ਕਿਸਾਨ ਭਲਕੇ ਤੋਂ ਬੰਦ ਕਰਨਗੇ ਪੰਜਾਬ ਭਰ ਦੇ ਟੋਲ ਪਲਾਜ਼ਾ, ਇਹ ਸਮਾਂ ਕੀਤਾ ਗਿਆ ਨਿਰਧਾਰਤ

Wednesday, Dec 14, 2022 - 06:30 PM (IST)

ਅੰਮ੍ਰਿਤਸਰ (ਗੁਰਿੰਦਰ ਸਾਗਰ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਡੀ. ਸੀ. ਦਫ਼ਤਰਾਂ ਦੇ ਬਾਹਰ ਵੱਡੀ ਗਿਣਤੀ ਵਿਚ ਨੌਜਵਾਨਾਂ, ਬੀਬੀਆਂ, ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਹੁਣ ਆਪਣੇ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਦਿਆਂ ਇਕ ਮਹੀਨੇ ਲਈ ਟੋਲ ਪਲਾਜ਼ੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ ਡੀ. ਸੀ. ਦਫਤਰ ਦੇ ਬਾਹਰ ਬੈਠੇ ਹੋਏ ਹਨ ਅਤੇ ਸਰਕਾਰ ਉਨ੍ਹਾਂ ਮੰਗਾਂ ਸਬੰਧੀ ਕੋਈ ਵੀ ਸਪੱਸ਼ਟ ਜਵਾਬ ਨਹੀਂ ਦੇ ਸਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਹਾ ਹੈ ਕਿ ਪੰਜਾਬ ’ਚੋਂ ਨਸ਼ਾ ਬੰਦ ਕਰਨ ਲਈ ਲਗਭਗ 5 ਸਾਲ ਦਾ ਸਮਾਂ ਲੱਗੇਗਾ।

ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀਆਂ ਦਾ ਐਲਾਨ, ਸੂਬਾ ਸਰਕਾਰ ਨੇ ਜਾਰੀ ਕੀਤੀ ਸੂਚੀ

ਇਸ ਤੋਂ ਇਲਾਵਾ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਬਾਰੇ ਵੀ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੀ ਹੈ, ਜਿਸ ਕਰਕੇ ਹੁਣ ਕਿਸਾਨਾਂ ਵੱਲੋਂ 15 ਦਸੰਬਰ ਤੋਂ ਇਕ ਮਹੀਨੇ ਤੱਕ ਪੰਜਾਬ ਦੇ 11 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ਿਆਂ ’ਤੇ ਪ੍ਰਦਰਸ਼ਨ ਕਰਕੇ ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਹੀ ਬੰਦ ਕੀਤੇ ਜਾਣਗੇ। ਇਸ ਦੌਰਾਨ ਜੇ ਕਿਸੇ ਟੋਲ ਪਲਾਜ਼ਾ ਵੱਲੋਂ ਕਿਸੇ ਕਰਮਚਾਰੀ ਦੀ ਤਨਖਾਹ ਰੋਕੀ ਗਈ ਤਾਂ ਅਸੀਂ ਉਹ ਵੀ ਤਨਖਾਹ ਲਵਾਉਣ ਲਈ ਸੰਘਰਸ਼ ਕਰਾਂਗੇ ਅਤੇ ਇਸ ਦੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਪੰਜਾਬ ਦੇ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ। ਇਕ ਮਹੀਨੇ ਤੱਕ ਟੋਲ ਪਲਾਜ਼ੇ ਬੰਦ ਕਰਨ ਤੋਂ ਬਾਅਦ ਵੀ ਸਰਕਾਰ ਨੇ ਗੱਲ ਨਾ ਸੁਣੀ ਤਾਂ ਕਿਸਾਨਾਂ ਵੱਲੋਂ ਆਪਣਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਨੇ ਬਦਲੀ ਟ੍ਰਾਂਸਪੋਰਟ ਨੀਤੀ, ਬਾਦਲਾਂ ਨੂੰ ਦਿੱਤਾ ਵੱਡਾ ਝਟਕਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News