‘‘ਸਾਨੂੰ ਤੇਰੇ ਜਿਹਾ ਨਹੀਂ ਅੱਲ੍ਹਾ ਪਛਾਣਦਾ...।’’

Saturday, Dec 28, 2019 - 10:46 AM (IST)

‘‘ਸਾਨੂੰ ਤੇਰੇ ਜਿਹਾ ਨਹੀਂ ਅੱਲ੍ਹਾ ਪਛਾਣਦਾ...।’’

ਸ੍ਰੀ ਫਤਿਹਗੜ੍ਹ ਸਹਿਬ/ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)-ਪੋਹ ਦੀਆਂ ਕੁਰਬਾਨੀਪ੍ਰਸਤ ਰਾਤਾਂ ’ਚ ਜਿੱਥੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਤੋਂ ਇਲਾਵਾ ਅਨੇਕਾਂ ਨਾਮੀ ਅਤੇ ਬੇਨਾਮੀ ਸਿੰਘਾਂ, ਸਿੰਘਣੀਆਂ, ਭੁਜੰਗੀਆਂ ਨੇ ਆਪਣਾ ਲਹੂ ਡੋਲ੍ਹ ਕੇ ਕਾਲੀਆਂ ਰਾਤਾਂ ਦੀ ਤਵਾਰੀਖ ਨੂੰ ਨੂਰੋਂ-ਨੂਰ ਕੀਤਾ, ਉੱਥੇ ਅਨੇਕਾਂ ਗੈਰ-ਮਜ਼੍ਹਬੀ ਅਜਿਹੇ ਕਿਰਦਾਰਾਂ ਨੇ ਵੀ ਆਪਣਾ ਮੌਲਿਕ ਯੋਗਦਾਨ ਪਾ ਕੇ ਸਿੱਖ ਤਵਾਰੀਖ ‘ਚ ਸਤਿਕਾਰਤ ਸਥਾਨ ਪ੍ਰਾਪਤ ਕੀਤਾ ਹੈ ਅਤੇ ਵਜ਼ੀਦ ਖਾਨ ਦੀ ਉਸ ਮਜ਼੍ਹਬੀ ਕੱਟੜਤਾ ਨੂੰ ਮੂੰਹਤੋੜਵਾਂ ਜੁਆਬ ਦਿੱਤਾ ਹੈ, ਜੋ ਇਸਲਾਮ ਦੇ ਨਾਮ ‘ਤੇ ਅੱਲ੍ਹਾ ਪਾਕ ਦੇ ਬੁਨਿਆਦੀ ਸਿਧਾਂਤਾਂ ਤੋਂ ਉਲਟ, ਸੱਤਾਧਾਰੀ ਨਸ਼ੇ ‘ਚ ਚੂਰ ਹੋ ਕੇ ਮਜ਼ਲੂਮਾਂ ਦਾ ਲਹੂ ਚੂਸ ਰਹੀ ਸੀ। ਇਸ ਸਰਬ ਧਰਮ ਦੇ ਸਾਂਝੇ ਫਲਸਫੇ ਨੂੰ ਬੁਲੰਦ ਰੱਖਣ ਲਈ ਕਈਆਂ ਨੂੰ ਸਰਕਾਰੀ ਜੋਖਮ ਵੀ ਹੰਢਾਉਣਾ ਪਿਆ।

ਕਿਲਾ ਅਨੰਦਗੜ੍ਹ ਤੋਂ ਨਿਕਲਦਿਆਂ, ਸਰਸਾ ‘ਤੇ ਪਰਿਵਾਰ ਵਿਛੋੜਾ ਪੈਣ ਉਪਰੰਤ ਬਾਬਾ ਕੁੰਮਾ ਮਾਸ਼ਕੀ ਅਤੇ ਮਾਤਾ ਲੱਛਮੀ ਨੇ ਗੈਰ-ਸਿੱਖ ਹੋਣ ਦੇ ਬਾਵਜੂਦ ਜੋ ਖਿਦਮਤ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੀਤੀ, ਉਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਪਿੰਡ ਕੋਟਲਾ ਨਿਹੰਗ ‘ਚ ਪਠਾਣ ਨਿਹੰਗ ਖਾਨ ਅਤੇ ਉਸ ਦੀ ਬੇਟੀ ਬੀਬੀ ਮੁਮਤਾਜ਼ ਨੇ ਮੁਗਲ ਹਕੂਮਤ ਦੇ ਇਸਲਾਮਪ੍ਰਸਤ ਫਰਜ਼ੀ ਮਖੌਟੇ ਨੂੰ ਤੋੜਦਿਆਂ ਅੱਲ੍ਹਾ ਦੇ ਪਾਕ ਮੋਮਨ ਹੋਣ ਦਾ ਸਬੂਤ ਦਿੱਤਾ। ਜਿੱਥੇ ਪਹਾੜੀ ਰਾਜੇ ਗੁਰੂ ਜੀ ਦੀ ਜਾਨ ਦੇ ਵੈਰੀ ਬਣੇ ਉੱਥੇ ਚੌਧਰੀ ਬੁੱਧੀ ਚੰਦ ਨੇ ਗੁਰੂ ਜੀ ਨੂੰ ਕੱਚੀ ਗੜ੍ਹੀ ‘ਚ ਪਨਾਹ ਦੇ ਕੇ ਸ਼ਲਾਘਾਯੋਗ ਵਫਾ ਨਿਭਾਈ। ਮਾਛੀਵਾੜੇ ਦੀ ਧਰਤੀ ‘ਤੇ ਪਠਾਣ ਨਬੀ ਖਾਨ ਅਤੇ ਗਨੀ ਖਾਨ ਜਿੱਥੇ ਗੁਰੂ ਜੀ ਲਈ ਸਹਾਰਾ ਬਣੇ ਉੱਥੇ ਰਾਏ ਕੱਲਾ ਨੇ ਉਨ੍ਹਾਂ ਦੀ ਅੰਦਰੂਨੀ ਜੋਤ ਨੂੰ ਪਛਾਣਿਆ। ਇਸੇ ਕੜੀ ਤਹਿਤ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਜਿਹੇ ਗੈਰ-ਮਜ਼੍ਹਬੀ ਲੋਕਾਂ ਨੇ ਮੁਗਲਾਂ ਤੋਂ ਬਖੌਫ ਹੋ ਕੇ ਗੁਰੂ ਲਾਲਾਂ ਪ੍ਰਤੀ ਵਫਾਦਾਰੀ ਦਾ ਸਬੂਤ ਦਿੱਤਾ, ਉੱਥੇ ਸਾਕਾ ਸਰਹਿੰਦ ਦੀ ਕੈਨਵੈੱਸ ‘ਤੇ ਕੁਝ ਅਜਿਹੇ ਮੋਮਨ ਕਿਰਦਾਰ ਵੀ ਆਏ, ਜਿਨ੍ਹਾਂ ਨੇ ਅੱਲ੍ਹਾ ਦੇ ਪਾਕ ਸਿਧਾਂਤ ਨੂੰ ਬੁਲੰਦ ਰੱਖਣ ਦਾ ਯਤਨ ਕੀਤਾ। ਗੁਰੂ ਜੀ ਦੇ ਵਫਾਦਾਰਾਂ ਅਤੇ ਗੱਦਾਰਾਂ ‘ਚ ਤਕਸੀਮ ਹੋਏ ਸਫਰ-ਏ-ਸ਼ਹਾਦਤ ਦੌਰਾਨ ਕੁਝ ਕਿਰਦਾਰਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਇਨ੍ਹਾਂ ਕਾਲਮਾਂ ‘ਚ ਕੀਤਾ ਜਾ ਰਿਹਾ ਹੈ।

PunjabKesari

ਕੁਰਬਾਨੀਪ੍ਰਸਤ ਕਿਰਦਾਰ ਬੇਗਮ ਜੈਨਬੁਨਿਮਾ ਉਰਫ ਜੈਨਾ
ਸਾਕਾ ਸਰਹਿੰਦ ਦੇ ਮੁੱਖ ਖਲਨਾਇਕ ਵਜ਼ੀਦ ਖਾਨ ਵੱਲੋਂ ਜਬਰੀ ਬੇਗਮ ਬਣਾਈ ਜੈਨਬੁਨਿਮਾ ਉਰਫ ਜੈਨਾ ਮੂਲ ਤੌਰ ‘ਤੇ ਬਾਈਧਾਰ ਦੇ ਬਿਲਾਸਪੁਰ ਖੇਤਰ ਦੀ ਜੰਮਪਲ ਸੀ। ਰਾਜਪੂਤ ਘਰਾਣੇ ‘ਚ ਜਨਮੀ ਜੈਨਾ ਦਾ ਪਹਿਲਾ ਨਾਮ ਭਾਗੋ ਸੀ। ਉਸ ਦੀ ਮਾਂ ਦਾ ਨਾਮ ਸੁਭਾਗੋ ਸੀ ਅਤੇ ਸੁਭਾਗੋ ਗੁਰੂ ਦਰਬਾਰ ‘ਚ ਸੇਵਾ ਨਿਭਾਉਂਦੀ ਸੀ। ਇਕ ਅਜਿਹੀ ਅੰਮ੍ਰਿਤਧਾਰੀ ਬੀਬੀ ਨਾਲ ਸਨੇਹ ਰੱਖਦੀ ਸੀ, ਜੋ ਕਿ ਗੁਰੂ ਕੇ ਲਾਲਾਂ ਦੀ ਦੇਖਭਾਲ ਦੀ ਡਿਊਟੀ ਨਿਭਾਉਂਦੀ ਹੁੰਦੀ ਸੀ। ਇਕ ਦਿਨ ਭਾਗੋ ਨੂੰ ਕੁਦਰਤਨ ਗੁਰੂ ਦਰਬਾਰ ‘ਚ ਉਸ ਬੀਬੀ ਨੂੰ ਮਿਲਣ ਜਾ ਰਹੀ ਆਪਣੀ ਮਾਂ ਸੁਭਾਗੋ ਨਾਲ ਜਾਣ ਦਾ ਸਬੱਬ ਪ੍ਰਾਪਤ ਹੋਇਆ ਜਿਸ ਤਹਿਤ ਉਸ ਨੇ ਸਾਹਿਬਜ਼ਾਦਿਆਂ ਦੇ ਰੂਹ ਭਰ ਕੇ ਦਰਸ਼ਨ ਕੀਤੇ। ਇਹ ਮੌਕਾ ਮੇਲ ਭਾਗੋ ਦੇ ਦਿਲ ‘ਤੇ ਅਜਿਹਾ ਅਸਰਦਾਰ ਸਾਬਤ ਹੋਇਆ ਕਿ ਉਹ ਤਮਾਮ ਉਮਰ ਸਾਹਿਬਜ਼ਾਦਿਆਂ ਦੇ ਸੁੰਦਰ ਚਿਹਰਿਆਂ ਨੂੰ ਰੂਹੋਂ ਨਾ ਵਿਸਾਰ ਸਕੀ। ਆਪਣੀ ਚਾਲ ਚੱਲਦੇ ਵਕਤ ਨੇ ਕਰਵਟ ਲਈ ਭਾਗੋ ਦਾ ਵਿਆਹ ਸਰਹਿੰਦ ਖੇਤਰ ਦੇ ਇਕ ਪਿੰਡ ‘ਚ ਤਹਿ ਹੋ ਗਿਆ ਅਤੇ ਜਦੋਂ ਉਸ ਦਾ ਡੋਲਾ ਆਪਣੇ ਸਹੁਰੇ ਘਰ ਜਾ ਰਿਹਾ ਸੀ ਤਾਂ ਉਸ ਡੋਲੇ ਨੂੰ ਸੂਬਾ-ਏ-ਸਰਹਿੰਦ ਨੇ ਲੁੱਟ ਲਿਆ। ਕਿਹਾ ਜਾਂਦਾ ਹੈ ਕਿ ਭਾਗੋ ਦੇ ਹੁਸਨ ਦੀ ਤਾਰੀਫ ਵਜ਼ੀਦ ਖਾਨ ਨੇ ਪਹਿਲਾਂ ਵੀ ਸੁਣੀ ਹੋਈ ਸੀ ਅਤੇ ਉਸ ਨੇ ਆਪਣੇ ਸ਼ਾਹੀ ਠਾਠ ਅਤੇ ਐਸ਼ੋ-ਇਸ਼ਰਤ ਦਾ ਹਰ ਵਸੀਲਾ ਵਰਤ ਕੇ ਭਾਗੋ ਨੂੰ ਰੂਹੋਂ ਭਰਮਾਉਣ ਦੀ ਕੋਸ਼ਿਸ਼ ਕੀਤੀ ਪਰ ਮੰਦੇ ਭਾਗਾਂ ਦਾ ਸ਼ਿਕਾਰ ਹੋਈ ਅਭਾਗਣ ਭਾਗੋ ਦਸੌਂਟੇ ਕੱਟ ਕੇ ਵੀ ਆਪਣਾ ਈਮਾਨ ਸਲਾਮਤ ਰੱਖਣ ਲਈ ਯਤਨਸ਼ੀਲ ਸੀ। ਅੰਤ ਬਾਦਸ਼ਾਹੀ ਧੌਂਸ ਅੱਗੇ ਔਰਤ ਜਾਤ ਦੀ ਮਜਬੂਰੀ ਨੇ ਹਥਿਆਰ ਸੁੱਟ ਕੇ ਵਕਤ ਨਾਲ ਫਰਜ਼ੀ ਸਮਝੌਤਾ ਤਾਂ ਕਰ ਲਿਆ ਪਰ ਉਸ ਦੀ ਪਰਵਾਜ਼ਾਂ ਭਰੀ ਅਨੰਦਪੁਰੀ ਦੇ ਨਜ਼ਾਰੇ ਤੱਕਦੀ ਆਤਮਾ ਨੂੰ ਜਿੱਤਣਾ ਵਜ਼ੀਦ ਖਾਨ ਦੇ ਵਸ ਨਹੀਂ ਸੀ। ਵਜ਼ੀਦ ਖਾਨ ਨੇ ਨਿਕਾਹ ਤੋਂ ਬਾਅਦ ਭਾਗੋ ਦਾ ਨਾਮ ਜੈਨਬੁਨਿਮਾ ਰੱਖ ਲਿਆ ਸੀ ਅਤੇ ਉਂਝ ਉਸ ਨੂੰ ਬੇਗਮ ਜੈਨਾ ਦੇ ਨਾਮ ਨਾਲ ਪੁਕਾਰਦਾ ਸੀ।

ਇਤਿਹਾਸਕਾਰਾਂ ਨੇ ਜੈਨਾ ਦੀ ਕੁੱਖੋਂ ਵਜ਼ੀਦ ਖਾਨ ਦੇ 2 ਫਰਜੰਦ ਜੰਮਣ ਦੀ ਗੱਲ ਵੀ ਕੀਤੀ ਹੈ। ਅੰਤ ਜਦੋਂ ਉਹ ਵੇਲਾ ਆਇਆ ਜਦੋਂ ਕਾਜੀ ਨੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਨੀਹਾਂ ‘ਚ ਚਿਣਨ ਦਾ ਫਤਵਾ ਸੁਣਾ ਦਿੱਤਾ ਤਾਂ ਇਸਦੀ ਖਬਰ ਪਾ ਕੇ ਜੈਨਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਸਾਹਿਬਜ਼ਾਦਿਆਂ ਦੇ ਚਿਹਰੇ ਉਸ ਦੀਆਂ ਅੱਖਾਂ ਸਾਹਮਣੇ ਆ ਗਏ। ਉਸ ਨੇ ਠੋਕ ਵਜਾ ਕੇ ਇਸ ਜ਼ੁਲਮ ਨੂੰ ਰੋਕਣ ਦੀ ਵਜ਼ੀਦ ਖਾਨ ਅੱਗੇ ਵਕਾਲਤ ਕੀਤੀ ਪਰ ਉਸਦੀ ਈਮਾਨੋ ਦਿੱਤੀ ਦੁਹਾਈ ਬਾਦਸ਼ਾਹ ਦੀ ਅਮੋੜ ਫਿਤਰਤ ਅਤੇ ਕੱਟੜਪੰਥੀ ਫਤਵੇ ਦਾ ਵਹਿਣ ਨਾ ਮੋੜ ਸਕੀ। ਅੰਤ ਭਾਣਾ ਵਰਤ ਗਿਆ ਤਾਂ ਜੈਨਾ ਆਪਣੀਆਂ ਨਜ਼ਰਾਂ ‘ਚ ਖੁਦ ਸ਼ਰਮਿੰਦੀ ਹੋ ਕੇ ਰਹਿ ਗਈ। ਜ਼ੁਲਮ ਦੀ ਇੰਤਹਾ ਕਾਰਣ ਜੈਨਾ ਉਸ ਅੰਦਰੂਨੀ ਸਿਦਕ ਤੋਂ ਅੱਗੇ ਬੌਣੀ ਹੋ ਗਈ ਜੋ ਵਰਿ੍ਹਆਂ ਤੋਂ ਉਸ ਦੇ ਜ਼ਿਹਨ ‘ਚ ਪਲ ਰਿਹਾ ਸੀ। ਆਖਿਰ ਇਹ ਸਿਦਕ ਉਦੋਂ ਪੂਰਨ ਰੂਪ ‘ਚ ਜਾ ਪ੍ਰਵਾਨ ਚੜਿ੍ਹਆ ਜਦੋਂ ਇਸ ਸਦਮੇ ਨੂੰ ਨਾ ਸਹਾਰਦਿਆਂ ਜੈਨਾ ਨੇ ਤੇਜ਼ ਕਟਾਰੀ ਸੀਨੇ ਮਾਰ ਕੇ ਸੁੱਕਦੇ ਸੰਕਲਪ ਦੀਆਂ ਜੜ੍ਹਾਂ ਲਹੂ ਨਾਲ ਸਿੰਝ ਸੁਰਜੀਤ ਕਰ ਦਿੱਤੀਆਂ। ਜਿਸ ਵਜ਼ੀਦੇ ਨੇ ਸਿੱਖਾਂ ਨਾਲ ਘੋਰ ਅਨਿਆਂ ਕੀਤਾ ਸੀ ਉਸਦੀ ਬੇਗਮ ਇਹ ਲਾਮਿਸਾਲ ਕੁਰਬਾਨੀ ਕਰ ਕੇ ਸਤਿਕਾਰ ਦੀ ਪਾਤਰ ਬਣ ਗਈ। ਇਹ ਤ੍ਰਾਸਦੀ ਹੈ ਕਿ ਇਤਿਹਾਸਕਾਰਾਂ ਨੇ ਜੈਨਾ ਨੂੰ ਉਹ ਸਥਾਨ ਨਹੀਂ ਦਿੱਤਾ ਜਿਸ ਦੀ ਉਹ ਹੱਕਦਾਰ ਸੀ।

PunjabKesari

ਹਾਅ ਦਾ ਨਾਅਰਾ ਬਨਾਮ ਨਵਾਬ ਮਾਲੇਰਕੋਟਲਾ
ਜਿਸ ਵੇਲੇ ਕਾਜੀ ਨੇ ਫਤਵਾ ਲਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਨੀਹਾਂ ‘ਚ ਚਿਣਨ ਦਾ ਹੁਕਮ ਸੁਣਾਇਆ ਤਾਂ ਵਜ਼ੀਦ ਖਾਨ ਨੇ ਭਰੀ ਕਚਹਿਰੀ ‘ਚ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਨੂੰ ਬੀਤੇ ਦਿਨੀਂ ਜੰਗ-ਏ-ਚਮਕੌਰ ‘ਚ ਗੁਰੂ ਜੀ ਹੱਥੋਂ ਮਾਰੇ ਗਏ ਉਸ ਦੇ ਭਰਾ ਨਾਹਰ ਖਾਨ ਦਾ ਬਦਲਾ ਸਾਹਿਬਜ਼ਾਦਿਆਂ ਤੋਂ ਲੈਣ ਦੀ ਪੇਸ਼ਕਸ਼ ਕੀਤੀ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਇਸ ਪੇਸ਼ਕਸ਼ ਨੂੰ ਠੁਕਰਾ ਕੇ ਕਚਹਿਰੀ ‘ਚੋਂ ਬਾਹਰ ਹੋ ਗਿਆ। ਅਤਿ ਸੰਗੀਨ ਹਾਲਾਤ ‘ਚ ਮਾਸੂਮਾਂ ਦੇ ਹੱਕ ‘ਚ ਮਾਰਿਆ ਇਹ ‘ਹਾਅ ਦਾ ਨਾਅਰਾ‘ ਸਿੱਖ ਜਗਤ ਲਈ ਅਜਿਹਾ ਨਾਅਰਾ ਹੋ ਨਿੱਬੜਿਆ ਜਿਸਦੇ ਅਹਿਸਾਨਮੰਦ ਹੋਏ ਗੁਰੂ ਕੇ ਸਿੱਖ ਨਵਾਬ ਸ਼ੇਰ ਮੁਹੰਮਦ ਖਾਨ ਦੇ ਤਮਾਮ ਪੰਥ ਵਿਰੋਧੀ ਗਤੀਵਿਧੀਆਂ ‘ਤੇ ਲਕੀਰ ਖਿੱਚ ਗਏ। ਦਰਅਸਲ ਸੂਬੇ ਦੀ ਕਚਹਿਰੀ ‘ਚ ਨਵਾਬ ਮਾਲੇਰਕੋਟਲਾ ਦਾ ਇਹ ਫੈਸਲਾ ਮਨੁੱਖੀ ਅਧਿਕਾਰਾਂ ਦਾ ਹਿਤੈਸ਼ੀ ਸੀ ਜਦੋਂ ਕਿ ਉਹ ਤਮਾਮ ਜ਼ਿੰਦਗੀ ਮੁਗਲ ਸਲਤਨਤ ਦੇ ਹੱਕ ‘ਚ ਖੜਿ੍ਹਆ। ਉਸ ਦੇ ਹਾਅ ਦੇ ਨਾਅਰੇ ਤੋਂ ਪਹਿਲਾਂ ਅਤੇ ਪਿੱਛੋਂ ਸਮੁੱਚਾ ਸਮਰਥਨ ਮੁਗਲ ਹਕੂਮਤ ਦੇ ਹੱਕ ‘ਚ ਹੀ ਰਿਹਾ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਰਹਿੰਦ ‘ਤੇ ਬੋਲੇ ਧਾਵੇ ਮੌਕੇ ਨਵਾਬ ਮਾਲੇਰਕੋਟਲਾ ਨੇ ਮੁਗਲ ਹਕੂਮਤ ਦਾ ਡਟ ਕੇ ਸਾਥ ਦਿੱਤਾ। ਉਹ ਖੁਦ ਸਰਹਿੰਦ ਫਤਿਹ ਦੌਰਾਨ ਫੌਜਾਂ ਨਾਲ ਲੜਦਾ ਜਿੱਥੇ ਚੱਪੜਚਿੜੀ ਦੇ ਮੈਦਾਨ ‘ਚ ਮਾਰਿਆ ਗਿਆ ਉੱਥੇ ਉਸ ਦਾ ਇਕ ਭਰਾ ਖਿਜਰ ਖਾਨ ਅਤੇ 2 ਭਤੀਜੇ ਨੁਸਰਤ ਅਲੀ ਖਾਨ ਅਤੇ ਬਲੀ ਮੁਹੰਮਦ ਖਾਨ ਇਸੇ ਦੌਰਾਨ ਹੀ ਰੋਪੜ ਲਾਗੇ ਹੋਈਆਂ ਝੜਪਾਂ ‘ਚ ਮਾਰੇ ਗਏ। ਇਸ ਤੋਂ ਪਹਿਲਾਂ ਉਸਦੇ 2 ਭਰਾ ਨਾਹਰ ਖਾਨ ਅਤੇ ਗਨੀ ਖਾਨ ਚਮਕੌਰ ਦੀ ਜੰਗ ‘ਚ ਮੁਗਲ ਹਕੂਮਤ ਦੇ ਹੱਕ ‘ਚ ਲੜਦਿਆਂ ਦਸਮੇਸ਼ ਪਿਤਾ ਹੱਥੋਂ ਮਾਰੇ ਗਏ ਸਨ। ਅਜਿਹੀ ਸਥਿਤੀ ‘ਚ ਖਾਲਸਾ ਪੰਥ ਖਿਲਾਫ ਜ਼ਿੰਦਗੀ ਭਰ ਲੜਦੇ ਰਹੇ ਨਵਾਬ ਮਾਲੇਰਕੋਟਲਾ ਨੂੰ ਮਹਿਜ਼ ਹਾਅ ਦੇ ਨਾਅਰੇ ਬਦਲੇ ਖਾਲਸਾ ਪੰਥ ਨੇ ਲਾਮਿਸਾਲ ਸਤਿਕਾਰ ਦਾ ਪਾਤਰ ਬਣਾ ਦਿੱਤਾ। 1947 ਦੌਰਾਨ ਤਕਸੀਮ-ਏ-ਪੰਜਾਬ ਮੌਕੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਇਸ ਹਾਅ ਦੇ ਨਾਅਰੇ ਦੇ ਪ੍ਰਤਾਪ ਬਦਲੇ ਉਹ ਫਿਰਕੂ ਅੱਗ ਦਾ ਸੇਕ ਮਾਲੇਰਕੋਟਲਾ ਸ਼ਹਿਰ ਨੂੰ ਨਹੀਂ ਲੱਗ ਸਕਿਆ ਜਿਸ ਅੱਗ ਨੇ ਸਮੁੱਚੇ ਪੰਜਾਬ ਨੂੰ ਆਪਣੀਆਂ ਫਿਰਕੂ ਲਪਟਾਂ ‘ਚ ਘੇਰਿਆ ਹੋਇਆ ਸੀ।

PunjabKesari

ਗੁਰ ਇਤਿਹਾਸ ਬਦਲੇ ਜੋਖਮ ਹੰਢਾਉਣ ਵਾਲਾ ਲਾਸਾਨੀ ਕਲਮਕਾਰ : ਜੋਗੀ ਅੱਲ੍ਹਾ ਯਾਰ ਖਾਨ
ਹਾਲਾਂਕਿ ਜੋਗੀ ਅੱਲ੍ਹਾ ਯਾਰ ਖਾਨ ਦਾ ਜੀਵਨਕਾਲ ਸਾਕਾ ਸਰਹਿੰਦ ਤੋਂ ਕਰੀਬ ਦੋ ਸਦੀਆਂ ਬਾਅਦ ਦਾ ਹੈ ਪਰ ਉਸ ਦਾ ਗੂੜ੍ਹਾ ਨਾਤਾ ਸਾਕਾ ਸਰਹਿੰਦ ਅਤੇ ਸਾਕਾ ਚਮਕੌਰ ਨਾਲ ਜੁੜਿਆ ਹੈ। ਇਸਲਾਮਪ੍ਰਸਤ ਘਰਾਣੇ ‘ਚ ਜਨਮ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਅਥਾਹ ਆਸਥਾ ਰੱਖਣ ਵਾਲੇ ਅਤੇ ਮਜ਼੍ਹਬੀ ਕੱਟੜਤਾ ਤੋਂ ਬੇਖੌਫ ਰਹਿ ਕੇ ਗੁਰੂਕਿਆਂ ਲਈ ਅਥਾਹ ਘਾਲਣਾ ਘਾਲਣ ਵਾਲੇ ਇਸ ਸ਼ਾਇਰ ਦੀਆਂ ਰਚਨਾਵਾਂ ਜਿੱਥੇ ਪੰਥ ਪ੍ਰਮਾਣਿਤ ਸਾਬਤ ਹੋਈਆਂ ਉੱਥੇ ਇਸ ਬਰਾਬਰ ਕੋਈ ਵੀ ਕਲਮਕਾਰ ਨਹੀਂ ਢੁਕ ਸਕਿਆ। ਜੋਗੀ ਅੱਲ੍ਹਾ ਯਾਰ ਖਾਨ ਦਾ ਜਨਮ 1870 ‘ਚ ਮਾਝੇ ਪੰਜਾਬ ਦੀ ਤਤਕਾਲੀ ਰਾਜਧਾਨੀ ਲਾਹੌਰ ‘ਚ ਹੋਇਆ ਉਸ ਨੇ ‘ਗੰਜਿ-ਏ-ਸ਼ਹੀਦਾਂ‘ ਪੁਸਤਕ ਰਾਹੀਂ ਸਾਕਾ ਚਮਕੌਰ ਅਤੇ ‘ਸ਼ਹੀਦਾਨਿ ਵਫਾ’ ਰਾਹੀਂ ਸਾਕਾ ਸਰਹਿੰਦ ਨੂੰ ਕਲਮਬੱਧ ਕਰ ਕੇ ਜੋ ਧਾਕ ਸਿੱਖ ਤਵਾਰੀਖ ‘ਚ ਸਥਾਪਤ ਕੀਤੀ ਉਸ ਨੇ ਜੋਗੀ ਅੱਲ੍ਹਾ ਯਾਰ ਖਾਨ ਨੂੰ ਗੁਰੂ-ਪ੍ਰੀਤ ਦਾ ਇਕ ਅਜਿਹਾ ਮੁਰੀਦ ਬਣਾ ਦਿੱਤਾ ਜੋ ਮਜ਼੍ਹਬ ਦੇ ਅਖੌਤੀ ਠੇਕੇਦਾਰਾਂ ਨਾਲ ਹਰ ਟੱਕਰ ਲੈਣ ਲਈ ਤਿਆਰ ਹੋ ਗਿਆ ਅਤੇ ਬਹੁ-ਗਿਣਤੀ ਭਾਈਚਾਰੇ ਤੋਂ ਹਰ ਤਰੀਕੇ ਮੂੰਹ ਮੋੜਨ ਦਾ ਸੰਕਲਪ ਅਖਤਿਆਰ ਕਰ ਬੈਠਾ।
ਇਸਲਾਮ ‘ਚ ਰਹਿ ਕੇ ਗੁਰੂ ਲਾਲਾਂ ਅਤੇ ਗੁਰੂ ਦੀਆਂ ਲਿਖਤਾਂ ਲਿਖਣ ਅਤੇ ਗੁਰੂ ਦੀਆਂ ਸਿਫਤਾਂ ਕਰਨ ਬਦਲੇ ਇਸਲਾਮ ਦਾ ਕਾਫਰ ਤੱਕ ਕਹਿ ਕੇ ਵੀ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਸਪੱਸ਼ਟ ਗੁਰੂ ਦੇ ਸਿਧਾਂਤ ‘ਚ ਰਹਿ ਕੇ ਅਖੌਤੀ ਧਰਮ ਦੇ ਠੇਕੇਦਾਰਾਂ ਵਿਰੁੱਧ ਡਟਣ ਦਾ ਅਹਿਦ ਕੀਤਾ। 20ਵੀਂ ਸਦੀ ਦੇ ਮੁੱਢਲੇ ਦਹਾਕਿਆਂ ‘ਚ ਭਾਵੇਂ ਜੋਗੀ ਅੱਲ੍ਹਾ ਯਾਰ ਖਾਨ ਇਸ ਸੰਸਾਰ ਤੋਂ ਰੁਖਸਤ ਕਰ ਗਏ ਪਰ ਉਨ੍ਹਾਂ ਨੂੰ ਪੰਥ ਖਾਲਸਾ ਅੱਜ ਵੀ ਇਕ ਰਹਿਬਰ ਦੇ ਰੂਪ ‘ਚ ਸਤਿਕਾਰ ਰਿਹਾ ਹੈ।

PunjabKesari

‘‘ਇਸਲਾਮ ਦੇ ਸਿਧਾਂਤ ਅਨੁਸਾਰ 12 ਸਾਲਾਂ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ‘ਤੇ ਸਜ਼ਾ ਲਾਗੂ ਨਹੀਂ ਹੁੰਦੀ, ਜਿਸ ਕਾਰਨ ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਉਸ ਕਾਲ ਦੌਰਾਨ ਰਾਜ ਮੁਸਲਮਾਨਾਂ ਦਾ ਜ਼ਰੂਰ ਸੀ ਪਰ ਉਸ ਨੂੰ ਅਸੀਂ ਇਸਲਾਮ ਰਾਜ ਨਹੀਂ ਕਹਿ ਸਕਦੇ। ਜੋ ਤਸ਼ੱਦਦ ਅਤੇ ਸ਼ਹੀਦ ਕਰਨ ਦਾ ਢੰਗ ਹਕੂਮਤ ਵੱਲੋਂ ਸਿੱਖਾਂ ‘ਤੇ ਲਾਗੂ ਕੀਤਾ ਗਿਆ ਉਹ ਇਸਲਾਮ ਦਾ ਹਿੱਸਾ ਨਹੀਂ ਹੈ। ਜਿਹੜੇ ਇਸਲਾਮਪ੍ਰਸਤ ਮੁਸਲਮਾਨ ਉਦੋਂ ਇਸ ਸਿਧਾਂਤ ਦਾ ਪੂਰਾ ਇਲਮ ਰੱਖਦੇ ਸਨ ਉਨ੍ਹਾਂ ਨੇ ਉਦੋਂ ਇਸ ਸਿਧਾਂਤ ਨੂੰ ਜ਼ਿੰਦਾ ਰੱਖਣ ਲਈ ਗੁਰੂ ਜੀ ਦਾ ਸਾਥ ਦਿੱਤਾ ਜਿਨ੍ਹਾਂ ਦਾ ਫਲਸਫਾ ਮਜ਼੍ਹਬ ਤੋਂ ਉੱਤੇ ਉੱਠ ਕੇ ਮਾਨਵਤਾ ਹਿਤੈਸ਼ੀ ਸੀ’’- ਗੁਲਾਮ ਹੈਦਰ ਕਾਦਰੀ ਸੂਫੀ ਸੰਤ ਅਤੇ ਕਥਾਵਾਚਕ


author

shivani attri

Content Editor

Related News