ਅਗਲੇ ਸਾਲ ਲਈ ਕਣਕ ਦਾ ਕਰਨਾਲ ਬੰਟ ਮੁਕਤ ਬੀਜ ਹੀ ਸੰਭਾਲਣ ਕਿਸਾਨ : ਮਾਹਿਰ
Wednesday, May 20, 2020 - 09:30 AM (IST)

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕਰਨਾਲ ਬੰਟ ਦੀ ਬੀਮਾਰੀ ਪੰਜਾਬ ਦੇ ਤਕਰੀਬਨ ਸਾਰੇ ਇਲਾਕਿਆਂ ਵਿਚ ਪਾਈ ਜਾਂਦੀ ਹੈ ਪਰ ਨੀਂਮ ਪਹਾੜੀ ਅਤੇ ਦਰਿਆਵਾਂ ਦੇ ਨੇੜੇ ਲੱਗਦੇ ਇਲਾਕਿਆਂ ਵਿਚ ਇਸ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤਬਾੜੀ ਯੂਨੀਵਰਸਿਟੀ ਦੇ ਪੌਦਾ ਰੋਗ ਵਿਗਿਆਨੀ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਕਰਨਾਲ ਬੰਟ ਦੇ ਹਮਲੇ ਨਾਲ ਸਿੱਟੇ ਵਿਚ ਕੁਝ ਦਾਣਿਆਂ ’ਤੇ ਹੀ ਬੀਮਾਰੀ ਦਾ ਅਸਰ ਹੁੰਦਾ ਹੈ। ਜਦੋਂ ਬੀਮਾਰੀ ਵਾਲੇ ਦਾਣਿਆਂ ਨੂੰ ਹੱਥਾਂ ਵਿਚ ਲੈ ਕੇ ਮਸਲਿਆ ਜਾਵੇ ਤਾਂ ਉਨ੍ਹਾਂ ਵਿੱਚੋਂ ਕਾਲੇ ਰੰਗ ਦੀ ਉਲੀ ਦੇ ਜੀਵਾਣੂੰ ਬਾਹਰ ਨਿਕਲਦੇ ਹਨ, ਜਿਨ੍ਹਾਂ ਵਿੱਚੋਂ ਭੈੜੀ ਦੁਰਗੰਧ ਆਉਂਦੀ ਹੈ। ਇਸ ਬੀਮਾਰੀ ਵਾਲੀ ਉਲੀ ਦੀ ਲਾਗ ਉਦੋਂ ਲੱਗਦੀ ਹੈ, ਜਦੋਂ ਕਿ ਅਜੇ ਸਿੱਟੇ ਬਾਹਰ ਨਿਕਲੇ ਹੀ ਹੁੰਦੇ ਹਨ।
ਬੀਮਾਰੀ ਦੀ ਲਾਗ ਹਵਾ ਵਿੱਚ ਫਿਰਦੇ ਬੀਮਾਰੀ ਦੇ ਜੀਵਾਣੂੰ ਰਾਹੀਂ ਹੁੰਦੀ ਹੈ। ਉਲੀ ਦੇ ਜੀਵਾਣੂੰ ਖੇਤਾਂ ਵਿੱਚ 2-3 ਸਾਲ ਤੱਕ ਜਿਊਂਦੇ ਰਹਿੰਦੇ ਹਨ ਅਤੇ ਕਣਕ ਦੇ ਸਿੱਟੇ ਨਿਕਲਣ ਵੇਲੇ ਇਹ ਜੀਵਾਣੂੰ ਮਿੱਟੀ ਵਿੱਚੋਂ ਉਗ ਕੇ ਹਵਾ ਵਿੱਚ ਰਲ ਜਾਂਦੇ ਹਨ ਅਤੇ ਸਿੱਟਿਆਂ ਵਿੱਚ ਦਾਣਿਆਂ ’ਤੇ ਬੀਮਾਰੀ ਲਾ ਦਿੰਦੇ ਹਨ। ਅਜਿਹੀ ਫਸਲ ਤੋਂ ਰੱਖਿਆ ਬੀਜ ਅਗਲੇ ਸਾਲ ਲਈ ਬੀਮਾਰੀ ਫੈਲਾਉਣ ਦਾ ਕਾਰਨ ਬਣਦਾ ਹੈ ।
ਉਨ੍ਹਾਂ ਕਿਹਾ ਕਿ ਹੁਣ ਕਣਕ ਦੇ ਬੀਜ ਨੂੰ ਪਰਖ ਕੇ ਅਗਲੇ ਸਾਲ ਲਈ ਸੰਭਾਲਣ ਦਾ ਸਮਾਂ ਹੈ। ਇਸ ਲਈ ਆਪਣੇ ਬੀਜ ਦੀ ਪਰਖ ਕਰਨੀ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਪਤਾ ਲੱਗ ਸਕੇ ਕਿ ਬੀਜ ਕਰਨਾਲ ਬੰਟ ਤੋਂ ਮੁਕਤ ਹੈ ਜਾਂ ਨਹੀ। ਬੀਜ ਦੀ ਪਰਖ ਕਰਨ ਲਈ ਦੋ ਮੁੱਠਾਂ ਕਣਕ ਦੇ ਦਾਣਿਆਂ ਨੂੰ ਪਾਣੀ ਵਿੱਚ ਭਿਉਂ ਕੇ ਚਿੱਟੇ ਕਾਗਜ਼ ਉਤੇ ਖਿਲਾਰੋ । ਜੇਕਰ ਇਸ ਬੀਜ ਵਿਚ ਕਰਨਾਲ ਬੰਟ ਨਾਲ ਪ੍ਰਭਾਵਿਤ 4-5 ਦਾਣੇ ਦਿਖਾਈ ਦੇਣ ਤਾਂ ਅਜਿਹਾ ਬੀਜ ਅਗਲੇ ਸਾਲ ਕਣਕ ਬਿਜਾਈ ਲਈ ਨਹੀਂ ਵਰਤਣਾ ਚਾਹੀਦਾ ਸਗੋਂ ਕਰਨਾਲ ਬੰਟ ਤੋਂ ਮੁਕਤ ਨਵਾਂ ਬੀਜ ਖਰੀਦਣ ਦੀ ਜ਼ਰੂਰਤ ਪਵੇਗੀ। ਅਗਲੇ ਸਾਲ ਲਈ ਕਰਨਾਲ ਬੰਟ ਤੋਂ ਮੁਕਤ ਬੀਜ ਹੀ ਸੰਭਾਲਣਾ ਚਾਹੀਦਾ ਹੈ।