016 2:56:01 PM

ਦਿੜ੍ਹਬਾ ਮੰਡੀ (ਸਰਾਓ) : ਅੱਜਕਲ ਜਿੱਥੇ ਮਨੁੱਖੀ ਸਮਾਜ ਵਿਚ ਇੱਕਲਾਪੇ ਦਾ ਸ਼ਿਕਾਰ ਹੋਏ ਲੋਕਾਂ ਵਿਚ ਇਕ ਦੂਜੇ ਪ੍ਰਤੀ ਪਿਆਰ ਸਤਿਕਾਰ ਦੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ, ਉੱਥੇ ਹੀ ਮਨੁੱਖ ਦਾ ਕਿਰਦਾਰ ਇੰਨਾ ਨੀਂਵਾਂ ਹੋ ਗਿਆ ਹੈ ਕਿ ਉਹ ਆਪਣੇ ਖੂਨ ਦੇ ਰਿਸ਼ਤਿਆਂ ਦਾ ਵੀ ਪਿਆਸਾ ਹੋ ਗਿਆ ਹੈ। ਅਜਿਹੀ ਹੀ ਇਕ ਦਰਦਨਾਕ ਘਟਨਾ ਨਜ਼ਦੀਕੀ ਪਿੰਡ ਖਨਾਲ ਕਲਾਂ ਵਿਚ ਵਾਪਰੀ ਜਦੋਂ ਇਕ ਨਸ਼ੇੜੀ ਪੁੱਤ ਨੇ ਫੋਕੀ ਹੈਕੜ ਵਿਚ ਆ ਕੇ ਆਪਣੇ ਪਿਓ ਦੇ ਸਿਰ ਵਿਚ ਸੋਟਾ ਮਾਰ ਕੇ ਕਤਲ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਮੁਤਾਬਿਕ ਸੂਰਜ ਮੱਲ ਪੁੱਤਰ ਭਜਨ ਸਿੰਘ ਆਪਣੇ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਸਫਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ ਤੇ ਸ਼ੁਕਰਵਾਰ ਨੂੰ ਉਸਨੇ ਆਪਣੇ ਨੌਜਵਾਨ ਪੁੱਤਰ ਬਲਵੀਰ ਸਿੰਘ ਨੂੰ ਨਸ਼ੇ ਦੀ ਲੋਰ ਵਿਚੋਂ ਬਾਹਰ ਕੱਢ ਕੇ ਕੋਈ ਕੰਮ ਧੰਦਾ ਕਰਕੇ ਆਪਣਾ ਹੱਥ ਵਟਾਉਣ ਲਈ ਕਿਹਾ, ਜਿਸ ''ਤੇ ਗੁੱਸੇ ''ਚ ਆਏ ਬਲਵੀਰ ਸਿੰਘ ਨੇ ਚੌਂਕੇ ''ਚ ਪਿਆ ਸੋਟਾ ਚੁੱਕ ਕੇ ਆਪਣੇ ਪਿਤਾ ਸੂਰਜ ਮੱਲ ਦੇ ਸਿਰ ਵਿਚ ਦੇ ਮਾਰਿਆ। ਇਸ ਨਾਲ ਸੂਰਜ ਮੱਲ ਦੀ ਮੌਕੇ ''ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਜਿੱਥੇ ਸਾਰਾ ਪਿੰਡ ਬਲਵੀਰ ਦੀ ਨਿੰਦਾ ਕਰ ਰਿਹਾ ਹੈ, ਉੱਥੇ ਹੀ ਥਾਣਾ ਦਿੜ੍ਹਬਾ ਦੇ ਇੰਸਪੈਕਟਰ ਐੱਚ. ਐੱਸ. ਚੀਮਾ ਨੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News