ਵਾਸ਼ਿੰਗਟਨ ਦੀ 16 ਸਾਲਾ ਕੁੜੀ ਨੇ ਫਾਦਰਸ ਡੇਅ ਮਨਾਉਣ ਦੀ ਕੀਤੀ ਸ਼ੁਰੂਆਤ
Sunday, Jun 21, 2020 - 02:58 PM (IST)
ਗੁਰੂਹਰਸਹਾਏ (ਆਵਲਾ): ਪਿਤਾ ਦਿਵਸ ਮਨਾਉਣ ਦੀ ਸ਼ੁਰੂਆਤ 1909 ਵਿਚ ਹੋਈ ਸੀ। ਵਾਸ਼ਿੰਗਟਨ ਦੀ ਸੋਨੋਰਾ ਲੁਈਸ ਸਮਾਰਟ ਡਾਡ ਨਾਂ ਦੀ 16 ਸਾਲਾਂ ਦੀ ਕੁੜੀ ਨੇ ਫਾਦਰਸ ਡੇਅ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਦਰਅਸਲ ਜਦੋਂ ਲੁਈਸ 16 ਸਾਲ ਦੀ ਸੀ ਤਾਂ ਉਸ ਦੀ ਮਾਂ ਲੁਈਸ ਸਮੇਤ ਉਸ ਦੇ ਪੰਜ ਛੋਟੇ ਭਰਾਵਾਂ ਨੂੰ ਛੱਡ ਕੇ ਚਲੀ ਗਈ ਸੀ।
ਇਹ ਵੀ ਪੜ੍ਹੋ: ਭਾਰਤ-ਚੀਨ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਲਈ ਸੂਬਾ ਸਰਕਾਰ ਦਾ ਅਹਿਮ ਐਲਾਨ
ਇਸ ਤੋਂ ਬਾਅਦ ਸੋਨੋਰਾ ਅਤੇ ਉਸ ਦੇ ਭਰਾਵਾਂ ਦੀ ਜ਼ਿੰਮੇਵਾਰੀ ਉਸ ਦੇ ਪਿਤਾ 'ਤੇ ਆ ਗਈ।1909 'ਚ ਜਦੋਂ ਉਹ ਮਦਰਸ ਡੇਅ ਬਾਰੇ ਸੁਣ ਰਹੀ ਸੀ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਇਕ ਦਿਨ ਪਿਤਾ ਦੇ ਨਾਂ ਵੀ ਹੋਣਾ ਚਾਹੀਦਾ ਹੈ।ਇਸ ਤਰ੍ਹਾਂ ਫਾਦਰਸ ਦਿਵਸ ਦੀ ਸ਼ੁਰੂਆਤ ਹੋਈ।ਪਿਤਾ ਦਿਵਸ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ ।ਹੌਲੀ-ਹੌਲੀ ਫਾਦਰਸ ਡੇਅ ਮਨਾਉਣ ਦਾ ਰੁਝਾਨ ਪੂਰੀ ਦੁਨੀਆ ਵਿਚ ਫੈਲ ਗਿਆ। ਹੁਣ ਹਰ ਘਰ 'ਚ ਫਾਦਰਸ ਡੇਅ ਬਹੁਤ ਪਿਆਰ ਨਾਲ ਮਨਾਇਆ ਜਾਂਦਾ ਹੈ।ਇਹ ਜਾਣਕਾਰੀ ਦਿੰਦਿਆਂ ਹੋਇਆਂ ਸਮਾਜਸੇਵੀ ਸੰਦੀਪ ਕੰਬੋਜ ਗੋਲੂ ਕਾ ਮੋੜ ਨੇ ਕਿਹਾ ਕਿ ਜੇਕਰ ਮਾਂ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ ਤਾਂ ਪਿਤਾ ਵੀ ਧੁੱਪ-ਛਾਂ, ਗਰਮੀ-ਸਰਦੀ ਸਹਿ ਕੇ, ਦਿਨ ਰਾਤ ਮਿਹਨਤ ਕਰਕੇ ਪਰਿਵਾਰ ਲਈ ਰੋਜ਼ੀ-ਰੋਟੀ ਦਾ ਇੰਤਜ਼ਾਮ ਕਰਦਾ ਹੈ।ਹਰ ਪਿਤਾ ਆਪਣੇ ਬੱਚਿਆਂ ਲਈ ਚੰਗਾ ਘਰ, ਚੰਗਾ ਪਹਿਰਾਵਾ,ਚੰਗੇ ਰਹਿਣ-ਸਹਿਣ ਲਈ ਸੁਖ-ਸਹੂਲਤਾਂ ਦਾ ਉੱਚਿਤ ਪ੍ਰਬੰਧ ਕਰਨ ਲਈ ਆਪਣੀ ਪੂਰੀ ਵਾਹ ਲਾ ਦਿੰਦਾ ਹੈ।ਆਪ ਉਹ ਸਾਈਕਲ 'ਤੇ ਸਾਰੀ ਉਮਰ ਕੱਟ ਲੈਂਦਾ ਹੈ ਪਰ ਬੱਚਿਆਂ ਲਈ ਸੁਖ ਦੇਣ ਵਾਲੇ ਸਾਧਨਾਂ ਲਈ ਪੂਰੀ ਮਿਹਨਤ ਕਰਦਾ ਹੈ। ਉਹ ਆਪਣੇ ਬੱਚਿਆਂ ਲਈ ਆਪਣੀਆਂ ਭਾਵਨਾਵਾਂ, ਆਪਣੇ ਸੁਫ਼ਨੇ ਤੱਕ ਤਿਆਗ ਦਿੰਦਾ ਹੈ । ਉਹ ਬੱਚਿਆਂ ਦੇ ਵੇਖੇ ਸੁਫ਼ਨੇ ਵੀ ਬਿਨਾਂ ਦੱਸੇ ਹੀ ਪੂਰੇ ਕਰਨ ਲਈ ਜ਼ੋਰ ਲਾ ਦਿੰਦਾ ਹੈ।
ਇਹ ਵੀ ਪੜ੍ਹੋ: ਫਿਲਮੀ ਅਦਾਕਾਰ ਸਰਦਾਰ ਸੋਹੀ ਝੋਨਾ ਲਗਾਉਣ ਲਈ ਖੇਤਾਂ ਦਾ ਪੁੱਤ ਬਣ ਕੇ ਨਿੱਤਰਿਆ
ਦਰਅਸਲ ਉਹ ਆਪਣੇ ਲਈ ਨਹੀਂ ਬਲਕਿ ਸੁਫ਼ਨੇ ਵੀ ਆਪਣੇ ਬੱਚਿਆਂ ਲਈ ਹੀ ਵੇਖਦਾ ਹੈ।ਜ਼ਮੀਨ ਕੀ ਉਹ ਆਪਣਾ-ਆਪ ਵੇਚ ਕੇ ਵੀ ਬੱਚੇ ਬਾਹਰਲੇ ਦੇਸ਼ ਭੇਜਦਾ ਹੈ।ਉਹ ਆਪ ਅਨਪੜ੍ਹ ਰਹਿ ਕੇ ਬੱਚਿਆਂ ਨੂੰ ਜ਼ਮੀਨਾਂ ਗਹਿਣੇ ਪਾ ਕੇ ਜਾਂ ਕਰਜ਼ੇ ਚੁੱਕ ਕੇ ਵੀ ਪੜ੍ਹਾ-ਲਿਖਾ ਦਿੰਦਾ ਹੈ। ਪਿਤਾ ਤਾਂ ਇਕ ਮਾਲੀ ਦੀ ਤਰ੍ਹਾਂ ਹੁੰਦਾ ਹੈ ਉਹ ਆਪਣੇ ਬਗੀਚੇ ਦੇ ਸੁੰਦਰ ਫੁੱਲਾਂ ਨੂੰ ਸਦਾ ਖਿੜੇ ਵੇਖਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਉਸਦੇ ਬੱਚੇ ਪੜ੍ਹ ਲਿਖ ਕੇ ਉਸਦੇ ਖਾਨਦਾਨ ਦਾ ਨਾਂ ਉੱਚਾ ਕਰਨ। ਜੋ ਜ਼ਿੰਮੇਵਾਰੀ ਇਕੱਲਾ ਪਿਤਾ ਆਪਣੇ ਬੱਚਿਆਂ ਪ੍ਰਤੀ ਨਿਭਾ ਸਕਦਾ ਹੈ, ਉਹ ਕਿੰਨੇ ਵੀ ਚਾਚੇ-ਤਾਏ ਮਿਲ ਕੇ ਨਿਭਾਉਣ ਦੀ ਕੋਸ਼ਿਸ਼ ਕਰਨ, ਫਿਰ ਵੀ ਨਹੀਂ ਨਿਭਾ ਸਕਦੇ। ਜੇ ਨਿਭਾ ਵੀ ਦੇਣ ਤਾਂ ਉਹ ਖੁਸ਼ੀ ਜਾਂ ਸਕੂਨ ਪ੍ਰਾਪਤ ਨਹੀਂ ਕਰ ਸਕਦੇ ਜੋ ਇੱਕ ਪਿਤਾ ਆਪਣੇ ਬੱਚਿਆਂ ਪ੍ਰਤੀ ਫਰਜ਼ ਨੂੰ ਪੂਰਾ ਕਰਕੇ ਪ੍ਰਾਪਤ ਕਰਦਾ ਹੈ।ਦੁਖਾਂਤ ਇਹ ਹੈ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਪਿਤਾ ਨੂੰ ਜ਼ਮੀਨਾਂ-ਜ਼ਾਇਦਾਦਾਂ ਜਾਂ ਪੈਨਸ਼ਨ ਦੇਣ ਤੱਕ ਹੀ ਸੀਮਿਤ ਸਮਝਿਆ ਜਾਂਦਾ ਹੈ।
ਇਹ ਵੀ ਪੜ੍ਹੋ:ਮਲੋਟ ਦੇ 22 ਸਾਲਾ ਨੌਜਵਾਨ ਦੀ ਕੈਨੇਡਾ 'ਚ ਹੋਈ ਮੌਤ
ਅੱਜ ਦੇ ਜ਼ਮਾਨੇ ਵਿੱਚ ਪਿਤਾ ਦੇ ਗਲ ਪੈਣਾ ਤਾਂ ਆਮ ਗੱਲ ਹੈ ਇੱਥੇ ਜ਼ਮੀਨ-ਜ਼ਾਇਦਾਦਾਂ ਲਈ ਪਿਉ ਦਾ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਜਿਸ ਬਾਪ ਕੋਲ ਬੁਢਾਪੇ ਵਿੱਚ ਜ਼ਮੀਨ,ਜ਼ਾਇਦਾਦ ਜਾਂ ਪੈਨਸ਼ਨ ਨਹੀਂ ਹੈ ਉਸਦਾ ਬੁਢਾਪਾ ਰੁਲ੍ਹ ਜਾਂਦਾ ਹੈ ।ਔਲਾਦ ਉਸਨੂੰ ਇੱਕ ਡੰਗ ਦੀ ਰੋਟੀ ਵੀ ਨਹੀਂ ਦਿੰਦੀ।ਉਹ ਆਸ਼ਰਮਾਂ ਵਿੱਚ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਕੱਟਣ ਲਈ ਮਜ਼ਬੂਰ ਹੁੰਦਾ ਹੈ। ਜੋ ਪਿਤਾ ਆਪਣੀਆਂ ਸਾਰੀਆਂ ਜ਼ਮੀਨਾਂ-ਜ਼ਾਇਦਾਦਾਂ ਵੇਚ ਕੇ, ਕਰਜ਼ੇ ਚੁੱਕ ਆਪਣੀ ਔਲਾਦ ਨੂੰ ਵਿਦੇਸ਼ ਭੇਜਦਾ ਹੈ; ਉਹ ਔਲਾਦ ਮੁੜ ਕਦੀ ਉਸਦਾ ਹਾਲ ਤੱਕ ਵੀ ਨਹੀਂ ਪੁੱਛਦੀ।ਜ਼ਮੀਨ ਗਹਿਣੇ ਪਾ ਕੇ ਕਈ ਅਫ਼ਸਰ ਬਣੇ ਧੀ-ਪੁੱਤ ਬਾਪ ਦੀ ਬੁਢਾਪੇ ਵਿੱਚ ਸੇਵਾ ਕਰਨ ਤੋ ਕੰਨੀ ਕਤਰਾਉਦੇ ਹਨ।
ਕੌੜਾ ਸੱਚ ਹੈ ਕਿ ਪਿਤਾ ਦੇ ਪਿਆਰ-ਸਤਿਕਾਰ ਨੂੰ ਸਿਰਫ 'ਪਿਤਾ ਦਿਵਸ' ਉੱਤੇ ਮੀਡੀਆ ਜਾਂ ਸੋਸ਼ਲ ਮੀਡੀਆ ਉੱਪਰ ਪਿਤਾ ਨਾਲ ਫੋਟੋਆਂ ਪਾ ਕੇ ਪੋਸਟ ਪਾਉਣ ਤੱਕ ਸੀਮਿਤ ਸਮਝਿਆ ਜਾਂਦਾ ਹੈ ।ਪਿਤਾ ਦਾ ਇਹ ਰਿਸ਼ਤਾ ਕਿਸੇ ਖ਼ਾਸ ਦਿਵਸ ਦੇ ਵੱਜੋਂ ਮਨਾਉਣ ਨਾਲੋਂ ਹਰ ਦਿਵਸ ਹੀ ਪਿਤਾ ਦਿਵਸ ਵੱਜੋਂ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਮਾਪਿਆਂ ਦਾ ਆਪਣੇ ਬੱਚਿਆਂ ਉਤੇ ਭਰੋਸਾ ਕਦੇ ਵੀ ਡਗਮਗਾਏ ਨਾ ਅਤੇ ਉਹਨਾਂ ਦੇ ਬੱਚੇ ਉਹਨਾਂ ਲਈ ਸਾਰੀ ਉਮਰ ਇੱਕ ਸ਼ਕਤੀ ਬਣਕੇ ਉਹਨਾ ਨਾਲ ਮਿਲਜੁਲ ਕੇ ਰਹਿਣ। ਇਸ ਦਿਵਸ ਉਤੇ ਇਹ ਪ੍ਰਣ ਕੀਤਾ ਜਾਵੇ ਕਿ ਹਰ ਦਿਨ ਨੂੰ ਮਾਤਾ ਪਿਤਾ ਦੇ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਖੁਸ਼ੀਆਂ ਭਰੇ ਉਪਰਾਲੇ ਕੀਤੇ ਜਾਣ।ਮਾਂ-ਬਾਪ ਨੂੰ ਇਹ ਅਹਿਸਾਸ ਨਾ ਹੋਵੇ ਕਿ ਉਹ ਇਸ ਜੀਵਨ ਦੇ ਵਿੱਚ ਇਕੱਲੇ ਅਤੇ ਬੇਬਸ ਹਨ। ਇਸ ਲਈ ਆਉ ਅਸੀਂ ਸਾਰੇ ਇਸ ਮਾਂ-ਬਾਪ ਦਿਵਸ ਦੇ ਮੌਕੇ ਉਤੇ ਇਹ ਪ੍ਰਣ ਕਰੀਏ ਕਿ ਆਪਣੇ ਮਾਪਿਆਂ ਲਈ ਜਿਨਾਂ ਨੇ ਸਾਨੂੰ ਜੀਵਨ ਦਿੱਤਾ ਅਸੀਂ ਆਪਣੀ ਜਾਨ ਤੱਕ ਵੀ ਦੇ ਸਕੀਏ ਤਾਂ ਇਸ ਵਿੱਚ ਸਾਨੂੰ ਕਿਸੇ ਤਰਾਂ ਦੀ ਕੋਈ ਤਕਲੀਫ਼ ਨਾ ਹੋਵੇ ਅਤੇ ਸਾਰੇ ਬੱਚੇ ਆਪਣੇ ਮਾਪਿਆਂ ਨਾਲ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਨ।