ਰਿਸ਼ਤੇ ਹੋਏ ਤਾਰ-ਤਾਰ, ਦਾਜ ਲਈ ਸਹੁਰਾ, ਦਿਓਰ, ਭਤੀਜਾ ਤੇ ਵਿਚੋਲਾ ਕਰਦੇ ਰਹੇ ਵਿਆਹੁਤਾ ਨਾਲ ਜਬਰ-ਜ਼ਿਨਾਹ

Sunday, Mar 26, 2023 - 12:04 AM (IST)

ਰਿਸ਼ਤੇ ਹੋਏ ਤਾਰ-ਤਾਰ, ਦਾਜ ਲਈ ਸਹੁਰਾ, ਦਿਓਰ, ਭਤੀਜਾ ਤੇ ਵਿਚੋਲਾ ਕਰਦੇ ਰਹੇ ਵਿਆਹੁਤਾ ਨਾਲ ਜਬਰ-ਜ਼ਿਨਾਹ

ਸਾਹਨੇਵਾਲ (ਜ. ਬ.) : ਨਵ-ਵਿਆਹੀਆਂ ਨੂੰ ਦਾਜ ਲਈ ਕੁੱਟਣ ਮਾਰਨ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਦਾਜ ਦੇ ਲਾਲਚੀਆਂ ਵੱਲੋਂ ਤਿੰਨ ਮਹੀਨੇ ਪਹਿਲਾਂ ਵਿਆਹੀ ਆਪਣੀ ਨੂੰਹ ਨਾਲ ਕਥਿਤ ਜਬਰ-ਜ਼ਿਨਾਹ ਕਰਨ ਅਤੇ ਨਸ਼ੇ ਦੀਆਂ ਗੋਲੀਆਂ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਾਹਨੇਵਾਲ ਦੀ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਕੱਟਦੇ ਹੋਏ ਪੀੜਤ ਵਿਆਹੁਤਾ ਦੇ ਸਹੁਰੇ, ਦਿਓਰ, ਭਤੀਜੇ ਅਤੇ ਵਿਚੋਲੇ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਹੈ। ਮਹਾਨਗਰ ਦੇ ਗਿਆਸਪੁਰਾ ਇਲਾਕੇ ’ਚ ਰਹਿਣ ਵਾਲੀ ਪੀੜਤਾ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਉਸਦੀ ਮਾਤਾ ਨੇ ਭੂਆ ਦੇ ਕਹਿਣ ’ਤੇ ਕ੍ਰਿਸ਼ਨਾ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਕਿਰਾੜਾ, ਥਾਣਾ ਭਾਦਰਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਨਾਲ ਹੋਇਆ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਮਰਦਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਦੀ ਫਿਰੌਤੀ ਵਸੂਲਣ ਵਾਲਾ ਮਹਿਲਾ ਗਿਰੋਹ ਕਾਬੂ

ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸਦੇ ਸਹੁਰੇ ਰਾਮ ਸਿੰਘ, ਦਿਓਰ ਰਕੇਸ਼ ਸਿੰਘ ਅਤੇ ਨਣਾਨ ਦੇ ਲੜਕੇ ਕਮਲ ਤੇ ਵਿਚੋਲੇ ਓਂਕਾਰ ਸਿੰਘ ਨੇ ਹਮ-ਮਸ਼ਵਰਾ ਹੋ ਕੇ ਉਸ ਨੂੰ ਬੰਧਕ ਬਣਾ ਲਿਆ, ਜਿਨ੍ਹਾਂ ਨੇ ਦਾਜ ਦੀ ਮੰਗ ਕਰਦੇ ਹੋਏ ਪੀੜਤਾ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਦਾ ਦੋਸ਼ ਹੈ ਕਿ ਉਕਤ ਮੁਲਜ਼ਮਾਂ ਨੇ ਉਸਨੂੰ ਲਗਾਤਾਰ ਨਸ਼ੇ ਦੀਆਂ ਗੋਲੀਆਂ ਦਿੱਤੀਆਂ। ਉਕਤ ਮੁਲਜ਼ਮਾਂ ਨੇ ਪੀੜਤਾ ਦੇ ਖਾਤੇ ’ਚੋਂ 80 ਹਜ਼ਾਰ 800 ਰੁਪਏ ਵੀ ਕਢਵਾ ਲਏ। ਪੀੜਤਾ ਨੇ ਦੋਸ਼ ਲਾਇਆ ਕਿ ਉਕਤ ਮੁਲਜ਼ਮ ਲਗਾਤਾਰ ਉਸਦਾ ਸਰੀਰਕ ਅਤੇ ਮਾਨਸਿਕ ਸੋਸ਼ਣ ਕਰਦੇ ਰਹੇ।

ਮਾਂ ਨੇ ਬਚਾਈ ਬੇਟੀ ਦੀ ਜਾਨ

ਪੀੜਤਾ ਨੇ ਦੱਸਿਆ ਕਿ ਕਰੀਬ ਚਾਰ ਦਿਨ ਪਹਿਲਾਂ ਜਦੋਂ ਉਸਦੀ ਮਾਂ ਮਿਲਣ ਲਈ ਗਈ ਤਾਂ ਉਸ ਦੀ ਹਾਲਤ ਦੇਖ ਕੇ ਕੰਬ ਗਈ, ਜਿਸ ਤੋਂ ਬਾਅਦ ਪੀੜਤਾ ਦੀ ਮਾਂ ਉਸ ਨੂੰ ਰਾਜਸਥਾਨ ਤੋਂ ਆਪਣੇ ਨਾਲ ਲੁਧਿਆਣਾ ਵਾਪਸ ਲੈ ਆਈ। ਘਰ ਵਾਪਸ ਆ ਕੇ ਪੂਰੇ ਮਾਮਲੇ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਸ ਨੇ ਮੁਲਜ਼ਮਾਂ ਦੇ ਖਿਲਾਫ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਅਗਲੇਰੀ ਕਾਰਵਾਈ ਲਈ ਰਾਜਸਥਾਨ ਦੇ ਸਬੰਧਿਤ ਥਾਣੇ ਨੂੰ ਮਾਮਲਾ ਭੇਜ ਦਿੱਤਾ ਹੈ | ਅਜੇ ਤੱਕ ਇਸ ਮਾਮਲੇ ’ਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।


author

Mandeep Singh

Content Editor

Related News