ਟਰੈਕਟਰਾਂ 'ਤੇ ਕਾਲੀਆਂ ਝੰਡੀਆਂ ਲਾ ਕੇ ਕਿਸਾਨਾਂ ਨੇ ਵਧੀਆਂ ਤੇਲ ਕੀਮਤਾਂ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Tuesday, Jul 21, 2020 - 03:41 PM (IST)
ਕਿਸ਼ਨਗੜ੍ਹ(ਬੈਂਸ) - ਬੀਤੇ ਦਿਨ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਪ੍ਰਸਿੱਧ ਅੱਡਾ ਕਿਸ਼ਨਗੜ੍ਹ ’ਚ ਉਕਤ ਹਾਈਵੇ ਦੀਆਂ ਦੋਵੇਂ ਸਾਇਡਾਂ ’ਤੇ ਟੈਫ੍ਰਿਕ ਵਿਵਸਥਾ ਤੇ ਕੋਰੋਨਾ ਮਹਾਮਾਰੀ ਕਾਰਣ ਪ੍ਰਸ਼ਾਸਨ ਦੀਆਂ ਜਾਰੀ ਹਦਾਇਤਾਂ ਦਾ ਸੰਪੂਰਨ ਸਤਿਕਾਰ ਕਰਦਿਆਂ ਸੈਂਕੜੇ ਟਰੈਕਟਰਾਂ ’ਤੇ ਕਾਲੇ ਝੰਡੇ ਲਾ ਕੇ ਪੰਜਾਬ ਦੀ ਨਾਮਵਰ ਕਿਸਾਨ ਹਿਤੈਸ਼ੀ ਜਥੇਬੰਦੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗੜ੍ਹ (ਰਜਿ.) ਦੀ ਅਗਵਾਈ ’ਚ ਕੇਂਦਰ ਸਰਕਾਰ ਵਲੋਂ ਝੋਨੇ ਦੇ ਸੀਜ਼ਨ ’ਚ ਅਚਨਚੇਤ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਕੀਤੇ ਭਾਰੀ ਵਾਧੇ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਜਾਹਰ ਕੀਤਾ ਤਾਂ ਕਿ ਸਮੁੱਚੇ ਸੂਬੇ ਦੇ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚ ਸਕੇ। ਵਿਸ਼ੇਸ਼ ਗੱਲ ਇਹ ਰਹੀ ਕਿ ਉਕਤ ਰੋਸ ਜਾਹਰ ਕਰਨ ਵਾਲੇ ਸਾਰੇ ਕਿਸਾਨ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇਕ ਮੰਚ ’ਤੇ ਇੱਕਠੇ ਸਨ।
ਇਸ ਮੌਕੇ ਪ੍ਰਧਾਨ ਹਰਸੁਲਿੰਦਰ ਸਿੰਘ ਢਿੱਲੋਂ ਨੇ ਆਖਿਆ ਕਿ ਇਹ ਸ਼ਾਂਤਮਈ ਰੋਸ ਜਾਹਰ ਮਾਹੌਲ ਸਮੇਂ ਦੀਆਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਸੀ। ਜੇਕਰ ਲੋੜ ਪਈ ਤਾਂ ਜਿਸ ਤਰ੍ਹਾਂ ਸਰਕਾਰ ਕਿਸਾਨਾਂ ਨਾਲ ਚੱਲੇਗੀ ਅਗਸਤ ਵਿਚ ਉਸ ਤਰ੍ਹਾਂ ਦਾ ਹੀ ਕਿਸਾਨਾਂ ਦਾ ਅਗਲਾ ਪ੍ਰੋਗਰਾਮ ਹੋਵੇਗਾ। ਉਕਤ ਸਥਿਤੀ ਬਾਰੇ ਫੈਸਲਾ ਲੈਣਾ ਹੁਣ ਸਮੇਂ ਦੀਆਂ ਸਰਕਾਰਾਂ ਦੇ ਆਪਣੇ ਹੱਥ ’ਚ ਹੈ। ਉਪ-ਪ੍ਰਧਾਨ ਲੰਬੜਦਾਰ ਮੁਕੇਸ਼ ਚੰਦਰ ਰਾਣੀ ਭੱਟੀ ਨੇ ਆਖਿਆ ਕਿ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਲਈ ਅੱਧੇ ਮੁੱਲ ’ਤੇ ਡੀਜ਼ਲ ਤੇ ਪੈਟਰੋਲ ਮੁਹੱਈਆ ਕਰਵਾਏ ਜਾਂ ਕਿਸਾਨਾਂ ਨੂੰ ਡੀਜ਼ਲ ਤੇ ਪੈਟਰੋਲ ’ਤੇ ਸਬਸਿਡੀ ਦਿੱਤੀ ਜਾਵੇ। ਇਸ ਮੌਕੇ ਅਕਾਲੀ ਆਗੂ ਹਰਿੰਦਰ ਸਿੰਘ ਢੀਂਡਸਾ ਵਲੋਂ ਕੇਂਦਰ ਸਰਕਾਰ ਨੂੰ ਪੁਰਜ਼ੋਰ ਗੁਹਾਰ ਲਾਈ ਕਿ ਸੂਬੇ ’ਚ ਦਿਨ ਪ੍ਰਤੀ ਦਿਨ ਨਿਘਾਰ ਵੱਲ ਵੱਧਦੀ ਜਾ ਰਹੀ ਸੂਬੇ ਦੀ ਕ੍ਰਿਸਾਨੀ ਨੂੰ ਦੇਖਦਿਆਂ ਕੇਂਦਰ ਤੇ ਸੂਬਾ ਸਰਕਾਰਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਚ ਕੀਤਾ ਵਾਧੇ ਨੂੰ ਤੁਰੰਤ ਵਾਪਸ ਲੈਣ।
ਇਸ ਮੌਕੇ ਗੁਰਬਖਸ਼ ਸਿੰਘ ਨੌਗੱਜਾ, ਮੱਖਣ ਸਿੰਘ ਰਹੀਮਪੁਰ, ਦੇਵਿੰਦਰ ਸਿੰਘ ਮਿੰਟਾ ਧਾਰੀਵਾਲ, ਹਰਿੰਦਰ ਸਿੰਘ ਢੀਂਡਸਾ ਰੇਰੂ, ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲ, ਕੇਵਲ ਸਿੰਘ ਸਤੋਵਾਲੀ, ਸੁਰਜੀਤ ਸਿੰਘ ਕਰਾੜੀ, ਉਂਕਾਰ ਸਿੰਘ ਦੋਲਤਪੁਰ, ਗੁਰਮੇਲ ਸਿੰਘ ਗੇਲਾ ਨੌਗੱਜਾ, ਅਵਤਾਰ ਸਿੰਘ ਡੱਲੀ, ਸੁਰਿੰਦਰ ਸਿੰਘ ਕਰਾੜੀ, ਗੁਰਮਿੰਦਰ ਸਿੰਘ ਗੋਲਡੀ, ਹਰਪ੍ਰੀਤ ਸਿੰਘ ਰਾਣੀ ਭੱਟੀ, ਅਮਰੀਕ ਸਿੰਘ ਸਰਪੰਚ ਸਤੋਵਾਲੀ, ਬਿੰਦਾ ਬਾਹੋਪੁਰ, ਹਰਜਿੰਦਰ ਸਿੰਘ ਦੋਦੇ, ਬਿੱਲਾ ਕੰਪਾਲਾ ਗੁਰੂ, ਹਰਿੰਦਰ ਸਿੰਘ ਜੋਧਾ ਸਰਮਸਤਪੁਰ, ਸੋਢੀ ਸਿੰਘ, ਸਾਬਕਾ ਸਰਪੰਚ ਉਂਕਾਰ ਸਿੰਘ ਮੰਨਣ, ਕਰਮਜੀਤ ਸਿੰਘ ਮੰਨਣ ਆਦਿ ਵਿਸ਼ੇਸ ਤੌਰ ’ਤੇ ਹਾਜ਼ਿਰ ਸਨ। ਇਸਦੇ ਨਾਲ-ਨਾਲ ਉਕਤ ਸਾਰੇ ਸ਼ਾਤਮਈ ਰੋਸ ਜਾਹਰ ਕਰਨ ਵਾਲੇ ਮਾਮਲੇ ਦੇ ਮਾਹੌਲ ਦੀ ਸਥਿਤੀ ’ਤੇ ਬਾਜ਼ ਅੱਖ ਰੱਖਣ ਲਈ ਡੀ. ਐੱਸ. ਪੀ. ਕਰਤਾਰਪੁਰ ਪਰਮਿੰਦਰ ਸਿੰਘ ਮੰਡ, ਡੀ. ਐੱਸ. ਪੀ. ਆਦਮਪੁਰ ਹਰਿੰਦਰ ਸਿੰਘ ਮਾਨ, ਐੱਸ. ਐੱਚ. ਓ. ਕਰਤਾਰਪੁਰ ਸਬ-ਇੰਸਪੈਕਟਰ ਸਿੰਕਦਰ ਸਿੰਘ ਅਲਾਵਲਪੁਰ ਤੇ ਕਿਸ਼ਨਗੜ੍ਹ ਦੋਨੋਂ ਪੁਲਸ ਚੌਕੀ ਇੰਚਾਰਜ ਪਰਮਜੀਤ ਸਿੰਘ, ਤਰਨਜੀਤ ਸਿੰਘ, ਭਗਵੰਤ ਸਿੰਘ (ਤਿੰਨੋਂ ਏ. ਐੱਸ. ਆਈ.) ਆਦਿ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਹਾਜ਼ਰ ਸਨ।