ਸਿਰ ’ਤੇ 'ਕਫ਼ਨ' ਬੰਨ੍ਹ ਸ਼ੰਭੂ ਤੋਂ ਦਿੱਲੀ ਪੈਦਲ ਚੱਲੇਗਾ ਕਿਸਾਨਾਂ ਦਾ ਜਥਾ, ਚਾਰ ਪੜ੍ਹਾਵਾਂ ’ਤੇ ਰੁਕ ਕੇ ਠੰਡ ’ਚ ਕੱਟੇਗ
Monday, Dec 02, 2024 - 05:53 AM (IST)
ਪਟਿਆਲਾ/ਸਨੌਰ (ਮਨਦੀਪ ਜੋਸਨ)- ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਦੇ ਆਗੂ ਸਰਵਣ ਸਿੰਘ ਪੰਧੇਰ ਅਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਤੇ ਹੋਰਨਾਂ ਨੇ ਐਲਾਨ ਕੀਤਾ ਕਿ 6 ਦਸੰਬਰ ਤੋਂ ਸ਼ੰਭੂ ਮੋਰਚੇ ਤੋਂ ਦਿੱਲੀ ਤੱਕ ਕਿਸਾਨਾਂ ਦੇ ਜਥੇ ਸ਼ਾਂਤਮਈ ਤਰੀਕੇ ਨਾਲ ‘ਸਿਰ ’ਤੇ ਕਫਨ ਬੰਨ੍ਹ ਕੇ’ ਪੈਦਲ ਯਾਤਰਾ ਸ਼ੁਰੂ ਕਰਨਗੇ।
ਉਨ੍ਹਾਂ ਕਿਹਾ ਕਿ ਜਥਾ ਸਿਰਫ ਲੋੜੀਂਦਾ ਸਾਮਾਨ ਲੈ ਕੇ ਅੱਗੇ ਵਧੇਗਾ। ਪੰਧੇਰ ਅਤੇ ਡੱਲੇਵਾਲ ਨੇ ਕਿਹਾ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਅਤੇ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਸੀ ਕਿ ਦਿੱਲੀ ਜਾਂਦੇ ਸਮੇਂ ਕਿਸਾਨਾਂ ਦੇ ਪੈਦਲ ਜਥੇ ਨੂੰ ਰੋਕਿਆ ਨਹੀਂ ਜਾਵੇਗਾ, ਇਸ ਲਈ ਹੁਣ ਇਹ ਭਾਜਪਾ ਨੇਤਾ ਆਪਣ ਬਿਆਨ ’ਤੇ ਪੱਕੇ ਰਹਿਣ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਜਾਂਦੇ ਜਥੇ ਨੂੰ ਰੋਕਿਆ ਜਾਂਦਾ ਤਾਂ ਮਿੱਥ ਕੇ ਪੰਜਾਬ, ਹਰਿਆਣਾ ਦੇ ਵਪਾਰੀਆਂ ਤੇ ਆਮ ਜਨਤਾ ਨੂੰ ਤੰਗ ਕਰਨ ਤੇ ਪੰਜਾਬ ਹਰਿਆਣਾ ਦੀ ਆਰਥਿਕਤਾ ’ਤੇ ਸੱਟ ਮਾਰਨ ਦੀ ਨੀਤੀ ਹੋਵੇਗੀ।
ਕਿਸਾਨ ਨੇਤਾ ਪੰਨੂ, ਚਤਾਲਾ, ਫੂਲ ਅਤੇ ਚੰਡਿਆਲਾ ਕਰਨਗੇ ਜਥੇ ਦੀ ਅਗਵਾਈ
ਸ਼ੰਭੂ ਬਾਰਡਰ ਤੋਂ ਪਹਿਲੇ ਜਥੇ ਦੀ ਅਗਵਾਈ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚਤਾਲਾ, ਸੁਰਜੀਤ ਸਿੰਘ ਫੂਲ ਅਤੇ ਬਲਜਿੰਦਰ ਸਿੰਘ ਚੰਡਿਆਲਾ ਕਰਨਗੇ। ਦਿੱਲੀ ਕੂਚ ਦੇ ਪਹਿਲੇ 4 ਪੜਾਵਾਂ ਬਾਰੇ ਜਾਣਕਾਰੀ ਦਿੰਦਿਆਂ ਪੰਧੇਰ ਨੇ ਕਿਹਾ ਕਿ ਰੋਜ਼ ਜਥਾ 9 ਤੋਂ 5 ਵਜੇ ਤੱਕ ਪੈਦਲ ਯਾਤਰਾ ਕਰੇਗਾ। ਪਹਿਲਾ ਪੜਾਅ ਅੰਬਾਲਾ ਦੇ ਜੱਗੀ ਸਿਟੀ ਸੈਂਟਰ ਵਿਖੇ ਹੋਵੇਗਾ, ਦੂਸਰਾ ਪੜਾਅ ਮੋਹੜਾ (ਅੰਬਾਲਾ), ਤੀਸਰਾ ਖਾਨਪੁਰ ਜੱਟਾ ਤਿਉੜਾ ਥੇਹ ਅਤੇ ਅਗਲਾ ਪੜਾਅ ਪਿੱਪਲੀ ਵਿਖੇ ਹੋਵੇਗਾ।
ਇਸ ਦੌਰਾਨ ਜਥਾ ਸਾਰੀਆਂ ਠੰਡੀਆਂ ਰਾਤਾਂ ਸੜਕ ’ਤੇ ਕੱਟੇਗਾ ਅਤੇ ਦੋਨੋਂ ਮੋਰਚਿਆਂ ਵੱਲੋਂ ਉਹ ਹਰਿਆਣਾ ਦੀ ਸੰਗਤ ਅਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਅੱਗੇ ਪਹੁੰਚ ਕੇ ਜਥੇ ਦੇ ਰੁਕ-ਰਕਾਬ ਦਾ ਪ੍ਰਬੰਧ ਕਰਨ। ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਜਥੇ ਸਰਕਾਰ ਵੱਲੋਂ ਕੀਤੇ ਹਰ ਜੁਲਮ ਅਤੇ ਜਬਰ ਦਾ ਸਬਰ ਨਾਲ ਸਾਹਮਣਾ ਕਰਦਿਆਂ ਦਿੱਲੀ ਵੱਲ ਕੂਚ ਕਰੇਗਾ।
ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਚੱਲ ਰਹੇ ਸੰਸਦ ਦੇ ਸੈਸ਼ਨ ’ਚ ਦੇਸ਼ ਦੇ ਮੈਂਬਰ ਪਾਰਲੀਮੈਂਟ ਕਿਸਾਨਾਂ-ਮਜ਼ਦੂਰਾਂ ਦੀ ਆਵਾਜ਼ ਨਹੀਂ ਉਠਾ ਰਹੇ ਹਨ। ਜਿਸ ਸਮੇਂ ਕਿਸਾਨ ਮਰਨ ਵਰਤ ’ਤੇ ਬੈਠੇ ਹੋਣ ਅਤੇ ਦਿੱਲੀ ਕੂਚ ਦਾ ਐਲਾਨ ਕੀਤਾ ਹੋਵੇ, ਉਸ ਸਮੇਂ ਸਰਦ ਰੁੱਤ ਦੇ ਸੈਸ਼ਨ ’ਚ ਭਾਜਪਾ ਤੇ ਵਿਰੋਧੀ ਧਿਰ ਦੇ ਐੱਮ.ਪੀ. ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ’ਤੇ ਗੰਭੀਰ ਨਜ਼ਰ ਨਹੀਂ ਆ ਰਹੇ। ਇਸ ਲਈ ਕਾਂਗਰਸ ਸਮੇਤ ਸਾਰੇ ਐੱਮ.ਪੀਜ਼ ਨੂੰ ਕਿਸਾਨਾਂ ਦੇ ਹੱਕ ’ਚ ਦੇਸ਼ ਦੀ ਸੰਸਦ ’ਚ ਆਵਾਜ਼ ਉਠਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਭੂਆ ਕੋਲ ਆਏ ਮੁੰਡੇ ਦੇ ਦੋਸਤ ਹੀ ਬਣ ਗਏ 'ਵੈਰੀ', ਬੰਦ ਕੋਠੀ 'ਚੋਂ ਅਜਿਹੀ ਹਾਲਤ 'ਚ ਮਿਲੀ ਲਾਸ਼, ਕਿ...
ਤਾਮਿਲਨਾਡੂ, ਉੱਤਰਾਖੰਡ ਅਤੇ ਕੇਰਲਾ ਦੀਆਂ ਕਿਸਾਨ ਜਥੇਬੰਦੀਆਂ 6 ਦਸੰਬਰ ਨੂੰ ਆਪਣੀਆਂ ਵਿਧਾਨ ਸਭਾਵਾਂ ਵੱਲ ਕੱਢਣਗੀਆਂ ਮਾਰਚ
ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ’ਚ ਲਏ ਗਏ ਫੈਸਲੇ ਬਾਰੇ ਕਿਸਾਨ ਨੇਤਾ ਗੁਰਅਮਨੀਤ ਸਿੰਘ ਮਾਂਗਟ ਨੇ ਦੱਸਿਆ ਕਿ 6 ਦਸੰਬਰ ਨੂੰ ਤਾਮਿਲਨਾਡੂ, ਉੱਤਰਾਖੰਡ ਅਤੇ ਕੇਰਲਾ ਦੀਆਂ ਕਿਸਾਨ ਜਥੇਬੰਦੀਆਂ ਆਪਣੇ-ਆਪਣੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵੱਲ ਸ਼ਾਂਤਮਈ ਮਾਰਚ ਕੱਢਣਗੀਆਂ। ਮਾਂਗਟ ਨੇ ਦੱਸਿਆ ਕਿ ਜੋ ਵੀ ਆਮ ਜਨ ਅਤੇ ਕਿਸਾਨ ਇਨ੍ਹਾਂ ਜਥਿਆਂ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਨ੍ਹਾਂ ਲਈ ਭਲਕੇ 3 ਵਜੇ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚੇ ਦੇ ਸੋਸ਼ਲ ਮੀਡੀਆ ਹੈਂਡਲਸ ’ਤੇ ਗੂਗਲ ਫਾਰਮ ਉਪਲੱਬਧ ਰਹੇਗਾ ਅਤੇ ਉਹ ਇਹ ਫਾਰਮ ਭਰ ਸਕਦੇ ਹਨ।
ਬੁੱਢੇ ਨਾਲੇ ’ਚ ਪ੍ਰਦੂਸ਼ਿਤ ਪਾਣੀ ਨੂੰ ਤੁਰੰਤ ਬੰਦ ਕਰਵਾਏ ਸਰਕਾਰ
ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਐੱਨ.ਜੀ.ਟੀ. ਦੇ ਆਰਡਰਾਂ ਤਹਿਤ ਜਿਹੜੇ-ਜਿਹੜੇ ਕਾਰਖਾਨੇ ਬੁੱਢਾ ਨਾਲੇ ’ਚ ਪ੍ਰਦੂਸ਼ਿਤ ਪਾਣੀ ਛੱਡਦੇ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਜਾਵੇ। ਰਾਜਸਥਾਨ ਤੋਂ ਆਏ ਕਿਸਾਨ ਆਗੂ ਰਣਜੀਤ ਸਿੰਘ ਰਾਜੂ ਨੇ ਦੱਸਿਆ ਕਿ ਇਹ ਕਹਿਣਾ ਗਲਤ ਹੈ ਕਿ ਇਸ ਮੋਰਚੇ ’ਚ ਸਿਰਫ ਪੰਜਾਬ ਦੇ ਲੋਕਾਂ ਦੀ ਸ਼ਮੂਲੀਅਤ ਹੈ। ਮੋਰਚੇ ’ਚ ਪੂਰੇ ਹਿੰਦੁਸਤਾਨ ਦੇ ਕਿਸਾਨ ਮੌਜੂਦ ਹਨ। ਬੁੱਢੇ ਨਾਲੇ ’ਚ ਛੱਡੇ ਗਏ ਦੂਸ਼ਿਤ ਪਾਣੀ ਦੇ ਪ੍ਰਭਾਵ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਰਾਜਸਥਾਨ ਦੇ 14 ਜ਼ਿਲ੍ਹੇ ਇਸ ਨਾਲ ਪ੍ਰਭਾਵਿਤ ਹਨ ਅਤੇ ਕੈਂਸਰ ਦੇ ਪ੍ਰਕੋਪ ਦੇ ਸ਼ਿਕਾਰ ਹਨ।
ਇਸ ਮੌਕੇ ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਬਹਿਰਾਮਕੇ, ਜਸਵਿੰਦਰ ਸਿੰਘ ਲੌਂਗੋਵਾਲ, ਤੇਜਵੀਰ ਸਿੰਘ ਪੰਜੋਖੜਾ ਸਾਹਿਬ, ਸੁਖਦੇਵ ਸਿੰਘ ਭੋਜਰਾਜ, ਰਣਜੀਤ ਸਿੰਘ ਰਾਜੂ ਰਾਜਸਥਾਨ, ਸਮਸ਼ੇਰ ਸਿੰਘ ਅਟਵਾਲ, ਬਲਕਾਰ ਸਿੰਘ ਬੈਂਸ, ਸਤਵੰਤ ਸਿੰਘ ਲਵਲੀ, ਸੁਖਚੈਨ ਸਿੰਘ ਅੰਬਾਲਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਪਿੰਨ ਖੁੱਲ੍ਹਣ ਕਾਰਨ ਪਲਟ ਗਿਆ ਟਰਾਲਾ, ਮਾਲਕ ਨੇ ਹਾਲ ਪੁੱਛਣ ਦੀ ਬਜਾਏ ਡਰਾਈਵਰ ਦਾ ਚਾੜ੍ਹ'ਤਾ ਕੁਟਾਪਾ
ਡੱਲੇਵਾਲ ਦਾ 3 ਕਿਲੋ ਵਜ਼ਨ ਘਟਿਆ, ਸ਼ੂਗਰ ਲੈਵਲ ਵੀ ਆਇਆ ਹੇਠਾਂ
ਖਨੌਰੀ ਬਾਰਡਰ ਵਿਖੇ ਮਰਨ ਵਰਤ ’ਤੇ ਬੈਠੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਜਾਰੀ ਰੱਖਿਆ, ਜਿਸ ਕਾਰਨ ਉਨ੍ਹਾਂ ਦਾ ਪਿਛਲੇ 5 ਦਿਨਾਂ ’ਚ ਲਗਭਗ 3 ਕਿਲੋ ਵਜ਼ਨ ਘੱਟ ਚੁੱਕਾ ਹੈ। ਸ਼ੂਗਰ ਲੈਵਲ ਸਵੇਰੇ ਜੋ ਕਿ 100 ਦੇ ਕਰੀਬ ਸੀ, ਸ਼ਾਮ ਸਮੇਂ ਡਿੱਗ ਕੇ ਇਕਦਮ 75 ’ਤੇ ਆ ਗਈ। ਉਨ੍ਹਾਂ ਦਾ ਬੀ.ਪੀ. ਸਵੇਰੇ 122/88 ਸੀ, ਸ਼ਾਮ ਸਮੇਂ ਇਕਦਮ 151/105 ਹੋ ਗਿਆ। ਇਸ ਤਰ੍ਹਾਂ ਉਨ੍ਹਾਂ ਦੀ ਪਲਸ ਵੀ ਲਗਾਤਾਰ ਗੜਬੜ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਮੋਰਚੇ ’ਤੇ ਡਟੇ ਹੋਏ ਹਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਅਸੀਂ ਕਿਸਾਨਾਂ, ਪੰਜਾਬ ਅਤੇ ਦੇਸ਼ ਲਈ ਜੰਗ ਲੜ ਰਹੇ ਹਾਂ। ਕਿਸਾਨਾਂ ਦੇ ਜਥੇ 6 ਦਸੰਬਰ ਤੋਂ ਦਿੱਲੀ ਹਰ ਹਾਲਤ ’ਚ ਜਾਣਗੇ। ਉਨ੍ਹਾਂ ਆਖਿਆ ਕਿ ਜਿੱਤਣ ਤੱਕ ਸੰਘਰਸ਼ ਜਾਰੀ ਰਹੇਗਾ, ਭਾਵੇਂ ਉਨ੍ਹਾਂ ਦੀ ਸ਼ਹੀਦੀ ਹੋ ਜਾਵੇ।
ਇਹ ਵੀ ਪੜ੍ਹੋ- ਪੰਜਾਬ ਨੇ ਨਵੰਬਰ ਮਹੀਨੇ 'ਚ ਨੈੱਟ GST ਕੁਲੈਕਸ਼ਨ 'ਚ 956 ਕਰੋੜ ਦਾ ਵਾਧਾ ਕੀਤਾ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e