ਫਤਿਹਗੜ੍ਹ ਸਾਹਿਬ ਡਕੈਤੀ ਮਾਮਲਾ, AGTF ਨੇ ਮੁਕਾਬਲੇ ਮਗਰੋਂ ਹਥਿਆਰਾਂ ਸਣੇ ਦੋ ਮੁਲਜ਼ਮ ਕੀਤੇ ਕਾਬੂ

06/01/2023 11:48:20 PM

ਚੰਡੀਗੜ੍ਹ/ਫਤਿਹਗੜ੍ਹ ਸਾਹਿਬ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਨੇ ਫਤਿਹਗੜ੍ਹ ਸਾਹਿਬ ਪੁਲਸ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮੁਕਾਬਲੇ ਤੋਂ ਬਾਅਦ ਦੋ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਕੇ ਫਤਿਹਗੜ੍ਹ ਸਾਹਿਬ ‘ਚ ਦਿਨ-ਦਿਹਾੜੇ ਹੋਈ ਡਕੈਤੀ ਦੀ ਵਾਰਦਾਤ ਦਾ ਪਰਦਾਫਾਸ਼ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਵੀਰਵਾਰ ਇਥੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੌਹਲ ਢਾਏਵਾਲਾ, ਤਰਨਤਾਰਨ ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਬੰਤਾਰਾ, ਤਰਨਤਾਰਨ ਵਜੋਂ ਹੋਈ ਹੈ। ਦੋਵੇਂ ਦੋਸ਼ੀ ਫਤਿਹਗੜ੍ਹ ਸਾਹਿਬ ਦੇ ਪਿੰਡ ਭੱਟਮਾਜਰਾ ਵਿਚ ਪੈਟਰੋਲ ਪੰਪ ਦੇ ਮੁਲਾਜ਼ਮ ਤੋਂ 40.8 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ’ਚ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ

PunjabKesari

ਪੁਲਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਤੋਂ ਤਿੰਨ .32 ਬੋਰ ਦੇ ਪਿਸਤੌਲਾਂ ਸਮੇਤ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਿਚ ਏ.ਜੀ.ਟੀ.ਐੱਫ. ਦੀ ਇਕ ਟੀਮ ਨੂੰ ਪੁਖ਼ਤਾ ਇਤਲਾਹ ਮਿਲੀ ਸੀ ਕਿ ਦਿਨ-ਦਿਹਾੜੇ ਡਕੈਤੀ ਵਿਚ ਸ਼ਾਮਲ ਵਿਅਕਤੀਆਂ ਵੱਲੋਂ ਆਪਣੀ ਕਾਰ, ਜਿਸ ਦੀ ਵਰਤੋਂ ਅਪਰਾਧ ਕਰਨ ਲਈ ਕੀਤੀ ਗਈ ਸੀ, ਲੈਣ ਲਈ ਪਿੰਡ ਮੱਛਲੀ ਖੁਰਦ ਆਉਣ ਦੀ ਸੰਭਾਵਨਾ ਹੈ। ਇਤਲਾਹ ’ਤੇ ਫੌਰੀ ਕਾਰਵਾਈ ਕਰਦਿਆਂ ਏ.ਆਈ.ਜੀ. ਸੰਦੀਪ ਗੋਇਲ, ਡੀ.ਐੱਸ.ਪੀ. ਬਿਕਰਮ ਬਰਾੜ ਅਤੇ ਡੀ.ਐੱਸ.ਪੀ. ਰਾਜਨ ਪਰਮਿੰਦਰ ਦੀ ਅਗਵਾਈ ਵਿਚ ਏ.ਜੀ.ਟੀ.ਐੱਫ. ਦੀ ਟੀਮ ਨੇ ਸਥਾਨਕ ਫਤਿਹਗੜ੍ਹ ਸਾਹਿਬ ਪੁਲਸ ਸਮੇਤ ਸਾਂਝੀ ਕਾਰਵਾਈ ਕਰਦਿਆਂ ਕਾਰ ਨੂੰ ਰੁਕਣ ਲਈ ਇਸ਼ਾਰਾ ਕੀਤਾ। ਉਨ੍ਹਾਂ ਦੱਸਿਆ ਕਿ ਕਾਰ ਨੂੰ ਰੋਕਣ ਦੀ ਬਜਾਏ ਕਾਰ ਵਿਚ ਬੈਠੇ ਲੋਕਾਂ ਨੇ ਪੁਲਸ ਪਾਰਟੀ ’ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਪੁਲਸ ਪਾਰਟੀਆਂ ਨੂੰ ਜਵਾਬੀ ਕਾਰਵਾਈ ਕਰਨੀ ਪਈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਿੱਖਿਆ ਦੇ ਖੇਤਰ ’ਚ ਵੱਡਾ ਫ਼ੈਸਲਾ, ਲਾਰੈਂਸ ਬਿਸ਼ਨੋਈ ਗੈਂਗ ਦੇ 10 ਸ਼ੂਟਰ ਗ੍ਰਿਫ਼ਤਾਰ, ਪੜ੍ਹੋ Top 10

ਡੀ.ਜੀ.ਪੀ. ਨੇ ਕਿਹਾ ਕਿ ਗੋਲ਼ੀਬਾਰੀ ਦੀ ਇਸ ਮੁੱਠਭੇੜ ਤੋਂ ਬਾਅਦ ਪੁਲਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਦੀਆਂ ਲੱਤਾਂ ’ਤੇ ਗੋਲ਼ੀਆਂ ਵੱਜੀਆਂ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਸਥਾਨਕ ਹਸਪਤਾਲ ’ਚ ਜ਼ੇਰੇ-ਇਲਾਜ ਹਨ। ਜ਼ਿਕਰਯੋਗ ਹੈ ਕਿ ਇਸ ਸਬੰਧੀ ਨਵੀਂ ਐੱਫ. ਆਈ. ਆਰ. ਨੰ. 115 ਮਿਤੀ 1-6-2023 ਨੂੰ ਆਈ. ਪੀ. ਸੀ. ਦੀ ਧਾਰਾ 307 ਅਤੇ 473 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਥਾਣਾ ਖਰੜ ਵਿਖੇ ਕੇਸ ਦਰਜ ਕੀਤਾ ਗਿਆ ਹੈ।
 


Manoj

Content Editor

Related News