ਲੁਧਿਆਣਾ : ਸਕੀ ਧੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਪਤਨੀ ਤੇ ਬੱਚਿਆਂ ਵਲੋਂ ਕਤਲ

Sunday, May 24, 2020 - 08:07 PM (IST)

ਲੁਧਿਆਣਾ : ਸਕੀ ਧੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਪਤਨੀ ਤੇ ਬੱਚਿਆਂ ਵਲੋਂ ਕਤਲ

ਲੁਧਿਆਣਾ (ਤਰੁਣ) : ਥਾਣਾ ਦਰੇਸੀ ਦੇ ਅਧੀਨ ਆਉਂਦੀ ਮਹਾਵੀਰ ਜੈਨ ਕਲੋਨੀ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪਿਤਾ ਵਲੋਂ ਸਕੀ ਧੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਤੋਂ ਬਾਅਦ ਪਤਨੀ ਵਲੋਂ ਪੁੱਤਰ ਅਤੇ ਧੀ ਨਾਲ ਮਿਲ ਕੇ ਉਸ ਨੂੰ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਰਾਜ ਕਿਸ਼ੋਰ (48) ਮਿਸਤਰੀ ਦਾ ਕੰਮ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਘਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਬੀਤੀ ਰਾਤ ਰਾਜ ਕਿਸ਼ੋਰ ਨੇ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਆਪਣੀ ਸਕੀ 15 ਸਾਲਾ ਧੀ ਨਾਲ ਪਹਿਲਾਂ ਤਾਂ ਛੇੜਛਾੜ ਕੀਤੀ ਅਤੇ ਬਾਅਦ ਵਿਚ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਪਤਨੀ ਗੀਤਾ (45) ਵਲੋਂ ਆਪਣੇ ਪੁੱਤਰ ਅਤੇ ਧੀ ਨਾਲ ਮਿਲ ਕੇ ਕੇਬਲ ਦੀ ਤਾਰ ਨਾਲ ਨਸ਼ੇ 'ਚ ਧੁੱਤ ਪਤੀ ਦਾ ਕਤਲ ਕਰ ਦਿੱਤਾ। ਘਟਨਾ ਬੀਤੀ ਰਾਤ ਲਗਭਗ 11.30 ਦੇ ਕਰੀਬ ਦੀ ਹੈ। 

ਕਤਲ ਤੋਂ ਬਾਅਦ ਖੁਦ ਥਾਣੇ ਗਈ ਪਤਨੀ
ਕਤਲ ਤੋਂ ਬਾਅਦ ਪਤਨੀ ਖੁਦ ਹੀ ਥਾਣੇ ਚਲੀ ਗਈ ਅਤੇ ਪੁਲਸ ਨੂੰ ਇਸ ਵਾਰਦਾਤ ਸੰਬੰਧੀ ਜਾਣੂ ਕਰਵਾਇਆ। ਜਿਸ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮਹਾਵੀਰ ਜੈਨ ਕਲੋਨੀ ਪਹੁੰਚੀ ਅਤੇ ਤਿੰਨ-ਚਾਰ ਘੰਟੇ ਦੀ ਲੰਬੀ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭਿਜਵਾ ਦਿੱਤਾ। ਜਾਣਕਾਰੀ ਦਿੰਦੇ ਹੋਏ ਥਾਣਾ ਦਰੇਸੀ ਦੇ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਦਾ ਕਾਰਨ ਘਰੇਲੂ ਹਿੰਸਾ ਹੈ ਅਤੇ ਮ੍ਰਿਤਕ ਰਾਜ ਕਿਸ਼ੋਰ ਚਰਿੱਤਰ ਵਜੋਂ ਵੀ ਠੀਕ ਨਹੀਂ ਸੀ ਜਿਸ ਨੇ ਆਪਣੀ ਧੀ ਦੀ ਆਬਰੂ 'ਤੇ ਹੱਥ ਪਾਇਆ ਜਿਸ ਕਾਰਨ ਇਹ ਵਾਰਦਾਤ ਹੋਈ ਹੈ। ਫਿਲਹਾਲ ਪੁਲਸ ਨੇ ਕਿਰਾਏਦਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਹੈ। 

ਪਹਿਲਾਂ ਮਤਰੇਈ ਧੀ ਤੇ ਸਾਲੀ ਨਾਲ ਵੀ ਜ਼ਬਰਦਸਤੀ ਦੀ ਕੋਸ਼ਿਸ਼ ਕਰ ਚੁੱਕਾ ਸੀ ਕਿਸ਼ੋਰ 
ਏ. ਸੀ. ਪੀ. ਨਾਰਥ ਗੁਰਵਿੰਦਰ ਸਿੰਘ ਨੇ ਦੱਸਿਆ ਕਿ 18-20 ਸਾਲ ਗੀਤਾ ਦਾ ਰਾਜ ਕਿਸ਼ੋਰ ਨਾਲ ਵਿਆਹ ਹੋਇਆ ਸੀ ਅਤੇ ਗੀਤਾ ਦਾ ਇਹ ਦੂਜਾ ਵਿਆਹ ਸੀ। ਗੀਤਾ ਦੇ ਪਹਿਲੀ ਵਿਆਹ ਤੋਂ ਇਕ ਕੁੜੀ ਸੀ ਸਿਮਰਨ, ਜਿਸ ਨਾਲ ਵੀ ਰਾਜ ਕਿਸ਼ੋਰ ਨੇ ਬਲਾਤਕਾਰ ਦੀ ਕੋਸ਼ਿਸ਼ ਕੀਤੀ ਜਿਸ ਦੇ ਚੱਲਦੇ ਸਾਲ 2014 ਵਿਚ ਥਾਣਾ ਟਿੱਬਾ ਵਿਖੇ ਰਾਜ ਕਿਸ਼ੋਰ ਖਿਲਾਫ ਪਰਚਾ ਦਰਜ ਹੋਇਆ ਸੀ। ਇਸ ਮਾਮਲੇ ਵਿਚ ਉਸ ਨੂੰ ਛੇ ਮਹੀਨੇ ਦੀ ਜੇਲ ਹੋਈ ਅਤੇ ਬਾਅਦ ਵਿਚ ਰਾਜ਼ੀਨਾਮਾ ਹੋ ਗਿਆ। ਇਸ ਤੋਂ ਬਾਅਦ ਫਿਰ ਉਸ ਨੇ ਮਤਰੇਈ ਧੀ ਸਿਮਰਨ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਦੁੱਖੀ ਹੋ ਸਿਮਰਨ ਨੇ ਖੁਦਕੁਸ਼ੀ ਕਰ ਲਈ। ਇਥੇ ਹੀ ਬਸ ਨਹੀਂ ਰਾਜ ਕਿਸ਼ੋਰ ਵਲੋਂ ਇਕ ਵਾਰ ਪਤਨੀ ਦੇ ਸਾਹਮਣੇ ਹੀ ਆਪਣੀ ਸਾਲੀ ਨਾਲ ਵੀ ਬਲਾਤਕਾਰ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਰਾਜ ਕਿਸ਼ੋਰ ਆਪਣੀ ਸਕੀ ਧੀ 'ਤੇ ਵੀ ਬੁਰੀ ਨਜ਼ਰ ਰੱਖਦਾ ਸੀ। ਇਸੇ ਦੇ ਚੱਲਦੇ ਉਸ ਨੇ ਬੀਤੀ ਰਾਤ ਸ਼ਰਾਬ ਦੇ ਨਸ਼ੇ ਵਿਚ ਆਪਣੀ ਧੀ ਨਾਲ ਛੇੜਛਾੜ ਕਰਦੇ ਹੋਏ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪਤੀ ਗੀਤਾ ਵਲੋਂ ਬੱਚਿਆਂ ਦੀ ਮਦਦ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ।


author

Gurminder Singh

Content Editor

Related News