ਕਿਸਾਨਾਂ ਵਲੋਂ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਮਨਾਇਆ ਜਾਵੇਗਾ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ
Thursday, Mar 21, 2024 - 02:44 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)– ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਹਜ਼ਾਰਾਂ ਕਿਸਾਨਾਂ ਨੇ ਰੋਸ ਰੈਲੀਆਂ ਕਰਕੇ ਮੋਦੀ ਸਰਕਾਰ ਦਾ ਪਿਟ-ਸਿਆਪਾ ਕੀਤਾ। ਬੁੱਧਵਾਰ ਨੂੰ 37ਵੇਂ ਦਿਨ ਮੋਰਚਾ ਪੂਰੇ ਸ਼ਿਖਰ ’ਤੇ ਰਿਹਾ। ਦੂਜੇ ਪਾਸੇ 5ਵੇਂ ਦਿਨ ਸ਼ਹੀਦ ਸ਼ੁਭਕਰਨ ਦੀ ਕਲਸ਼ ਯਾਤਰਾ ਕੁਰੂਕਸ਼ੇਤਰ ਪਹੁੰਚ ਗਈ, ਜਿਥੇ ਹਜ਼ਾਰਾਂ ਕਿਸਾਨਾਂ ਨੇ ਸ਼ਰਧਾ ਦੇ ਫੁੱਲ ਅਰਪਣ ਕੀਤੇ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ, 3 ਸ਼ਿਫਟਾਂ ’ਚ ਖੁੱਲ੍ਹਣਗੇ ਸਕੂਲ, ਗਰਮੀਆਂ ’ਚ ਮਿਲਣੀਆਂ 39 ਛੁੱਟੀਆਂ
ਇਸ ਮੌਕੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਨੇ ਜਾਣਕਾਰੀ ਦਿੱਤੀ ਕਿ ਕਿਸਾਨ ਅੰਦੋਲਨ 2 ਨੇ 37 ਦਿਨ ਪੂਰੇ ਕਰ ਲਏ ਹਨ, ਜਿਸ ’ਚ ਹੁਣ ਤੱਕ 11 ਕਿਸਾਨ ਸ਼ਹੀਦ ਹੋਏ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ’ਚ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਹਰਿਆਣਾ ਸਰਕਾਰ ਵਲੋਂ ਕਤਲ ਕੀਤੇ ਸ਼ਹੀਦ ਸ਼ੁਭਕਰਨ ਸਿੰਘ ਦੀ ਕਲਸ਼ ਯਾਤਰਾ ’ਚ ਹਿੱਸਾ ਲਿਆ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਪਿੰਡਾਂ ’ਚ ਲੋਕਾਂ ਦਾ ਇਕੱਠ ਤੇ ਸ਼ਮੂਲੀਅਤ ਨੂੰ ਵੇਖ ਕੇ ਇਹ ਸਾਬਿਤ ਹੋ ਗਿਆ ਹੈ ਕਿ ਲੋਕਾਂ ’ਚ ਭਾਜਪਾ ਸਰਕਾਰ ਪ੍ਰਤੀ ਭਾਰੀ ਰੋਸ ਹੈ, ਜਿਸ ਦਾ ਖਾਮਿਆਜ਼ਾ ਸਰਕਾਰ ਨੂੰ ਜਲਦ ਹੀ ਭੁਗਤਣਾ ਪਵੇਗਾ। ਪਿੰਡ ਮੀਰਪੁਰ, ਨਗਲਾ ਤਲਕਪੁਰ ’ਚ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਐਡਵੋਕੇਟ ਅਸ਼ੋਕ ਬਲਹਾਰਾ, ਧਰਮਵੀਰ ਢੀਂਡਸਾ, ਦਿਲਬਾਗ ਸਿੰਘ ਤੇ ਗੁਰਧਿਆਨ ਸਿੰਘ ਨੇ ਦੱਸਿਆ ਕਿ 22 ਮਾਰਚ ਨੂੰ ਹਰਿਆਣਾ ਦੇ ਹਿਸਾਰ ਦੇ ਮਾਜਰਾ ਪਿਆਉ ਵਿਖੇ, 27 ਮਾਰਚ ਨੂੰ ਰਾਜਸਥਾਨ ਤੇ 31 ਮਾਰਚ ਨੂੰ ਹਰਿਆਣਾ ਦੇ ਅੰਬਾਲਾ ਦੀ ਮੌਹਡਾ ਮੰਡੀ ਵਿਖੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਜਾਣਗੇ, ਜਿਸ ’ਚ ਲੱਖਾਂ ਕਿਸਾਨ ਹਿੱਸਾ ਲੈਣਗੇ।
ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਅਮਰਜੀਤ ਸਿੰਘ ਮੋਹੜੀ ਨੇ ਕਿਹਾ ਕਿ ਕਿਸਾਨ ਕੌਮ ਕਦੀ ਵੀ ਜਬਰ ਤੋਂ ਡਰੀ ਨਹੀਂ ਤੇ ਆਪਣੇ ਹੱਕਾਂ ਲਈ ਹਮੇਸ਼ਾ ਸੰਘਰਸ਼ ਕਰਦੀ ਰਹੀ ਹੈ, ਇਹ ਯਾਤਰਾ ਇਸ ਗੱਲ ਨੂੰ ਸਾਬਿਤ ਕਰਦੀ ਹੈ ਕਿ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਹਾਲੇ ਵੀ ਦੇਸ਼ ਭਰ ’ਚ ਜ਼ਿੰਦਾ ਹਨ। ਉਨ੍ਹਾਂ ਦੱਸਿਆ ਇਨ੍ਹਾਂ ਸ਼ਰਧਾਂਜਲੀ ਸਮਾਗਮਾਂ ’ਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਪ੍ਰਮੁੱਖ ਲੀਡਰਸ਼ਿਪ ਸ਼ਮੂਲੀਅਤ ਕਰੇਗੀ।
ਸ਼ੰਭੂ ਬਾਰਡਰ ’ਤੇ ਏਕਤਾ ਆਜ਼ਾਦ ਦੇ ਬੁਲਾਰੇ ਹਨੀ ਅਨਮੋਲ ਨੇ ਭਾਜਪਾ ਤੇ ਆਰ. ਐੱਸ. ਐੱਸ. ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ-ਮਜ਼ਦੂਰਾਂ ਨੂੰ ਬਦਨਾਮ ਕਰਨਾ ਬੰਦ ਕਰੇ। ਉਨ੍ਹਾਂ ਕਿਹਾ ਕਿ ਇਹ ਕਿਸਾਨ ਹੀ ਹਨ, ਜਿਨ੍ਹਾਂ ਦੇ ਪੁੱਤਰ ਦੇਸ਼ ਦੀਆਂ ਸਰਹੱਦਾਂ ’ਤੇ ਕੁਰਬਾਨੀਆਂ ਦੇ ਰਹੇ ਹਨ ਤੇ ਉਹ ਦੇਸ਼ ਦਾ ਢਿੱਡ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਵਰਗ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਆਗੂਆਂ ਨੇ ਕਿਹਾ ਕਿ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸ਼ੰਭੂ ਬਾਰਡਰ ਤੇ ਖਾਨੌਰੀ ਬਾਰਡਰ ’ਤੇ ਮਨਾਇਆ ਜਾਵੇਗਾ, ਜਿਸ ’ਚ ਅੰਤਰਰਾਸ਼ਟਰੀ ਪਹਿਲਵਾਨ ਬਜਰੰਗ ਪੂਨੀਆ ਤੇ ਹੋਰ ਨਾਮੀ ਸ਼ਖ਼ਸੀਅਤਾਂ ਵੀ ਸ਼ਿਰਕਤ ਕਰਨਗੀਆਂ।
ਅੰਮ੍ਰਿਤਸਰ ਤੋਂ ਸੈਕੜੇ ਕਿਸਾਨ ਤੇ ਮਜ਼ਦੂਰ ਦੇਰ ਸ਼ਾਮ ਪਰਿਵਾਰਾਂ ਸਣੇ ਸ਼ੰਭੂ ਬਾਰਡਰ ’ਤੇ ਪੁੱਜੇ
ਕਿਸਾਨਾਂ ਦੇ ਦੇਸ਼ ਪੱਧਰੀ ਅੰਦੋਲਨ ਦੌਰਾਨ ਪੰਜਾਬ ਦੇ ਕਿਸਾਨ ਮਜ਼ਦੂਰਾਂ ’ਤੇ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਵਰਤਾਰੇ ਦੇ ਚਲਦਿਆਂ ਹਰਿਆਣਾ-ਪੰਜਾਬ ਦੇ ਵੱਖ-ਵੱਖ ਬਾਰਡਰਾਂ ’ਤੇ ਮੋਰਚੇ ਜਮਾਏ ਹੋਏ ਹਨ, ਇਸ ਦੇ ਚਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੋਰਚੇ ’ਚ ਲਗਾਤਾਰ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਕਵਾਇਦ ਤਹਿਤ ਅੱਜ ਜ਼ਿਲਾ ਅੰਮ੍ਰਿਤਸਰ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜ਼ਿਲਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਤੇ ਜ਼ਿਲਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ’ਚ ਸੈਕੜੇ ਕਿਸਾਨ ਤੇ ਮਜ਼ਦੂਰ ਆਪਣੇ ਪਰਿਵਾਰਾਂ ਸਣੇ ਸ਼ੰਭੂ ਬਾਰਡਰ ’ਤੇ ਦੇਰ ਸ਼ਾਮ ਨਾਅਰਿਆਂ ਦੀ ਗੂੰਜ ’ਚ ਪੁੱਜੇ।
ਇਸ ਮੌਕੇ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਪਹਿਲਾਂ ਦੇਸ਼ ਦੀ ਅੰਨ੍ਹੀ, ਬੋਲ਼ੀ ਤੇ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਸਰਕਾਰ ਨੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਤੇ ਹੁਣ ਚੋਣ ਜ਼ਾਬਤਾ ਲਾਗੂ ਹੈ। ਇਸ ਲਈ ਲੋਕ ਇਸ ਸੰਘਰਸ਼ ਨੂੰ ਲੰਬੇ ਦਾਅ ਤੋਂ ਸੰਘਰਸ਼ ਕਰਨ ਦਾ ਅਹਿਦ ਕਰ ਚੁੱਕੇ ਹਨ ਤੇ ਮੰਗਾਂ ਪੂਰੀਆਂ ਹੋਣ ਤੱਕ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚੱਲਦਾ ਰਹੇਗਾ।
ਆਗੂਆਂ ਜਾਣਕਾਰੀ ਦਿੱਤੀ ਕਿ ਜਥੇਬੰਦੀ ਵਲੋਂ ਸੂਬਾ ਪੱਧਰ ’ਤੇ ਬਣੀ ਵਿਉਂਤਬੰਦੀ ਅਨੁਸਾਰ ਅਗਲੇ ਜਥੇ 30 ਮਾਰਚ ਨੂੰ ਰਵਾਨਾ ਹੋਣਗੇ। ਉਨ੍ਹਾਂ ਅਪੀਲ ਕੀਤੀ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਵੱਧ ਤੋਂ ਵੱਧ ਗਿਣਤੀ ’ਚ ਅੰਦੋਲਨ ’ਚ ਪਹੁੰਚਿਆ ਜਾਵੇ। ਉਨ੍ਹਾਂ ਕਿਹਾ ਕਿ 26 ਮਾਰਚ ਨੂੰ ਰਾਜਸਥਾਨ ਦੇ ਦੇਸ਼ਾਂ ’ਚ ਕਿਸਾਨਾਂ, ਮਜ਼ਦੂਰਾਂ ਤੇ ਆਦਿਵਾਸੀਆਂ ਵਲੋਂ ਮਹਾ-ਪੰਚਾਇਆਤ ਕੀਤੀ ਜਾਵੇਗੀ। ਇਸ ਮੌਕੇ ਜ਼ਿਲਾ ਖ਼ਜ਼ਾਨਚੀ ਕੰਧਾਰ ਸਿੰਘ ਭੀਏਵਾਲ, ਜ਼ਿਲਾ ਆਗੂ ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀਵਿੰਡ, ਬਲਵਿੰਦਰ ਸਿੰਘ ਰੁਮਾਣਾਚਕ, ਗੁਰਦੇਵ ਸਿੰਘ ਗੱਗੋਮਾਹਲ, ਸਵਿੰਦਰ ਸਿੰਘ ਰੂਪੋਵਾਲੀ ਸਮੇਤ ਹੋਰ ਜ਼ੋਨ ਤੇ ਪਿੰਡ ਪੱਧਰੀ ਆਗੂ ਹਾਜ਼ਰ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।