ਕਿਸਾਨਾਂ ਨੇ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਲਾਇਆ ਧਰਨਾ, ਪ੍ਰੇਸ਼ਾਨ ਰਾਹਗੀਰਾਂ ਨੇ ਕਹੀ ਇਹ ਗੱਲ
Saturday, Oct 01, 2022 - 01:39 AM (IST)
ਗੁਰਦਾਸਪੁਰ (ਪ੍ਰਿੰਸ) : ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਗੁਰਦਾਸਪੁਰ 'ਚ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਲਗਾਏ ਗਏ ਧਰਨੇ ਵਿੱਚ ਟਰੱਕ ਡਰਾਈਵਰਾਂ, ਯਾਤਰੀਆਂ ਤੇ ਰਾਹਗੀਰਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੱਕ ਡਰਾਈਵਰਾਂ ਤੇ ਆਮ ਰਾਹਗੀਰਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਗਾਏ ਗਏ ਧਰਨਿਆਂ ਦੌਰਾਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਟਰੱਕ ਚਾਲਕ ਸਬਜ਼ੀ ਅਤੇ ਕੱਚਾ ਮਾਲ ਲੈ ਕੇ ਆਏ ਹਨ, ਜੇਕਰ ਇਹ ਸਮੇਂ ਸਿਰ ਮੰਡੀਆਂ 'ਚ ਨਾ ਪਹੁੰਚਿਆ ਤਾਂ ਉਨ੍ਹਾਂ ਦਾ ਭਾਰੀ ਨੁਕਸਾਨ ਹੋਵੇਗਾ।
ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ ਦੇ ਦਰਬਾਰ ਹਾਲ 'ਚੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ, ਮਾਮਲਾ ਦਰਜ
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਜੇਕਰ ਧਰਨਾ ਲਗਾਉਣਾ ਹੈ ਤਾਂ ਰੇਲਾਂ ਰੋਕੀਆਂ ਜਾਣ ਜਾਂ ਫਿਰ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨਾ ਲਗਾਇਆ ਜਾਵੇ, ਇਸ ਤਰ੍ਹਾਂ ਆਮ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਨੈਸ਼ਨਲ ਹਾਈਵੇ 'ਤੇ ਡਿਊਟੀ ਕਰ ਰਹੇ ਟ੍ਰੈਫਿਕ ਪੁਲਸ ਦੇ ਕਰਮਚਾਰੀਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ 'ਤੇ ਲਗਾਏ ਗਏ ਧਰਨੇ ਕਰਕੇ ਉਨ੍ਹਾਂ ਨੇ ਟ੍ਰੈਫਿਕ ਦਾ ਰੁਖ਼ ਬਦਲ ਦਿੱਤਾ ਹੈ ਅਤੇ ਰਾਹਗੀਰਾਂ ਤੇ ਟਰੱਕ ਚਾਲਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਪਿੰਡਾਂ ਵਿੱਚੋਂ ਦੀ ਜਾ ਕੇ ਦੂਸਰੇ ਪਾਸੋਂ ਹਾਈਵੇ 'ਤੇ ਨਿਕਲ ਸਕਦੇ ਹਨ, ਜੇਕਰ ਕੋਈ ਐਂਬੂਲੈਂਸ ਜਾਂ ਫਿਰ ਕੋਈ ਸਰਕਾਰੀ ਵਾਹਨ ਆਉਂਦਾ ਹੈ ਤਾਂ ਉਸ ਨੂੰ ਜਾਣ ਦਿੱਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।