ਸਰਹਿੰਦ ਰੇਲਵੇ ਸਟੇਸ਼ਨ ਤੋਂ 1320 ਪਰਵਾਸੀਆਂ ਨੂੰ ਲੈ ਕੇ ''ਸ਼੍ਰਮਿਕ ਐਕਸਪ੍ਰੈਸ'' ਗੋਰਖਪੁਰ ਰਵਾਨਾ

Sunday, May 10, 2020 - 10:39 AM (IST)

ਫਤਿਹਗੜ੍ਹ ਸਾਹਿਬ (ਰਾਮਕਮਲ):ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਜੱੱਦੀ ਸੂਬਿਆਂ 'ਚ ਮੁਫ਼ਤ ਭੇਜਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤਹਿਤ ਸਰਹਿੰਦ ਰੇਲਵੇ ਸਟੇਸ਼ਨ ਤੋਂ 'ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀ 1320 ਪ੍ਰਵਾਸੀਆਂ ਨੂੰ ਲੈ ਕੇ ਗੋਰਖਪੁਰ (ਉੱਤਰ ਪ੍ਰਦੇਸ਼) ਲਈ ਰਵਾਨਾ ਹੋਈ। ਪ੍ਰਵਾਸੀਆਂ ਨੂੰ ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਭੇਜਣ ਦਾ ਖ਼ਰਚਾ 05 ਲੱਖ 76 ਹਜ਼ਾਰ ਰੁਪਏ ਬਣਦਾ ਹੈ, ਜੋ ਕਿ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ। ਰੇਲ ਗੱਡੀ ਰਵਾਨਾ ਹੋਣ ਉਪਰੰਤ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਤੈਅ ਪ੍ਰਕਿਰਿਆ ਤਹਿਤ ਰਜਿਸਟਰੇਸ਼ਨ ਉਪਰੰਤ ਮੈਡੀਕਲ ਸਕਰੀਨਿੰਗ ਮੁਕੰਮਲ ਹੋਣ 'ਤੇ ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸੂਬੇ ਨੂੰ ਭੇਜਿਆ ਗਿਆ ਹੈ ਤੇ ਕਿਸੇ ਵੀ ਯਾਤਰੀ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਗਈ। ਯਤਾਰੀਆਂ ਨੂੰ ਖਾਣਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।

PunjabKesari

ਇਸ ਮੌਕੇ ਜ਼ਿਲਾ ਪੁਲਸ ਮੁਖੀ ਨੇ ਕਿਹਾ ਕਿ ਇਸ ਰੇਲ ਗੱਡੀ ਦੇ ਜਾਣ ਸਬੰਧੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਤੇ ਨਾਲ ਹੀ ਸਮਾਜਕ ਦੂਰੀ ਸਮੇਤ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਗਈ ਹੈ।ਇਸ ਮੌਕੇ ਯਾਤਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਵਾਪਸੀ ਲਈ ਜੋ ਉਪਰਾਲਾ ਕੀਤਾ ਹੈ, ਉਹ ਉਸ ਲਈ ਪੰਜਾਬ ਸਰਕਾਰ ਦੇ ਧੰਨਵਾਦੀ ਹਨ।

PunjabKesari

ਇਸ ਮੌਕੇ ਐਸ.ਪੀ. (ਐਚ) ਨਵਰੀਤ ਸਿੰਘ ਵਿਰਕ, ਐਸ.ਪੀ. ਕੰਵਲਪ੍ਰੀਤ ਸਿੰਘ ਚਾਹਲ, ਐਸ.ਪੀ. (ਡੀ) ਹਰਪਾਲ ਸਿੰਘ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਐਸ.ਡੀ.ਐਮ. ਅਮਲੋਹ ਆਨੰਦ ਸਾਗਰ ਸ਼ਰਮਾ, ਐਸ.ਡੀ.ਐਮ. ਬਸੀ ਪਠਾਣਾਂ ਪਵਿੱਤਰ ਸਿੰਘ, ਡੀ.ਐਸ.ਪੀ. ਹਰਦੀਪ ਸਿੰਘ, ਡੀ.ਐਸ.ਪੀ. ਰਮਿੰਦਰ ਸਿੰਘ ਕਾਹਲੋਂ, ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ, ਡੀ.ਐਸ.ਪੀ. ਮਨਜੋਤ ਕੌਰ, ਤਹਿਸਲੀਦਾਰ ਗੁਰਜਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।


Shyna

Content Editor

Related News