ਫਤਿਹਗੜ੍ਹ ਵਾਸੀਆਂ ਲਈ ਰਾਹਤ ਭਰੀ ਖਬਰ, 46 ਮਰੀਜ਼ ਕੋਰੋਨਾ ਵਿਰੁੱਧ ਜੰਗ ਜਿੱਤ ਕੇ ਪਰਤੇ ਘਰ

Wednesday, May 20, 2020 - 10:38 AM (IST)

ਫਤਿਹਗੜ੍ਹ ਵਾਸੀਆਂ ਲਈ ਰਾਹਤ ਭਰੀ ਖਬਰ, 46 ਮਰੀਜ਼ ਕੋਰੋਨਾ ਵਿਰੁੱਧ ਜੰਗ ਜਿੱਤ ਕੇ ਪਰਤੇ ਘਰ

ਫਤਿਹਗੜ੍ਹ ਸਾਹਿਬ (ਜਗਦੇਵ): ਕੋਰੋਨਾ ਮਹਾਮਾਰੀ ਸਬੰਧੀ ਜ਼ਿਲਾ ਫਤਿਹਗੜ੍ਹ ਸਾਹਿਬ ’ਚ ਇਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਜਿਸ ਦੇ ਚੱਲਦਿਆਂ ਜੋ 56 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਸਨ ਤੇ ਉਨ੍ਹਾਂ ’ਚੋਂ 46 ਵਿਅਕਤੀ ਕੋਰੋਨਾ ਨੂੰ ਮਾਤ ਦੇਣ ’ਚ ਸਫ਼ਲ ਹੋਏ ਹਨ ਤੇ ਇਨ੍ਹਾਂ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ ਅਤੇ ਆਪੋ-ਆਪਣੇ ਘਰਾਂ ’ਚ ਚਲੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐੱਨ. ਕੇ. ਅਗਰਵਾਲ ਨੇ ਦੱਸਿਆ ਕਿ ਛੁੱਟੀ ਹੋਣ ਵਾਲੇ ਇਹ ਮਰੀਜ਼ ਗਿਆਨ ਸਾਗਰ ਹਸਪਤਾਲ ਬਨੂੜ ਵਿਖੇ ਦਾਖਲ ਸਨ, ਜੋ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਮੱਥਾ ਟੇਕ ਕੇ ਹੋਣ ਵਾਲੇ ਸ਼ਰਧਾਲੂ ਵੱਖ-ਵੱਖ ਸੂਬਿਆਂ ਤੋਂ ਕੰਬਾਈਨ ਦੇ ਕੰਮਕਾਰ ਨਾਲ ਸਬੰਧਤ ਵਿਅਕਤੀ ਤੇ ਉਨ੍ਹਾਂ ਦੇ ਨਜ਼ਦੀਕੀ ਕੰਟੈਕਟ ’ਚੋਂ ਸਾਹਮਣੇ ਆਏ ਸਨ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲੇ ’ਚ ਕੋਰੋਨਾ ਦੇ 10 ਐਕਟਿਵ ਕੇਸ ਹੀ ਬਾਕੀ ਰਹਿ ਗਏ ਹਨ।ਸਿਵਲ ਸਰਜਨ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਨਵੀਂ ਪਾਲਿਸੀ ਤਹਿਤ ਇਨ੍ਹਾਂ ਵਿਅਕਤੀਆਂ ਨੂੰ ਹਸਪਤਾਲਾਂ ’ਚੋਂ ਡਿਸਚਾਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਨਵੀਂ ਪਾਲਿਸੀ ਤਹਿਤ 3 ਦਿਨਾਂ ਤੱਕ ਬਿਨਾਂ ਕੋਰੋਨਾ ਲੱਛਣ ਵਾਲੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਅਤੇ ਕੋਰੋਨਾ ਪਾਜ਼ੇਟਿਵ ਲੱਛਣ ਵਾਲਿਆਂ ਨੂੰ 10 ਦਿਨਾਂ ’ਚ ਕੋਈ ਲੱਛਣ ਨਾ ਪਾਏ ਜਾਣ ਤੇ ਬਿਨਾਂ ਟੈਸਟ ਛੁੱਟੀ ਦਿੱਤੀ ਜਾਂਦੀ ਹੈ। 

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ ਹੈ। ਇਨ੍ਹਾਂ ਮਰੀਜ਼ਾਂ ਨੂੰ 7 ਇਸ ਦਿਨ ਆਪੋ-ਆਪਣੇ ਘਰਾਂ ਦੇ ਅੰਦਰ ਹੀ ਏਕਾਂਤਵਾਸ ਰਹਿਣ ਦੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਸਾਹਿਬ ’ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ 56 ਹੈ, ਜਿਨ੍ਹਾਂ ’ਚ 2 ਤਬਲੀਗੀ ਜਮਾਤ ਨਾਲ ਸਬੰਧਤ 14 ਨਾਂਦੇੜ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਨਾਲ ਸਬੰਧਤ, 22 ਵੱਖ-ਵੱਖ ਸੂਬਿਆਂ ’ਚੋਂ ਕੰਬਾਈਨ ਦੇ ਕੰਮਕਾਰ ਨਾਲ ਸਬੰਧਤ, 14 ਕੇਸ ਕੰਬਾਈਨ ਦੇ ਕੰਮ ਕਰਨ ਨਾਲ ਸਬੰਧਤ ਪਾਜ਼ੇਟਿਵ ਪਾਏ ਜਾਣ ਵਾਲੇ ਜਾਂ ਦੇ ਕਲੋਜ਼ ਕੰਟਰੈਕਟ ’ਚੋਂ, 1 ਖਾਂਸੀ, ਜ਼ੁਕਾਮ ਤੇ ਨਜ਼ਲਾ ’ਚੋਂ ਸਾਹਮਣੇ ਆਉਂਦੇ ਨਾਲ-ਨਾਲ 3 ਵੱਖਰੇ ਤੌਰ ’ਤੇ ਕੇਸ ਸਾਹਮਣੇ ਆਏ ਸਨ। ਉਨ੍ਹਾਂ ਦੱਸਿਆ ਕਿ 56 ਪਾਜ਼ੇਟਿਵ ਕੇਸਾਂ ’ਚੋਂ 38 ਮਰਦ ਅਤੇ 18 ਔਰਤਾਂ ਹਨ ਅਤੇ ਇਨ੍ਹਾਂ ‘ਚੋਂ 20 ਸ਼ਹਿਰੀ ਖੇਤਰ ਨਾਲ ਸਬੰਧਤ ਤੇ 36 ਪੇਂਡੂ ਖੇਤਰ ਨਾਲ ਸਬੰਧਤ ਹਨ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਤੱਕ 2609 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 56 ਪਾਜ਼ੀਟਿਵ, 2256 ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਕੇਵਲ 10 ਕੇਸ ਹੀ ਜ਼ਿਲੇ ‘ਚ ਐਕਟਿਵ ਰਹਿ ਗਏ ਹਨ ਅਤੇ 128 ਨਵੇਂ ਹੋਰ ਸੈਂਪਲ ਟੈਸਟਿੰਗ ਲਈ ਲਏ ਗਏ ਹਨ, ਜਦ ਕਿ ਸਿਹਤ ਵਿਭਾਗ ਵੱਲੋਂ ਲਏ ਗਏ 297 ਸੈਂਪਲਾਂ ਦੀ ਰਿਪੋਰਟ ਦਾ ਰਿਜ਼ਲਟ ਅਜੇ ਅਵੇਟਿਡ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਪਾਏ ਜਾਣ ਵਾਲਿਆਂ ‘ਚ ਸਰਹਿੰਦ ਤੋਂ 7, ਪੀ. ਐੱਚ. ਸੀ. ਚਨਾਰਥਲ ਤੋਂ 4, ਸੀ. ਐੱਚ. ਸੀ. ਬੱਸੀ ਪਠਾਣਾਂ ਤੋਂ 6, ਐੱਸ. ਡੀ. ਐੱਚ. ਮੰਡੀ ਗੋਬਿੰਦਗੜ੍ਹ ਤੋਂ 2, ਸੀ. ਐੱਚ. ਸੀ. ਅਮਲੋਹ ਤੋਂ 1, ਸੀ. ਐੱਚ. ਸੀ. ਖੇੜਾ ਤੋਂ 8, ਸੀ. ਐੱਚ. ਸੀ. ਖਮਾਣੋਂ ਤੋਂ 15, ਐੱਮ. ਪੀ. ਐੱਚ. ਸੀ. ਸੰਘੋਲ ਤੋਂ 4, ਸੀ. ਐੱਚ. ਸੀ. ਨੰਦਪੁਰ ਕਲੌੜ ਤੋਂ 9 ਵਿਅਕਤੀ ਸਬੰਧਤ ਹਨ। ਡਾ. ਅਗਰਵਾਲ ਨੇ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਹੀ ਉਹ ਇਸ ਕੋਰੋਨਾ ਵਰਗੀ ਮਹਾਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਮਤਲਬ ਤੋਂ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਜਿੰਨੀ ਲੋਕਾਂ ਤੋਂ ਦੂਰੀ ਬਣਾਈ ਜਾ ਸਕਦੀ ਹੈ ਦੂਰੀ ਬਣਾ ਕੇ ਹੀ ਰਿਹਾ ਜਾਵੇ ਅਤੇ ਵਾਰ-ਵਾਰ ਹੱਥਾਂ ਨੂੰ ਸਾਫ ਕੀਤਾ ਤੇ ਇਸ ਦੇ ਨਾਲ ਹੀ ਮੂੰਹ ‘ਤੇ ਮਾਸਕ ਬੰਨ੍ਹ ਕੇ ਹੀ ਬਾਜ਼ਾਰ ਜਾਂ ਇਧਰ-ਉਧਰ ਆਇਆ ਜਾਵੇ।


author

Shyna

Content Editor

Related News