ਕਾਗਜ਼ਾਂ 'ਚ ਹੀ ਰਹਿ ਗਏ ਫਤਿਹਗੜ੍ਹ ਕੋਰੋਟਾਣਾ ਦੀ ਨੁਹਾਰ ਬਦਲਣ ਦੇ ਪਲਾਨ
Wednesday, Mar 20, 2019 - 01:57 PM (IST)

ਫਤਿਹਗੜ੍ਹ ਕੋਰੋਟਾਣਾ (ਮੋਗਾ), (ਗੋਪੀ ਰਾਊਕੇ)—ਫਰੀਦਕੋਟ ਲੋਕ ਸਭਾ ਹਲਕੇ ਅਧੀਨ ਪੈਂਦੇ ਜ਼ਿਲਾ ਮੋਗਾ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਨੂੰ 'ਆਦਰਸ਼ ਗ੍ਰਾਮ ਯੋਜਨਾ' ਅਧੀਨ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਵੱਲੋਂ ਗੋਦ ਲਿਆ ਗਿਆ ਸੀ ਪਰ ਇਸ ਦੇ ਬਾਵਜੂਦ ਪਿੰਡ ਦੀ ਜੂਨ ਨਹੀਂ ਸੁਧਰ ਸਕੀ। ਸੰਸਦ ਮੈਂਬਰ ਵੱਲੋਂ ਪਿੰਡ ਨੂੰ ਗੋਦ ਲਏ ਜਾਣ ਮਗਰੋਂ ਇਹ ਪਿੰਡ ਚਰਚਾ ਦਾ ਵਿਸ਼ਾ ਬਣਿਆ ਸੀ ਤੇ ਉਸ ਵੇਲੇ ਪਿੰਡ ਵਾਸੀਆਂ ਨੂੰ ਇਹ ਆਸ ਬੱਝੀ ਸੀ ਕਿ ਆਜ਼ਾਦੀ ਮਗਰੋਂ ਬੁਨਿਆਦੀ ਵਿਕਾਸ ਪੱਖੋਂ ਪੱਛੜੇ ਚੱਲੇ ਆ ਰਹੇ ਇਸ ਪਿੰਡ ਦੀ ਨਕਸ਼-ਨੁਹਾਰ ਬਦਲ ਜਾਵੇਗੀ ਪਰ ਸਵਾ ਚਾਰ ਵਰ੍ਹੇ ਬੀਤਣ ਮਗਰੋਂ ਵੀ ਪਿੰਡ 'ਚ 'ਆਦਰਸ਼ਪੁਣੇ' ਵਾਲਾ ਕੋਈ ਵਿਲੱਖਣ ਗੁਣ ਨਜ਼ਰ ਨਹੀਂ ਆ ਰਿਹਾ।
'ਜਗ ਬਾਣੀ' ਵੱਲੋਂ ਇਸ ਸਬੰਧੀ ਗਰਾਊਂਡ ਪੱਧਰ 'ਤੇ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਪਿੰਡ ਦੇ ਲੋਕ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਸਹੀ ਨਿਕਾਸੀ ਅਤੇ ਬੁਨਿਆਦੀ ਸਿਹਤ ਸਹੁਲਤਾਂ ਦੀ ਮੰਗ ਕਰਨ ਦੇ ਨਾਲ-ਨਾਲ ਪਿੰਡ ਦੇ ਮਿਡਲ ਸਕੂਲ ਨੂੰ ਅਪਗ੍ਰੇਡ ਕਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਪਿੰਡ ਵਾਸੀਆਂ ਦੀਆਂ ਇਹ ਮੰਗਾਂ ਹਾਲੇ 'ਸੁਪਨਾ' ਹੀ ਬਣੀਆਂ ਹੋਈਆਂ ਹਨ। ਇਹ ਪਿੰਡ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਨੇ 11 ਨਵੰਬਰ, 2014 ਨੂੰ ਗੋਦ ਲਿਆ ਸੀ। ਪਤਾ ਲੱਗਾ ਹੈ ਕਿ ਪ੍ਰੋ. ਸਾਧੂ ਸਿੰਘ ਨੇ ਨੈਸ਼ਨਲ ਹਾਈਵੇ ਮਾਰਗ ਮੋਗਾ- ਜਲੰਧਰ 'ਤੇ ਪੈਂਦੇ ਇਸ ਪਿੰਡ ਨੂੰ ਗੋਦ ਲੈਣ ਮਗਰੋਂ ਇਹ ਦਾਅਵਾ ਕੀਤਾ ਸੀ ਕਿ ਪਿੰਡ ਦੇ ਸਮੁੱਚੇ ਲਟਕਦੇ ਕੰਮਾਂ ਨੂੰ ਇਕ-ਇਕ ਕਰ ਕੇ ਪੂਰਾ ਕੀਤਾ ਜਾਵੇਗਾ। ਇਸ ਮਗਰੋਂ ਪ੍ਰੋ. ਸਾਧੂ ਸਿੰਘ ਨੇ ਇਸ ਮਾਮਲੇ 'ਤੇ ਜ਼ਿਲਾ ਪ੍ਰਸ਼ਾਸਨ ਮੋਗਾ ਦੇ ਅਧਿਕਾਰੀਆਂ ਤੇ ਉਸ ਵੇਲੇ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਸਮੇਤ ਹੋਰ ਨੁਮਾਇੰਦਿਆਂ ਨਾਲ ਵੀ ਮੀਟਿੰਗਾਂ ਕੀਤੀਆਂ ਸਨ, ਜਿਨ੍ਹਾਂ 'ਚ ਇਨ੍ਹਾਂ ਲਟਕਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦੀ ਯੋਜਨਾ ਤਾਂ ਘੜੀ ਗਈ ਪਰ ਇਸ ਮਗਰੋਂ ਇਸ ਪਾਸੇ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ।
ਪ੍ਰੋ. ਸਾਧੂ ਸਿੰਘ ਨੇ ਪਿੰਡ ਦੇ ਵਿਕਾਸ ਲਈ ਕੁੱਝ ਉਪਰਾਲੇ ਤਾਂ ਸ਼ੁਰੂ ਕੀਤੇ ਪਰ ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਲਈ ਸਮੇਂ ਸਿਰ 'ਫੰਡ' ਨਾ ਭੇਜੇ ਜਾਣ ਕਰਕੇ ਕੋਈ ਵਿਕਾਸ ਕਾਰਜ ਸ਼ੁਰੂ ਹੀ ਨਹੀਂ ਹੋ ਸਕਿਆ। ਇਸ ਯੋਜਨਾ ਤਹਿਤ ਪਿੰਡ ਵਾਸੀਆਂ ਨੂੰ ਸਵੱਛ ਭਾਰਤ ਮੁਹਿੰਮ ਨਾਲ ਜੋੜਨ ਲਈ ਜਾਗਰੂਕ ਵੀ ਕਰਨਾ ਸੀ ਪਰ ਪਿੰਡ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਇਸ ਮੁਹਿੰਮ ਦੀ ਪੋਲ ਵੀ ਖੋਲ੍ਹ ਰਹੇ ਹਨ।
ਕੁੱਲ ਵੋਟਰ-3706 (ਲਗਭਗ)
ਮਰਦ 2035
ਔਰਤਾਂ 1671
ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਨਹੀਂ ਚੱਲਣ ਦਿੱਤਾ: ਪ੍ਰੋ ਸਾਧੂ ਸਿੰਘ
ਇਸ ਮਾਮਲੇ ਸਬੰਧੀ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਸਹੀ ਨਹੀਂ ਚੱਲਣ ਦਿੱਤਾ। ਉਨ੍ਹਾਂ ਇਸ ਪਿੰਡ ਦੇ ਵਿਕਾਸ ਲਈ 1 ਕਰੋੜ 61 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾਈ ਸੀ। ਵਿਕਾਸ ਲਈ ਮਾਸਟਰ ਪਲਾਨ ਤਾਂ ਜ਼ਿਲਾ ਪ੍ਰਸ਼ਾਸਨ ਮੋਗਾ ਨੇ ਤਿਆਰ ਕਰਨਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲਾ ਮੋਗਾ ਦੇ ਇਸ ਸਮੇਂ ਦੌਰਾਨ 6 ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਹੋਣ ਕਰਕੇ ਵੀ ਸਕੀਮ ਸਹੀ ਸ਼ੁਰੂ ਨਹੀਂ ਹੋਈ। ਪਿੰਡ ਫਤਿਹਗੜ੍ਹ ਕੋਰੋਟਾਣਾ ਵਿਚ ਸਹੀ ਵਿਕਾਸ ਕਾਰਜ ਨਾ ਚੱਲਣ ਕਾਰਨ ਉਨ੍ਹਾਂ ਨੇ ਹੋਰ ਪਿੰਡ ਗੋਦ ਨਹੀਂ ਲਏ। ਉਂਝ ਇਸ ਯੋਜਨਾ ਤਹਿਤ ਪਬਲਿਕ ਪਖਾਨੇ, ਲਾਈਟਾਂ, ਪੰਚਾਇਤ ਘਰ, ਡਿਸਪੈਂਸਰੀ ਜਿਹੇ ਵਿਕਾਸ ਕਾਰਜ ਹੋਏ ਵੀ ਹਨ।
ਛੱਪੜਾਂ ਦੀ ਗੰਦਗੀ ਨੇ ਕੀਤਾ ਜਿਊਣਾ ਮੁਸ਼ਕਲ
ਪਿੰਡ 'ਚ ਛੱਪੜਾਂ ਦੀ ਗੰਦਗੀ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕੀਤਾ ਹੋਇਆ ਹੈ। ਪਿੰਡ ਦਾ ਗੰਦਾ ਪਾਣੀ ਸਭ ਛੱਪੜਾਂ ਦੀ ਭੇਟ ਚੜ੍ਹਦਾ ਹੈ। ਛੱਪੜਾਂ ਦੀ ਗੰਦਗੀ ਦਾ ਸਭ ਤੋਂ ਵੱਧ ਖਮਿਆਜ਼ਾ ਨੇੜੇ ਘਰਾਂ ਵਿਚ ਰਹਿਣ ਵਾਲੇ ਲੋਕ ਭੁਗਤ ਰਹੇ ਹਨ। ਛੱਪੜਾਂ ਦੀ ਗੰਦਗੀ ਤੋਂ ਨਿਜਾਤ ਦੀ ਆਸ ਬੱਝੀ ਸੀ ਪਰ ਪਿੰਡ ਨੂੰ ਲੋਕ ਸਭਾ ਮੈਂਬਰ ਵੱਲੋਂ ਗੋਦ ਲੈਣ ਮਗਰੋਂ ਵੀ ਕੁੱਝ ਨਹੀਂ ਹੋਇਆ।
ਲੋਕ ਸਭਾ ਮੈਂਬਰ ਦੇ ਕੋਟੇ 'ਚੋਂ ਨਹੀਂ ਹੋਇਆ ਕੋਈ ਵਿਕਾਸ ਕਾਰਜ
ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਦੇ ਕੋਟੇ 'ਚੋਂ ਪਿੰਡ ਦਾ ਕੋਈ ਵਿਕਾਸ ਕਾਰਜ ਨਹੀਂ ਹੋਇਆ। ਪਿੰਡ ਵਿਚ ਜੋ ਵੀ ਵਿਕਾਸ ਕਾਰਜ ਹੋਏ ਹਨ, ਉਹ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡ ਨੂੰ ਮਿਲੀਆਂ ਗ੍ਰਾਂਟਾਂ ਨਾਲ ਜਾਂ ਪੰਚਾਇਤ ਨੂੰ ਹੋਰ ਵਸੀਲਿਆਂ ਤੋਂ ਹੋਈ ਆਮਦਨ ਨਾਲ ਹੋਏ ਹਨ। ਆਦਰਸ਼ ਗ੍ਰਾਮ ਯੋਜਨਾ ਨਾਲ ਪਿੰਡ ਵਿਚ ਕੋਈ ਵਿਕਾਸ ਕਾਰਜ ਨਹੀਂ ਹੋਇਆ। ਪਿੰਡ ਦਾ ਮਿਡਲ ਸਕੂਲ ਹੀ ਅਪਗ੍ਰੇਡ ਨਹੀਂ ਹੋਇਆ। ਹੋਰ ਵਿਕਾਸ ਕਾਰਜ ਕੀ ਹੋਣਾ ਸੀ।
ਪਿੰਡ ਦੀਆਂ ਆਸਾਂ ਨੂੰ ਨਹੀਂ ਪਿਆ ਬੂਰ
ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਵੱਲੋਂ ਸਾਡੇ ਪਿੰਡ ਨੂੰ ਗੋਦ ਲਏ ਜਾਣ ਮਗਰੋਂ ਪਿੰਡ ਵਾਸੀਆਂ ਨੂੰ ਪਿੰਡ ਦੀ ਨਕਸ਼-ਨੁਹਾਰ ਬਦਲਣ ਦੀ ਵੱਡੀ ਆਸ ਸੀ ਪਰ ਪਿੰਡ ਵਾਸੀਆਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਪਿੰਡ ਨੂੰ ਐੱਮ ਲੈਂਡ ਸਕੀਮ ਤਹਿਤ ਕੋਈ ਫੰਡ ਨਹੀਂ ਮਿਲੇ। ਪਿੰਡ ਵਾਸੀਆਂ ਨੂੰ ਇਸ ਮਾਮਲੇ 'ਤੇ ਵੱਡਾ ਗਿਲਾ ਹੈ। ਪਿੰਡ ਵਿਚ ਜੋ ਵਿਕਾਸ ਕਾਰਜ ਹੋਏ ਹਨ ਉਨ੍ਹਾਂ 'ਚ ਇਸ ਸਕੀਮ ਦੇ ਫੰਡਾਂ ਦੀ ਕੋਈ ਹਿੱਸੇਦਾਰੀ ਨਹੀਂ ਹੈ।