ਮਹਿੰਗੇ ਵਿਆਹਾਂ ਤੋਂ ਕਿਤੇ ਖਾਸ ਹੈ ਇਹ ਸਾਦਾ ਵਿਆਹ, ਬਣਿਆ ਚਰਚਾ ਦਾ ਵਿਸ਼ਾ (ਵੀਡੀਓ)
Monday, Nov 18, 2019 - 09:22 AM (IST)
ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਖਰਚੀਲੇ ਵਿਆਹ ਤਾਂ ਬਹੁਤ ਹੁੰਦੇ ਹਨ, ਜਿਨ੍ਹਾਂ 'ਚ ਸ਼ਰਾਬਾਂ, ਡਾਂਸ ਤੇ ਕਈ ਤਰ੍ਹਾਂ ਦੇ ਪਕਵਾਨਾਂ 'ਤੇ ਪੈਸੇ ਉਡਾ ਦਿੱਤੇ ਜਾਂਦੇ ਹਨ ਤੇ ਸਿਰ ਚੜ੍ਹ ਜਾਂਦਾ ਹੈ ਕਰਜ਼ੇ ਦਾ ਬੋਝ। ਅਜਿਹੇ ਵਿਆਹਾਂ ਦਾ ਨਤੀਜਾ ਵੀ ਸਿਫਰ ਰਹਿੰਦਾ ਹੈ ਪਰ ਤੁਹਾਨੂੰ ਅੱਜ ਇਕ ਅਜਿਹੇ ਵਿਆਹ 'ਚ ਲੈ ਚੱਲਦੇ ਹਾਂ ਜੋ ਸਮਾਜ ਨੂੰ ਇਕ ਸੇਧ ਦੇ ਗਿਆ ਤੇ ਆਉਣ ਵਾਲੇ ਸਮੇਂ 'ਚ ਇਸਦੇ ਨਤੀਜੇ ਵੀ ਸਾਹਮਣੇ ਆਉਣਗੇ। ਦਰਅਸਲ ਫਤਿਹਗੜ੍ਹ ਸਾਹਿਬ ਦੇ ਪਿੰਡ ਭਗੜਾਨਾ ਵਿਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀਆਂ ਇਨ੍ਹਾਂ ਜੋੜੀਆਂ ਨੇ ਜਿਥੇ ਸਾਦੇ ਵਿਆਹ ਦਾ ਸੁਨੇਹਾ ਦਿੱਤਾ, ਉਥੇ ਹੀ ਨੇਤਰਦਾਨ ਕਰਨ ਦਾ ਨੇਕ ਉਪਰਾਲਾ ਵੀ ਕੀਤਾ।
ਇਤਿਹਾਸਿਕ ਗੁਰਦੁਆਰਾ ਸਾਹਿਬ ਭਗੜਾਨਾ 'ਚ ਸਾਦੇ ਤਰੀਕੇ ਨਾਲ ਪੰਜੋਲੀ ਕਲਾਂ ਦੇ ਦੋ ਭਰਾਵਾਂ ਜਗਜੀਤ ਸਿੰਘ ਅਤੇ ਪਰਮਿੰਦਰ ਸਿੰਘ ਦਾ ਵਿਆਹ ਹੋਇਆ। ਇਨ੍ਹਾਂ ਨਿਵੇਕਲੇ ਕਿਸਮ ਦੀ ਸ਼ੁਰੂਆਤ ਕੀਤੀ ਹੈ। ਸਿਰਫ ਵਿਆਹ ਨੂੰ ਇਨ੍ਹਾਂ ਨੇ ਸਾਦੇ ਤਰੀਕੇ ਨਾਲ ਹੀ ਨਹੀਂ ਕੀਤਾ, ਸਗੋਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ 'ਤੇ ਨੇਤਰਦਾਨ ਕਰਨ ਦੇ ਫਾਰਮ ਵੀ ਭਰੇ। ਬਰਾਤੀਆਂ ਦੀਆਂ ਮਿਲਣੀਆਂ ਦੀ ਰਸਮ ਵੀ ਸਿਰੋਪਾਓ ਭੇਟ ਕਰਕੇ ਨਿਭਾਈ ਗਈ। ਇਨ੍ਹਾਂ ਨੇ ਇਕੱਠੇ ਹੋ ਕੇ ਸਾਦੇ ਵਿਆਹ ਦਾ ਫੈਸਲਾ ਕੀਤਾ ਤੇ ਆਪਣੇ ਪਰਿਵਾਰਾਂ ਨੂੰ ਦੱਸਿਆ। ਪਰਿਵਾਰ ਆਪਣੇ ਬੱਚਿਆਂ ਦਾ ਇਹ ਨੇਕ ਉਪਰਾਲਾ ਸੁਣ ਖੁਸ਼ ਹੋਏ ਤੇ ਉਨ੍ਹਾਂ ਆਪਣੇ ਬੱਚਿਆਂ ਦਾ ਪੂਰਾ ਸਾਥ ਦਿੱਤਾ।
ਨਵੀਆਂ ਵਿਆਹੀਆਂ ਦਵਿੰਦਰ ਕੌਰ ਤੇ ਪਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਕੱਠੇ ਸਲਾਹ ਕਰਕੇ ਇਹ ਫੈਸਲਾ ਲਿਆ ਸੀ ਕਿ ਵਿਆਹ ਗੁਰੂ ਮਰਿਆਦਾ ਅਨੁਸਾਰ ਸਾਦੇ ਤਰੀਕੇ ਨਾਲ ਕਰਵਾਉਣਗੀਆਂ ਜਿਸ ਨਾਲ ਉਨ੍ਹਾਂ ਦੇ ਪਰਿਵਾਰ 'ਤੇ ਖਰਚੇ ਦਾ ਕੋਈ ਬੋਝ ਨਾ ਪਵੇ। ਅਸੀਂ ਅੱਜ ਇਕੱਠੇ ਹੀ ਆਪਣੇ ਵਿਆਹ ਦੀ ਖੁਸ਼ੀ ਵਿਚ ਅੱਖਾਂ ਵੀ ਦਾਨ ਕੀਤੀਆਂ ਹਨ।
ਪ੍ਰਮਾਤਮਾ ਇਨ੍ਹਾਂ ਜੋੜੀਆਂ ਦੀ ਉਮਰ ਲੰਬੀ ਕਰੇ ਤੇ ਇਹ ਜੋੜੀਆਂ ਹਮੇਸ਼ਾ ਖੁਸ਼ ਰਹਿਣ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨੇਕ ਉਪਰਾਲੇ ਨਾਲ ਕੀਤੀ। ਵਿਆਹ ਹਰ ਇਕ ਦੀ ਜ਼ਿੰਦਗੀ ਦਾ ਖਾਸ ਦਿਨ ਹੁੰਦਾ ਹੈ। ਆਪਣੇ ਇਸ ਖਾਸ ਦਿਨ ਨੂੰ ਇਨ੍ਹਾਂ ਜੋੜੀਆਂ ਨੇ ਇਸ ਕਦਰ ਖਾਸ ਬਣਾ ਦਿੱਤਾ ਹੈ ਕਿ ਇਨ੍ਹਾਂ ਦੀ ਤਾਰੀਫ ਕੀਤੇ ਬਿਨ੍ਹਾਂ ਕੋਈ ਵੀ ਨਹੀਂ ਰਹੇਗਾ।