ਤਲਵਾੜਾ ਤੋਂ ਆਈ ਦੁਖ਼ਦਾਇਕ ਖ਼ਬਰ, ਪਿਓ ਨੇ ਦੋ ਧੀਆਂ 'ਤੇ ਪੈਟਰੋਲ ਪਾ ਕੇ ਲਾਈ ਅੱਗ
03/30/2023 6:52:10 PM

ਤਲਵਾੜਾ (ਟੰਡਨ)- ਤਲਵਾੜਾ ਦੇ ਪਿੰਡ ਬੇੜਿੰਗ ਵਿਚ ਇਕ ਵਿਅਕਤੀ ਨੇ ਆਪਣੀਆਂ 16 ਅਤੇ 10 ਵਰ੍ਹਿਆਂ ਦੀਆਂ ਧੀਆਂ ਨੂੰ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਦੋਵੇਂ ਬੱਚੀਆਂ ਇਸ ਸਮੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹਨ। ਤਲਵਾੜਾ ਪੁਲਸ ਨੇ ਇਹ ਸ਼ਰਮਨਾਕ ਗੁਨਾਹ ਕਰਨ ਵਾਲੇ ਵਿੱਦਿਆ ਰਾਮ ਪੁੱਤਰ ਅਮਰਨਾਥ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਇਹ ਮਾਮਲਾ ਉਸ ਦੀ ਪਤਨੀ ਪੂਨਮ ਸ਼ਰਮਾ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ ਵਿਖੇ ਪ੍ਰੇਮੀ ਵੱਲੋਂ ਕਤਲ ਕੀਤੀ ਗਈ ਪ੍ਰੇਮਿਕਾ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ
ਆਪਣੇ ਬਿਆਨ ਵਿਚ ਪੂਨਮ ਸ਼ਰਮਾ ਨੇ ਦੱਸਿਆ ਕਿ ਉਸ ਦਾ ਪਤੀ ਟੀ. ਬੀ. ਦਾ ਮਰੀਜ਼ ਹੈ ਅਤੇ ਅਕਸਰ ਉਸ ਦੇ ਅਤੇ ਉਸਦੀਆਂ ਧੀਆਂ ਨਾਲ ਮੰਦੇ ਬੋਲ ਬੋਲਦਿਆਂ ਝਗੜਾ ਅਤੇ ਕੁੱਟਮਾਰ ਕਰਦਾ ਰਹਿੰਦਾ ਹੈ। 24 ਮਾਰਚ ਦੀ ਸ਼ਾਮ ਜਦੋਂ ਉਹ ਅੰਮ੍ਰਿਤਸਰ ਤੋਂ ਆਪਣੀ ਭੈਣ ਨੂੰ ਮਿਲ ਕੇ ਵਾਪਸ ਘਰ ਆਈ ਤਾਂ ਉਸ ਦੇ ਪਤੀ ਨੇ ਫਿਰ ਝਗੜਾ ਸ਼ੁਰੂ ਕਰ ਦਿੱਤਾ ਅਤੇ ਤੈਸ਼ ਵਿਚ ਆ ਕੇ ਉਸ ਦੇ ਪਤੀ ਨੇ ਪਹਿਲਾਂ ਉਸ ਨੂੰ ਚੁੱਲੇ ਵਿੱਚੋਂ ਲਕੜੀ ਕੱਢ ਕੇ ਮਾਰੀ ਅਤੇ ਬਾਅਦ ਵਿਚ ਉਸ ਦੀਆਂ ਬੇਟੀਆਂ ਸੰਚਿਤਾ ਸ਼ਰਮਾ, ਸਰਿਤਾ ਸ਼ਰਮਾ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਜਿਸ ਕਾਰਨ ਉਹ ਦੋਵੇਂ ਬੁਰੀ ਤਰਾਂ ਝੁਲਸ ਗਈਆਂ। ਉਨ੍ਹਾਂ ਨੂੰ ਪਹਿਲਾਂ ਤਲਵਾੜਾ, ਫਿਰ ਹੁਸ਼ਿਆਰਪੁਰ ਅਤੇ ਹੁਣ ਪੀ. ਜੀ. ਆਈ. ਚੰਡੀਗੜ੍ਹ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਥਾਣੇਦਾਰ ਰਣਵੀਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਵਾਪਰਿਆ ਦਰਦਨਾਕ ਹਾਦਸਾ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ 19 ਸਾਲਾ ਪੁੱਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।