ਫਾਦਰ ਐਂਥਨੀ ਦੀ ਚਿਤਾਵਨੀ, ਪੁਲਸ ਨੇ ਕੈਸ਼ ਨਾ ਮੋੜਿਆ ਤਾਂ ਜਾਣਗੇ ਹਾਈਕੋਰਟ

04/24/2019 12:55:57 PM

ਜਲੰਧਰ (ਮ੍ਰਿਦੁਲ)— ਬੀਤੇ ਦਿਨੀਂ ਪ੍ਰਤਾਪਪੁਰਾ ਦੇ ਐੱਫ. ਐੱਮ. ਜੇ. ਹਾਊਸ ਤੋਂ 6 ਕਰੋੜ ਰੁਪਏ ਗਾਇਬ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੁਖਬਰ ਸੁਰਿੰਦਰ ਸਿੰਘ ਨੂੰ ਐੱਸ. ਆਈ. ਟੀ. ਨੇ ਕੋਰਟ 'ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਹੈ। ਐੱਸ. ਆਈ. ਟੀ. ਨੇ ਇਹ ਕਹਿ ਕੇ ਕੋਰਟ 'ਚ ਰਿਮਾਂਡ ਹਾਸਲ ਕੀਤਾ ਹੈ ਕਿ ਇਸ ਕੇਸ ਵਿਚ ਕਈ ਅਜਿਹੀਆਂ ਕੜੀਆਂ ਹਨ ਜੋ ਕਾਫੀ ਗੰਭੀਰ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਕਿਸ ਅਫਸਰ ਦੇ ਕਹਿਣ 'ਤੇ ਮੁਖਬਰ ਸੁਰਿੰਦਰ ਅਤੇ ਫਰਾਰ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੇ ਕੈਸ਼ ਨੂੰ ਗਾਇਬ ਕੀਤਾ ਸੀ।
ਦੂਜੇ ਪਾਸੇ ਫਾਦਰ ਐਂਥਨੀ ਨੇ ਹਾਈ ਕੋਰਟ 'ਚ ਕੈਸ਼ ਗਾਇਬ ਹੋਣ ਸਬੰਧੀ ਰਿਟ ਪਾਉਣ ਦਾ ਫੈਸਲਾ ਲਿਆ ਹੈ। ਫਾਦਰ ਐਂਥਨੀ ਨੇ ਮੀਡੀਆ 'ਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਅਤੇ ਚੋਣ ਕਮਿਸ਼ਨਰ ਨੇ ਇਕ ਹਫਤੇ 'ਚ ਉਨ੍ਹਾਂ ਨੂੰ ਸਾਰਾ ਕੈਸ਼ ਵਾਪਸ ਨਾ ਕੀਤਾ ਤਾਂ ਉਹ ਹਾਈ ਕੋਰਟ 'ਚ ਪੰਜਾਬ ਪੁਲਸ ਦੇ ਖਿਲਾਫ ਕੇਸ ਕਰਨਗੇ। ਫਾਦਰ ਐਂਥਨੀ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਐੱਸ. ਆਈ. ਟੀ. ਮੈਂਬਰਾਂ ਤੋਂ ਇਲਾਵਾ ਐੱਸ. ਐੱਸ. ਪੀ. ਧਰੁਵ ਦਹੀਆ ਵੀ ਕਾਫੀ ਸਕਤੇ ਵਿਚ ਹਨ। ਫਾਦਰ ਐਂਥਨੀ ਨੇ ਐੱਸ. ਐੱਸ. ਪੀ. ਖੰਨਾ ਨੂੰ ਕੋਰਟ ਕੇਸ ਦੀ ਧਮਕੀ ਵੀ ਦਿੱਤੀ ਹੈ।
ਮਾਮਲੇ ਬਾਰੇ ਸੂਤਰਾਂ ਦੀ ਮੰਨੀਏ ਤਾਂ ਮੁਖਬਰ ਸੁਰਿੰਦਰ ਸਿੰਘ ਕੋਲੋਂ ਐੱਸ. ਆਈ. ਟੀ. ਕਾਫੀ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਕੀ ਫਰਾਰ ਏ. ਐੱਸ. ਆਈ. ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਤੋਂ ਇਲਾਵਾ ਹੋਰ ਕਿਹੜੇ ਅਫਸਰ ਇਸ ਕੈਸ਼ ਨੂੰ ਗਾਇਬ ਕਰਨ ਦੇ ਮਾਮਲੇ 'ਚ ਸ਼ਾਮਲ ਹਨ। ਫਿਲਹਾਲ ਐੱਸ. ਆਈ. ਟੀ. ਚੀਫ ਪ੍ਰਵੀਨ ਸਿਨ੍ਹਾ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਕੇਸ ਗੰਭੀਰ ਹੋਣ ਕਾਰਨ ਪੁਲਸ ਕਿਸੇ ਤਰ੍ਹਾਂ ਦਾ ਬਿਆਨ ਦੇ ਕੇ ਕੰਟਰੋਵਰਸੀ 'ਚ ਨਹੀਂ ਫਸਣਾ ਚਾਹੁੰਦੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਤਾਪਪੁਰਾ ਸਥਿਤ ਐੱਫ. ਐੱਮ. ਦੇ ਹਾਊਸ 'ਚ ਖੰਨਾ ਪੁਲਸ ਵੱਲੋਂ ਰੇਡ ਕੀਤੀ ਗਈ, ਜਿਥੋਂ ਪੁਲਸ ਨੇ 9 ਕਰੋੜ ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਖੰਨਾ ਦੇ ਐੱਸ. ਐੱਸ. ਪੀ. ਦਾ ਦਾਅਵਾ ਸੀ ਕਿ ਇਹ ਪੈਸਾ ਹਵਾਲਾ ਦਾ ਹੈ ਪਰ ਬਾਅਦ ਵਿਚ ਫਾਦਰ ਐਂਥਨੀ ਵਲੋਂ ਪ੍ਰੈੱਸ ਕਾਨਫਰੰਸ ਕਰਨ ਤੋਂ ਬਾਅਦ ਸਾਰਾ ਮਾਮਲਾ ਉਜਾਗਰ ਹੋਇਆ ਸੀ, ਜਿਸ ਤੋਂ ਬਾਅਦ ਐੱਸ. ਆਈ. ਟੀ. ਵਲੋਂ ਜਾਂਚ ਕਰਨ ਤੋਂ ਪੰਜਾਬ ਪੁਲਸ ਦੇ ਹੀ ਪਟਿਆਲਾ ਦੇ ਹੀ ਰਹਿਣ ਵਾਲੇ 2 ਏ. ਐੱਸ. ਆਈ. ਰਾਜਪ੍ਰੀਤ ਅਤੇ ਜੋਗਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ।


shivani attri

Content Editor

Related News