'ਕੇਂਦਰ ਵੱਲੋਂ ਦਿੱਤੀ ਰਾਹਤ ਨਾਲ ਕਿਸਾਨ ਆਤਮ ਨਿਰਭਰ ਨਹੀਂ ਸਗੋਂ ਖੁਦਕੁਸ਼ੀ ਕਰਨ ਲਈ ਹੋਣਗੇ ਮਜਬੂਰ'

Friday, May 15, 2020 - 11:24 PM (IST)

'ਕੇਂਦਰ ਵੱਲੋਂ ਦਿੱਤੀ ਰਾਹਤ ਨਾਲ ਕਿਸਾਨ ਆਤਮ ਨਿਰਭਰ ਨਹੀਂ ਸਗੋਂ ਖੁਦਕੁਸ਼ੀ ਕਰਨ ਲਈ ਹੋਣਗੇ ਮਜਬੂਰ'

ਮਾਛੀਵਾੜਾ ਸਾਹਿਬ,(ਟੱਕਰ, ਸਚਦੇਵਾ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਮਾਰੀ ਦੌਰਾਨ ਜੋ 20 ਲੱਖ ਕਰੋੜ ਦਾ ਪੈਕੇਜ ਐਲਾਨਿਆ ਹੈ, ਉਸ ਵਿਚ ਕਿਸਾਨਾਂ ਨੂੰ ਕੁੱਝ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਐਲਾਨੇ ਆਰਥਿਕ ਪੈਕੇਜ ਵਿਚ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਸਗੋਂ ਖੇਤੀ ਵਿਆਜ਼ ਤਿੰਨ ਮਹੀਨੇ ਲਈ ਅੱਗੇ ਵਧਾਇਆ ਹੈ, ਜਦਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਦੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਨਵੇਂ ਕਿਸਾਨ ਕ੍ਰੈਡਿਟ ਕਾਰਡ ਬਣਾ ਕੇ ਹੋਰ ਕਰਜ਼ਾ ਦੇਣ ਦਾ ਐਲਾਨ ਕੀਤਾ ਹੈ, ਜਦਕਿ ਕਿਸਾਨ ਪਹਿਲਾਂ ਤੋਂ ਹੀ ਬੈਂਕਾਂ ਦੇ ਕਰਜ਼ਾਈ ਹੋ ਚੁੱਕੇ ਹਨ ਅਤੇ ਫ਼ਸਲਾਂ ਦਾ ਭਾਅ ਪੂਰਾ ਨਾ ਮਿਲਣ ਕਾਰਨ ਡਿਫਾਲਟਰ ਵੀ ਕਰ ਦਿੱਤੇ ਗਏ ਹਨ। ਲੱਖੋਵਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਆਸ ਸੀ ਕਿ ਮਹਾਮਾਰੀ ਕਾਰਨ ਉਨ੍ਹਾਂ ਦਾ ਕਰਜ਼ਾ ਮੁਆਫ ਹੋਵੇਗਾ ਅਤੇ ਉਨ੍ਹਾਂ ਨੂੰ ਫ਼ਸਲਾਂ 'ਤੇ ਬੋਨਸ ਮਿਲੇਗਾ ਪਰ ਇਹ ਰਾਹਤ ਪੈਕੇਜ ਤਹਿਤ ਹੋਰ ਕਰਜ਼ਾ ਦਿੱਤਾ ਜਾਣਾ ਕਿਸਾਨਾਂ ਨੂੰ ਆਤਮ ਨਿਰਭਰ ਨਹੀਂ ਸਗੋਂ ਖੁਦਕੁਸ਼ੀ ਕਰਨ ਲਈ ਮਜਬੂਰ ਕਰੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੰਘਰਸ਼ ਵਿੱਢੇਗੀ।


author

Bharat Thapa

Content Editor

Related News