ਫਤਿਹਗੜ੍ਹ ਸਾਹਿਬ: ਫੀਡ ਫੈਕਟਰੀ 'ਚ ਧਮਾਕਾ, 1 ਮਜ਼ਦੂਰ ਦੀ ਮੌਤ
Wednesday, May 29, 2019 - 03:51 PM (IST)

ਫ਼ਤਿਹਗੜ੍ਹ ਸਾਹਿਬ (ਜਗਦੇਵ)—ਪਿੰਡ ਖਰੌੜੀ ਨੇੜੇ ਸਥਿਤ ਇਕ ਫੀਡ ਫੈਕਟਰੀ ਵਿਚ ਵਿਨ-ਹੋਪਰ 'ਚ ਅਚਾਨਕ ਧਮਾਕਾ ਹੋਣ ਕਾਰਨ ਅੱਗ ਲੱਗ ਗਈ, ਜਿਸ ਦੀ ਲਪੇਟ ਵਿਚ ਆ ਜਾਣ ਕਾਰਣ ਇਕ ਵਿਅਕਤੀ ਦੀ ਮੌਤ ਅਤੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੂਲੇਪੁਰ ਦੇ ਮੁਖੀ ਭਗਵੰਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਦੇਰ ਰਾਤ ਲਗਭਗ 1 ਤੋਂ 2 ਵਜੇ ਦੇ ਦਰਮਿਆਨ ਹੋਇਆ ਦੱਸਿਆ ਜਾ ਰਿਹਾ ਹੈ ਤੇ ਇਸ ਹਾਦਸੇ ਵਿਚ ਮ੍ਰਿਤਕ ਦੀ ਪਹਿਚਾਣ ਰਾਸ਼ੀਦ ਨਿਵਾਸੀ ਪਿੰਡ ਜਾਲਖੇੜੀ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਦੂਜੇ ਪਾਸੇ ਮਿੱਲ ਦੇ ਐੱਮ. ਡੀ. ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਫੈਕਟਰੀ ਤੋਂ ਫੋਨ ਆਇਆ ਕਿ ਫੈਕਟਰੀ ਵਿਚ ਧਮਾਕਾ ਹੋਣ ਕਾਰਣ ਅੱਗ ਲੱਗ ਗਈ ਹੈ। ਉਹ ਤੁਰੰਤ ਮੌਕੇ 'ਤੇ ਪੁੱਜੇ ਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਦਾਖ਼ਲ ਕਰਵਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਫੈਕਟਰੀ ਵਿਚ ਹੋਏ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਨਾਲ ਹਮਦਰਦੀ ਜਤਾਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਅਤੇ ਜ਼ਖ਼ਮੀਆਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਾਦਸੇ ਵਾਲੀ ਥਾਂ 'ਤੇ ਪੁੱਜੀਆਂ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਫਾਇਰਮੈਨ ਸੋਹਣ ਲਾਲ ਨੇ ਦੱਸਿਆ ਕਿ ਤਿੰਨ ਗੱਡੀਆਂ ਫਾਇਰ ਬ੍ਰਿਗੇਡ ਸਰਹਿੰਦ ਅਤੇ ਇਕ ਗੱਡੀ ਮੰਡੀ ਗੋਬਿੰਦਗੜ੍ਹ ਸਮੇਤ ਕਰੀਬ 15-20 ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੂਲੇਪੁਰ ਦੇ ਮੁਖੀ ਭਗਵੰਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਮਾਰੇ ਗਏ ਰਾਸ਼ੀਦ ਨਿਵਾਸੀ ਪਿੰਡ ਜਾਲਖੇੜੀ ਦਾ ਪੋਸਟਮਾਰਟਮ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਜਦਕਿ ਬਾਕੀ 8 ਜ਼ਖਮੀਆਂ ਵਿਚੋਂ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਕੁਲਵਿੰਦਰ ਸਿੰਘ ਨਿਵਾਸੀ ਚਲੈਲਾ ਤੇ ਲਖਵਿੰਦਰ ਸਿੰਘ ਨਿਵਾਸੀ ਚਨਾਰਥਲ ਕਲਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਹਰਜੀਤ ਸਿੰਘ ਪਿੰਡ ਰੁੜਕੀ ਤੇ ਰਣਜੀਤ ਸਿੰਘ ਨਿਵਾਸੀ ਜਾਲਖੇੜੀ ਚੰਡੀਗੜ੍ਹ ਪੀ. ਜੀ. ਆਈ. ਵਿਚ ਅਤੇ ਰਾਜਾ ਸਿੰਘ ਪਿੰਡ ਕਸਿਆਣਾ ਜ਼ਿਲਾ ਪਟਿਆਲਾ, ਬਲਕਾਰ ਸਿੰਘ ਨਿਵਾਸੀ ਪੰਡਰਾਲੀ, ਜਸਵੀਰ ਸਿੰਘ ਨਿਵਾਸੀ ਖਰੋੜਾ, ਨਰਿੰਦਰ ਸਿੰਘ ਪ੍ਰੋਫੈਸਰ ਕਾਲੋਨੀ ਸਰਹਿੰਦ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ 174 ਦੀ ਕਾਰਵਾਈ ਕੀਤੀ ਗਈ ਹੈ ਤੇ ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ। ਜੇਕਰ ਹੋਰ ਤੱਥ ਸਾਹਮਣੇ ਆਉਣਗੇ ਤਾਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।