ਫਾਸਟੈਗ ਨਾ ਲੱਗਾ ਹੋਇਆ ਤਾਂ ਭਰਨਾ ਪਵੇਗਾ ਦੁੱਗਣਾ ਟੋਲ ਟੈਕਸ
Thursday, Nov 28, 2019 - 12:39 PM (IST)

ਸ਼ੇਰਪੁਰ (ਅਨੀਸ਼) : ਜੇਕਰ 1 ਦਸੰਬਰ ਤੋਂ ਤੁਹਾਡੇ ਵਾਹਨ 'ਤੇ ਫਾਸਟੈਗ ਨਾ ਲੱਗਾ ਹੋਇਆ ਤਾਂ ਤੁਹਾਨੂੰ ਦੁੱਗਣਾ ਟੋਲ ਟੈਕਸ ਭਰਨਾ ਪਵੇਗਾ। ਇਹ ਐਲਾਨ ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲੇ ਨੇ ਕੀਤਾ ਹੈ।
ਜਾਣਕਾਰੀ ਅਨੁਸਾਰ 1 ਦਸੰਬਰ ਤੋਂ ਦੇਸ਼ ਭਰ 'ਚ ਸਾਰੇ ਟੋਲ ਨਾਕਿਆਂ 'ਤੇ ਸਿਰਫ ਖੱਬੇ ਪਾਸੇ ਵਾਲੀ ਅਖੀਰਲੀ ਲਾਈਨ ਨੂੰ ਛੱਡ ਕੇ ਸਾਰੀਆਂ ਲਾਈਨਾਂ 'ਤੇ ਫਾਸਟੈਗ ਸਿਸਟਮ ਸ਼ੁਰੂ ਹੋ ਜਾਵੇਗਾ। ਜਿਹੜੇ ਵਾਹਨਾਂ 'ਤੇ ਫਾਸਟੈਗ ਸਟਿੱਕਰ ਨਹੀਂ ਲੱਗਾ ਹੋਵੇਗਾ, ਉਨ੍ਹਾਂ ਤੋਂ ਦੁੱਗਣਾ ਟੋਲ ਵਸੂਲਿਆ ਜਾਵੇਗਾ। ਅਸਲ 'ਚ ਫਾਸਟੈਗ ਦਾ ਮਤਲਬ ਹੈ ਰੇਡੀਓ ਫਰੀਕੁਐਂਸੀ 'ਤੇ ਆਧਾਰਤ ਸ਼ਨਾਖਤ ਸਦਕਾ ਟੋਲ ਟੈਕਸ ਦੀ ਅਦਾਇਗੀ। ਇਸ ਵਾਸਤੇ ਖਪਤਕਾਰ ਦੇ ਬੱਚਤ ਖਾਤੇ ਜਾਂ ਕਰੰਟ ਖਾਤੇ 'ਚੋਂ ਫਾਸਟੈਗ ਦੀ ਅਦਾਇਗੀ ਕੀਤੀ ਜਾ ਸਕੇਗੀ। ਇਹ ਸਟਿੱਕਰ ਵਾਹਨ ਦੇ ਮੂਹਰਲੇ ਸ਼ੀਸ਼ੇ 'ਤੇ ਲੱਗੇ ਹੋਣਗੇ। ਟੋਲ ਟੈਕਸ ਦੀ ਰਾਸ਼ੀ ਆਪਣੇ ਆਪ ਖਪਤਕਾਰ ਦੇ ਖਾਤੇ 'ਚੋਂ ਕੱਟ ਜਾਵੇਗੀ ਅਤੇ ਇਸ ਵਾਸਤੇ ਬੈਲੰਸ ਰੱਖਣਾ ਜ਼ਰੂਰੀ ਹੋਵੇਗਾ। ਜੇਕਰ ਬੈਲੰਸ ਨਹੀਂ ਹੋਵੇਗਾ ਤਾਂ ਫਾਸਟੈਗ ਬਲੈਕਲਿਸਟ ਹੋ ਜਾਵੇਗਾ। ਫਾਸਟੈਗ ਦਾ ਮਕਸਦ ਜਿਥੇ ਟੋਲ ਦੀ ਸੌਖੀ ਵਸੂਲੀ ਹੈ, ਉਥੇ ਹੀ ਇਸ ਨਾਲ ਟੋਲ ਨਾਕਿਆਂ 'ਤੇ ਵਾਹਨਾਂ ਦੀ ਭੀੜ ਵੀ ਘੱਟ ਸਕੇਗੀ।
ਪੇਂਡੂ ਲੋਕਾਂ ਨੂੰ ਨਹੀ ਕੋਈ ਜਾਣਕਾਰੀ
ਦੂਜੇ ਪਾਸੇ ਪੇਂਡੂ ਵਰਗ ਦੇ ਲੋਕਾਂ ਨੂੰ ਫਾਸਟੈਗ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਿਸ ਕਰਕੇ ਉਨ੍ਹਾਂ ਨੂੰ ਟੋਲ ਪਲਾਜ਼ੇ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦੋਂ ਇਸ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨਿਤ ਨਵੇਂ-ਨਵੇਂ ਫੈਸਲੇ ਲੈ ਕੇ ਲੋਕਾਂ ਨੂੰ ਪ੍ਰੇਸ਼ਾਨੀ 'ਚ ਪਾ ਰਹੀ ਹੈ ।
ਪੱਤਰਕਾਰਾਂ ਨੂੰ ਮਿਲਦੀ ਟੋਲ ਪਲਾਜ਼ੇ ਤੋਂ ਛੋਟ 'ਤੇ ਪਵੇਗਾ ਅਸਰ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਟੋਲ ਪਲਾਜ਼ੇ ਤੋਂ ਛੋਟ ਦਿੱਤੀ ਹੋਈ ਹੈ ਪਰ ਹੁਣ ਫਾਸਟੈਗ ਸਿਸਟਮ ਸ਼ੁਰੂ ਹੋਣ ਨਾਲ ਪੱਤਰਕਾਰ ਵੀ ਇਸ ਘੇਰੇ 'ਚ ਆ ਜਾਣਗੇ ਕਿਉਂਕਿ ਹਾਲੇ ਤੱਕ ਸਰਕਾਰ ਵੱਲੋਂ ਟੋਲ ਮੁਆਫ ਹੋਣ ਵਾਲੇ ਲੋਕਾਂ ਪ੍ਰਤੀ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਇਸ ਸਬੰਧੀ ਜਦੋਂ ਡੀ. ਪੀ. ਆਰ. ਓ. ਸੰਗਰੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਾਲੇ ਕੋਈ ਨਿਰਦੇਸ਼ ਜਾਰੀ ਨਹੀਂ ਹੋਏ ਕਿ ਪੱਤਰਕਾਰਾਂ ਨੂੰ ਛੋਟ ਕਿਸ ਤਰ੍ਹਾਂ ਦਿੱਤੀ ਜਾਵੇਗੀ ।