ਭਵਾਨੀਗੜ ''ਚ ਲੋਕਾਂ ਨੇ ਫਤਿਹਵੀਰ ਨੂੰ ਸ਼ਰਧਾਂਜਲੀ ਦੇਣ ਲਈ ਸ਼ਹਿਰ ''ਚ ਕੱਢਿਆ ਕੈਂਡਲ ਮਾਰਚ

Tuesday, Jun 11, 2019 - 08:23 PM (IST)

ਭਵਾਨੀਗੜ ''ਚ ਲੋਕਾਂ ਨੇ ਫਤਿਹਵੀਰ ਨੂੰ ਸ਼ਰਧਾਂਜਲੀ ਦੇਣ ਲਈ ਸ਼ਹਿਰ ''ਚ ਕੱਢਿਆ ਕੈਂਡਲ ਮਾਰਚ

ਭਵਾਨੀਗੜ(ਕਾਂਸਲ) ਪਿਛਲੇ 6 ਦਿਨਾਂ ਤੋਂ ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਇਕ ਬੋਰਵੈਲ ਵਿਚ ਫਸੇ ਇਕ ਦੋ ਸਾਲਾ ਬੱਚੇ ਫਤਿਹਵੀਰ ਸਿੰਘ ਨੂੰ ਬਾਹਰ ਜਿਉਂਦਾ ਬਾਹਰ ਕੱਢਣ ਵਿਚ ਅਫ਼ਸਲ ਸਿੱਧ ਹੋਏ ਪ੍ਰਸ਼ਾਸਨ ਅਤੇ ਸਰਕਾਰ ਤੋਂ ਖਫਾ ਹੋਏ ਇਲਾਕਾ ਨਿਵਾਸੀਆਂ ਨੇ ਅੱਜ ਦੀਵਨ ਟੋਡਰ ਮੱਲ ਸੇਵਾ ਸੁਸਾਇਟੀ ਕਾਕੜਾ ਦੀ ਅਗਵਾਈ ਹੇਠ ਜਿਥੇ ਆਪਣੇ ਹੱਥਾਂ ਵਿਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵਾਲੀਆਂ ਤਖਤੀਆਂ ਚੁੱਕ ਕੇ ਜਿਥੇ ਸਰਕਾਰ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾਂ ਕੀਤਾ। ਉਥੇ ਨਾਲ ਹੀ ਸ਼ਹਿਰ ਵਿਚ ਕੈਂਡਲ ਮਾਰਚ ਕੱਢ ਕੇ ਨੰਨੀ ਜਾਨ ਫਤਿਹਵੀਰ ਸਿੰਘ ਨੂੰ ਆਪਣੀਆਂ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ।
ਸਥਾਨਕ ਬੀ.ਆਰ. ਅੰਬੇਡਕਰ ਪਾਰਕ ਵਿਖੇ ਇਕੱਠੇ ਹੋਏ ਇਲਾਕਾ ਨਿਵਾਸੀਆਂ ਨੇ ਪਹਿਲਾਂ ਫਤਿਹਵੀਰ ਸਿੰਘ ਨੂੰ ਸ਼ਰਧਾਂਜਲੀਆਂ ਦੇਣ ਲਈ ਸਿਮਰਨ ਕੀਤਾ ਅਤੇ ਫਿਰ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਦੀਵਾਨ ਟੋਡਰ ਮੱਲ ਸੇਵਾ ਸੁਸਾਇਟੀ ਕਾਕੜਾ ਦੇ ਆਗੂ ਬਲਵੀਰ ਸਿੰਘ ਖਲਾਸਾ ਅਤੇ ਗੁਰਵਿੰਦਰ ਸਿੰਘ ਅਤੇ ਡਾ. ਬੀ.ਆਰ. ਅੰਬੇਡਕਰ ਮੰਚ ਦੇ ਪ੍ਰਧਾਨ ਚਰਨਾ ਰਾਮ ਲਾਲਕਾ, ਜਬਰ ਜੁਲਮ ਵਿਰੋਧੀ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਧਰਮਪਾਲ ਸਿੰਘ, ਜਸਵਿੰਦਰ ਸਿੰਘ ਚੋਪੜਾ, ਮਾਸਟਰ ਚਰਨ ਸਿੰਘ ਚੋਪੜਾ, ਬਿਕਰ ਸਿੰਘ, ਗਿੰਦਰ ਸਿੰਘ ਕਾਕੜਾ, ਬਖਸ਼ੀਸ਼ ਰਾਏ, ਰਣਧੀਰ ਸਿੰਘ ਮਾਝੀ ਅਤੇ ਅਮਨ ਚੋਪੜਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਕਥਿਤ ਨਲਾਇਕੀ ਅਤੇ ਗਲਤੀ ਕਾਰਨ ਹੀ ਅੱਜ ਛੋਟਾ ਜਿਹਾ ਮਾਸੂਮ ਫਤਿਹਵੀਰ ਸਿੰਘ ਇਸ ਦੁਨੀਆਂ ਵਿਚ ਨਹੀਂ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਥਿਤ ਅਣਗਿਹਲੀ ਕਾਰਨ ਹੀ 6 ਸਾਲ ਬਾਅਦ ਨਸ਼ੀਬ ਹੋਈਆਂ ਉਸ ਪਰਿਵਾਰ ਦੀਆਂ ਖੁਸ਼ੀਆਂ ਉਜੜ ਜਾਣ ਕਾਰਨ ਫਿਰ ਮਾਪਿਆਂ ਦੀ ਝੋਲੀ ਖਾਲੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਜਿੰਮੇਵਾਰੀ ਅਤੇ ਤਕਨੀਕ ਨਾਲ ਨੰਨੀ ਜਾਨ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਮਿਸ਼ਨ ਫਤਿਹ ਚਲਾਇਆ ਜਾਂਦਾ ਤਾਂ ਸਾਇਦ ਇਸ ਮਾਸੂਮ ਦੀ ਜਿੰਦਗੀ ਅਤੇ ਮਾਪਿਆਂ ਦੀਆਂ ਖੁਸ਼ੀਆਂ ਨੂੰ ਉਜੜਣ ਤੋਂ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਪੰਜ ਦਿਨਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਨੰਨੀ ਜਾਨ ਨੂੰ ਬੋਰਵੈਲ ਵਿਚ ਜਿਉਂਦਾ ਬਾਹਰ ਕੱਢਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੂਰੀ ਤਰ੍ਹਾਂ ਅਸਫਲ ਸਿੱਧ ਹੋਣ ਨਾਲ ਪੂਰੇ ਵਿਸ਼ਵ ਵਿਚ ਸਾਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ ਅਤੇ ਇਸ ਹਾਦਸੇ ਵਿਚ ਪੂਰੀ ਤਰ੍ਹਾਂ ਫੇਲ ਹੋਏ ਸਰਕਾਰ ਦੇ ਸਾਰੇ ਤੰਤਰ ਯੰਤਰਾਂ ਨੇ ਪੂਰੇ ਵਿਚ ਵਿਸ਼ਵ ਵਿਚ ਡਿਜ਼ੀਟਲ ਇੰਡੀਆਂ ਦੀ ਤਸਵੀਰ ਨੂੰ ਧੁੰਦਲਾ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਰ ਵਾਰ ਡਿਜੀਟਲ ਇੰਡੀਆਂ ਦੀ ਦੁਹਾਈ ਦੇਣ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਦੇਸ਼ ਨੂੰ ਡਿਜ਼ੀਟਲ ਇੰਡੀਆਂ ਬਣਾਉਣ ਲਈ ਇਥੇ 3000 ਕਰੋੜ ਮੁਰਤੀਆਂ ਉਪਰ ਖਰਚ ਕਰਨ ਦੀ ਥਾਂ ਦੇਸ਼ ਵਿਚ ਕਿਸੇ ਵੀ ਆਫਤ ਵਿਚ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਬਚਾਅ ਕਰਨ ਦੇ ਸਾਧਨਾਂ ਉਪਰ ਖਰਚ ਕਰਨਾ ਚਾਹੀਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਹਿਰ ਵਿਚ ਕੈਂਡਲ ਮਾਰਚ ਕੱਢ ਕੇ ਨੰਨੀ ਜਾਨ ਫਤਿਹਵੀਰ ਸਿੰਘ ਨੂੰ ਸ਼ਰਧਾਂਜਲੀਆਂ ਦਿੱਤੀਆਂ।


author

satpal klair

Content Editor

Related News