ਤੇਲ ਕੀਮਤਾਂ, ਬਿਜਲੀ ਦਰਾਂ ਅਤੇ ਬੀਜ ਘਪਲਿਆਂ ਖ਼ਿਲਾਫ਼ ਅਕਾਲੀ ਵਰਕਰਾਂ ਦਾ ਰੋਸ ਪ੍ਰਦਰਸ਼ਨ

Tuesday, Jul 07, 2020 - 01:03 PM (IST)

ਫਤਿਹਗੜ੍ਹ ਸਾਹਿਬ (ਜਗਦੇਵ): ਨਿੱਤ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ 'ਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਤਿਹਗੜ੍ਹ ਸਾਹਿਬ ਅਮਲੋਹ ਮੰਡੀ ਗੋਬਿੰਦਗੜ੍ਹ ਬੱਸੀ ਪਠਾਣਾ ਖਮਾਣੋਂ ਆਦਿ ਥਾਵਾਂ 'ਤੇ ਹੱਲਾ ਬੋਲਿਆ ਗਿਆ। ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ 'ਚ ਦੀਦਾਰ ਸਿੰਘ ਭੱਟੀ, ਅਮਲੋਹ 'ਚ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਬੱਸੀ ਪਠਾਣਾਂ 'ਚ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਅਗਵਾਈ 'ਚ ਜ਼ਿਲ੍ਹੇ ਦੇ ਹਲਕੇ ਦੇ ਵੱਖ-ਵੱਖ ਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਲੋਂ ਕਾਂਗਰਸ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਅਕਾਲੀ ਵਰਕਰਾਂ ਵਲੋਂ ਸੜਕਾਂ ਤੇ ਉਤਰ ਕੇ ਹੱਲਾ ਬੋਲਦਿਆਂ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਤੇ ਵੈਟ ਨੂੰ ਘਟਾਏ ਜਾਣ ਦੀ ਵੀ ਮੰਗ ਕੀਤੀ ਗਈ । ਇਸ ਦੇ ਨਾਲ ਹੀ ਪੰਜਾਬ ਵਿੱਚ ਲੋੜਵੰਦ ਲੋਕਾਂ ਦੇ ਨੀਲੇ ਕਾਰਡ ਕੱਟੇ ਜਾਣ ਖਿਲਾਫ ਵੀ ਰੋਸ ਮੁਜ਼ਾਹਰਾ ਕੀਤਾ ਗਿਆ ।

PunjabKesari

ਭਾਦਸੋਂ (ਅਵਤਾਰ): ਤੇਲ ਕੀਮਤਾਂ 'ਚ ਵਾਧੇ, ਬਿਜਲੀ ਦਰਾਂ ਅਤੇ ਬੀਜ ਘਪਲਿਆਂ 'ਚ ਘਿਰੀ ਕਾਂਗਰਸ ਸਰਕਾਰ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਹੇਠ ਪੂਰੇ ਸੂਬੇ ਅੰਦਰ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਸਰਕਲ ਭਾਦਸੋਂ 'ਚ ਸ਼ਹਿਰੀ ਪ੍ਰਧਾਨ ਰਮੇਸ਼ ਗੁਪਤਾ, ਸੀਨੀਅਰ ਆਗੂ ਦਰਬਾਰਾ ਸਿੰਘ ਖੱਟੜਾ ਦੀ ਅਗਵਾਈ 'ਚ ਭਾਦਸੋਂ ਵਿਖੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਰਮੇਸ਼ ਗੁਪਤਾ,ਦਰਬਾਰਾ ਸਿੰਘ ਖੱਟੜਾ, ਨੰਬਰਦਾਰ ਪ੍ਰੇਮ ਲਾਲਕਾ ਨੇ ਕਿਹਾ ਕਿ ਸਰਕਾਰ ਆਪਣੇ ਸੁਆਰਥ ਤਿਆਗ ਲੋਕ ਹਿੱਤਾਂ ਵੱਲ ਧਿਆਨ ਦੇਣ ਦੀ ਬਜਾਏ ਮਹਿੰਗਾਈ,ਭ੍ਰਿਸ਼ਟਾਚਾਰ, ਗੁੰਡਾਗਰਦੀ 'ਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ 'ਚ ਵਾਧਾ, ਬਿਜਲੀ ਦਰਾਂ 'ਚ ਵਾਧਾ, ਬੀਜ ਘਪਲਿਆਂ 'ਚ ਘਿਰੀ ਕਾਂਗਰਸ ਸਰਕਾਰ ਹਰੇਕ ਫਰੰਟ ਤੇ ਫੇਲ ਸਾਬਤ ਹੋਈ ਹੈ। ਇਸ ਮੌਕੇ ਜਥੇਦਾਰ ਰਣਧੀਰ ਸਿੰਘ ਢੀਂਡਸਾ, ਸਤਨਾਮ ਸਿੰਘ ਸੰਧੂ , ਅਰਸ਼ਿਦ ਮਲਿਕ, ਚੰਦ ਸਿੰਘ, ਬੀਬੀ ਜਸਵੀਰ ਕੌਰ ਚੰਦੀ, ਸੁਰਿੰਦਰ ਸਿੰਘ ਜਿੰਦਲਪੁਰ, ਹੰਸ ਰਾਜ ਭਾਦਸੋਂ, ਚੇਤਨ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।

PunjabKesari

 


Shyna

Content Editor

Related News