ਸਿੰਘੂ ਬਾਰਡਰ ਤੋਂ ਜ਼ਬਰੀ ਚੁੱਕ ਕੇ ਤਿਹਾੜ ਜੇਲ੍ਹ ਭੇਜੇ ਕਿਸਾਨਾਂ 'ਚ ਫਤਿਹਗੜ੍ਹ ਸਾਹਿਬ ਦਾ ਨੌਜਵਾਨ ਵੀ ਸ਼ਾਮਲ

Monday, Feb 01, 2021 - 03:44 PM (IST)

ਫਤਿਹਗੜ੍ਹ ਸਾਹਿਬ (ਜਗਦੇਵ) : ਕਿਸਾਨੀ ਅੰਦੋਲਨ ਦੌਰਾਨ ਸਿੰਘੂ ਬਾਰਡਰ ਤੋਂ ਦਿੱਲੀ ਪੁਲਸ ਵੱਲੋਂ ਕਿਸਾਨਾਂ ਨੂੰ ਜ਼ਬਰੀ ਚੁੱਕਿਆ ਗਿਆ ਅਤੇ ਉਨ੍ਹਾ 'ਤੇ ਮੁਕੱਦਮੇ ਦਰਜ ਕੀਤੇ ਗਏ। ਇਨ੍ਹਾਂ 'ਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਕੋਟਲਾ ਜੱਟਾਂ ਦਾ 30 ਸਾਲਾ ਨੌਜਵਾਨ ਮਨਿੰਦਰ ਸਿੰਘ ਵੀ ਸ਼ਾਮਲ ਸੀ। ਮਨਿੰਦਰ ਸਿੰਘ 'ਤੇ ਦਿੱਲੀ ਦੇ ਅਲੀਪੁਰ ਥਾਣੇ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਦੀ ਪੈਰਵੀ ਦਾ ਸਾਰਾ ਜ਼ਿੰਮਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਸਿੱਖ ਚਿਹਰੇ ਉਤਾਰ ਰਹੀ 'ਭਾਜਪਾ'

PunjabKesari

ਇਸੇ ਸਬੰਧ 'ਚ ਅੱਜ ਮਨਿੰਦਰ ਸਿੰਘ ਦੇ ਪਿਤਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ 'ਤੇ ਝੂਠੇ ਕੇਸਾਂ ਨੂੰ ਰੱਦ ਕਰਨ ਸਬੰਧੀ ਬਣਾਈ ਗਈ ਕਮੇਟੀ ਦੇ ਮੈਂਬਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨਾਲ ਮੁਲਾਕਾਤ ਕੀਤੀ। ਐਡਵੋਕੇਟ ਵੱਲੋਂ ਇਹ ਸਾਰਾ ਮਾਮਲਾ ਜ਼ਿਲ੍ਹਾ ਪੁਲਸ ਮੁਖੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਦੇ ਧਿਆਨ 'ਚ ਵੀ ਲਿਆਂਦਾ ਗਿਆ। ਇਸ ਮੌਕੇ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਮਨਿੰਦਰ ਸਿੰਘ ਦੇ ਪਿਤਾ ਬੇਅੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਪਿੰਡ ਦੇ 4 ਹੋਰ ਨੌਜਵਾਨਾਂ ਸਮੇਤ 21 ਜਨਵਰੀ ਨੂੰ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨ ਧਰਨੇ 'ਚ ਸ਼ਮੂਲੀਅਤ ਕਰਨ ਲਈ ਗਿਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਤੋਂ ਸ਼ੁਰੂ ਹੋਈ 'ਆਪਣੀ ਮੰਡੀ'

ਉਨ੍ਹਾਂ ਦੱਸਿਆ ਕਿ ਜਦੋਂ ਇਹ ਨੌਜਵਾਨ 26 ਜਨਵਰੀ ਦੀ ਟਰੈਕਟਰ ਪਰੇਡ ਮਗਰੋਂ ਵਾਪਸ ਪਰਤ ਰਹੇ ਸਨ ਤਾਂ ਮਨਿੰਦਰ ਸਿੰਘ ਉੱਥੇ ਹੀ ਰੁਕ ਗਿਆ ਸੀ। ਉਨ੍ਹਾਂ ਦੱਸਿਆ ਕਿ 28 ਜਨਵਰੀ ਨੂੰ ਦਿੱਲੀ ਪੁਲਸ ਵੱਲੋਂ ਸਿੰਘੂ ਬਾਰਡਰ 'ਤੇ ਵੱਡੀ ਗਿਣਤੀ 'ਚ ਬੈਠੇ ਕਿਸਾਨਾਂ ਨੂੰ ਜ਼ਬਰੀ ਚੁੱਕ ਲਿਆ ਗਿਆ ਅਤੇ ਉਨ੍ਹਾਂ 'ਤੇ ਮੁਕੱਦਮੇ ਦਰਜ ਕਰ ਲਏ ਗਏ। ਇਨ੍ਹਾਂ ਕਿਸਾਨਾਂ 'ਚ ਉਨ੍ਹਾਂ ਦਾ ਪੁੱਤਰ ਮਨਿੰਦਰ ਸਿੰਘ ਵੀ ਸ਼ਾਮਲ ਸੀ, ਜਿਸ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। ਇਸ ਮੌਕੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਮੁੱਚੇ ਕਿਸਾਨਾਂ 'ਤੇ ਬਣਾਏ ਗਏ ਝੂਠੇ ਕੇਸਾਂ ਦੀ ਸ਼੍ਰੋਮਣੀ ਅਕਾਲੀ ਦਲ ਦੀਆਂ ਹਦਾਇਤਾਂ ਮੁਤਾਬਕ ਪੈਰਵੀ ਕੀਤੀ ਜਾਵੇਗੀ ਅਤੇ ਇਹ ਕੇਸ ਮੁਫ਼ਤ ਲੜੇ ਜਾਣਗੇ।

ਇਹ ਵੀ ਪੜ੍ਹੋ : ਕਿਸਾਨੀ ਝੰਡੇ ਹੇਠ ਨੌਜਵਾਨ ਨੇ ਕਰਵਾਇਆ ਵਿਆਹ, ਅੰਦੋਲਨ 'ਚ ਸ਼ਾਮਲ ਹੋਣ ਲਈ ਜਾਵੇਗਾ ਦਿੱਲੀ

ਇਸ ਮੌਕੇ ਬੋਲਦਿਆਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਦਿੱਲੀ ਪੁਲਸ ਵੱਲੋਂ ਗੁਰਸਿੱਖ ਨੌਜਵਾਨਾਂ 'ਤੇ ਜੋ ਤਸ਼ੱਦਦ ਢਾਹਿਆ ਜਾ ਰਿਹਾ ਹੈ, ਉਹ ਅਣਮਨੁੱਖੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਪੈਰਵੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭੇ ਗਏ ਯਤਨਾਂ ਦੀ ਸ਼ਲਾਘਾ ਵੀ ਕੀਤੀ।
ਨੋਟ : ਦਿੱਲੀ ਪੁਲਸ ਵੱਲੋਂ ਜ਼ਬਰੀ ਚੁੱਕੇ ਗਏ ਕਿਸਾਨਾਂ 'ਤੇ ਮੁਕੱਦਮੇ ਦਰਜ ਕਰਨ ਸਬੰਧੀ ਤੁਹਾਡੀ ਕੀ ਹੈ ਰਾਏ


Babita

Content Editor

Related News