‘ਚੱਕਾ ਜਾਮ’ ਨੂੰ ਜਲੰਧਰ ’ਚ ਭਰਵਾਂ ਹੁੰਗਾਰਾ, ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾ ਕਿਸਾਨਾਂ ਦੇ ਹੱਕ ’ਚ ਡਟੇ ਬੱਚੇ
Saturday, Feb 06, 2021 - 06:36 PM (IST)
ਜਲੰਧਰ (ਸੋਨੂੰ, ਵੈੱਬ ਡੈਸਕ, ਮਿ੍ਰਦੁਲ, ਪਾਲੀ, ਜਤਿੰਦਰ, ਮਹੇਸ਼)— ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅਤੇ ਕਿਸਾਨਾਂ ਦੀ ਰਿਹਾਈ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਭਾਰਤ ਬੰਦ ਦੀ ਕਾਲ ਨੂੰ ਲੈ ਕੇ ਅੱਜ ਦੇਸ਼ ਭਰ ’ਚ ਚੱਕਾ ਜਾਮ ਕੀਤਾ ਗਿਆ। ਕਿਸਾਨ ਜੱਥੇਬੰਦੀਆਂ ਵੱਲੋੋਂ ਕੀਤਾ ਜਾ ਰਹੇ ਚੱਕਾ ਜਾਮ ਦਾ ਅਸਰ ਮਹਾਨਗਰ ਜਲੰਧਰ ਸ਼ਹਿਰ ’ਚ ਵੀ ਵੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ
ਮਿਲੀ ਜਾਣਕਾਰੀ ਮੁਤਾਬਕ ਅੱਜ ਜਲੰਧਰ ਦੇ ਸਾਬਕਾ ਡੀ. ਸੀ. ਪੀ. ਬਲਕਾਰ ਸਿੰਘ ਵੀ ਆਪਣੇ ਪਰਿਵਾਰ ਸਮੇਤ ਚੱਕਾ ਜਾਮ ’ਚ ਸ਼ਾਮਲ ਹੋਏ। ਬਲਕਾਰ ਸਿੰਘ ਕਿਸਾਨਾਂ ਦਾ ਵੱਡਾ ਇਕੱਠੇ ਲੈ ਕੇ ਵਡਾਲਾ ਚੌਂਕ ਤੋਂ ਚੱਲੇ ਅਤੇ ਵੱਖ-ਵੱਖ ਚੌਂਕਾਂ ਤੋਂ ਹੁੰਦੇ ਹੋਏ ਇਸ ਧਰਨੇ ਨੂੰ ਪੀ.ਏ.ਪੀ. ਵਿਖੇ ਖ਼ਤਮ ਹੋਇਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਦੇਸ਼ ਦੇ ਹਰ ਵਰਗ ਦੇ ਮਿਲ ਰਹੇ ਭਾਰੀ ਸਮਰਥਨ ਨੂੰ ਦੇਖਦਿਆਂ ਪੂਰੀ ਤਰ੍ਹਾਂ ਬੌਖਲਾ ਗਈ ਹੈ ਅਤੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ, ਜਦੋਂ ਕਿ ਕਿਸਾਨਾਂ ਦੀ ਤਾਕਤ ਦਿਨੋ-ਦਿਨ ਵਧਦੀ ਜਾ ਰਹੀ ਹੈ। ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ 26 ਜਨਵਰੀ ਦੀ ਘਟਨਾ ਤੋਂ ਬਾਅਦ ਕਿਸਾਨਾਂ ਦੀ ਗਿਣਤੀ ਹੋਰ ਵੀ ਵਧ ਗਈ ਹੈ, ਜਿਹੜੀ ਕਿ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੱਕ ਇਸੇ ਤਰ੍ਹਾਂ ਰਹੇਗੀ।
ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)
ਕਿਸਾਨਾਂ ਦਾ ਸਮਰਥਨ ਅਕਾਲੀ ਦਲ ਅਤੇ ਸਮਾਜਿਕ ਸੰਗਠਨਾਂ ਵੱਲੋਂ ਵੀ ਕੀਤਾ ਗਿਆ। ਇਸ ਦੌਰਾਨ ਪੀ. ਏ. ਪੀ. ਚੌਂਕ, ਕਿਸ਼ਨਗੜ੍ਹ, ਪ੍ਰਤਾਪਪੁਰਾ ਅਤੇ ਵਿਧਿਪੁਰ ਹਾਈਵੇਅ ’ਤੇ ਕਿਸਾਨ ਸਮਰਥਕ ਰਸਤਾ ਬੰਦ ਕਰਕੇ ਆਵਾਜਾਈ ਰੋਕ ਰਹੇ ਹਨ।
ਪੀ. ਏ. ਪੀ. ਚੌਂਕ ’ਚ ਕਿਸਾਨ ਜਥੇਬੰਦੀਆਂ ਦੇ ਨਾਲ ਮਾਸੂਮ ਬੱਚੇ ਵੀ ਜੁਟੇ ਦਿਸੇ। ਇਸ ਦੌਰਾਨ ਬੱਚਿਆਂ ਵੱਲੋਂ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾ ਕੇ ਮੋਦੀ ਸਰਕਾਰ ਖ਼ਿਲਾਫ਼ ਰਜ ਕੇ ਭੜਾਸ ਕੱਢੀ ਗਈ। ਆਗੂਆਂ ਨੇ ਕਿਹਾ ਕਿ ਇਹ ਅੰਦੋਲਨ ਸਿਰਫ਼ ਕਿਸਾਨਾਂ ਦਾ ਨਾ ਹੋ ਕੇ ਦੇਸ਼ ਦੇ ਹਰ ਉਸ ਸ਼ਖ਼ਸ ਦਾ ਹੈ, ਜਿਸ ਨੂੰ ਪੇਟ ਲੱਗਾ ਹੋਇਆ ਹੈ। ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ 95 ਫੀਸਦੀ ਲੋਕਾਂ ਨੂੰ ਬਰਬਾਦ ਕਰਕੇ ਕਾਰਪੋਰੇਟ ਘਰਾਣਿਆਂ ਦੇ ਸਿਰਫ 5 ਫੀਸਦੀ ਲੋਕਾਂ ਨੂੰ ਲਾਭ ਪਹੁੰਚਾ ਕੇ ਉਨ੍ਹਾਂ ਨੂੰ ਖੁਸ਼ ਕਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਸਮੇਤ ਹਰੇਕ ਵਰਗ ਦੇ ਹਜ਼ਾਰਾਂ ਲੋਕਾਂ ਵੱਲੋਂ ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਪੰਜਾਬ ਅਤੇ ਖਾਸਕਰ ਜਲੰਧਰ ਵਿਚ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਸਖ਼ਤ ਵਿਰੋਧ ਜਾਰੀ ਰਹੇਗਾ। ਉਨ੍ਹਾਂ ਨੂੰ ਧਾਰਮਿਕ ਸਥਾਨਾਂ ’ਤੇ ਆਉਣ ਤੋਂ ਵੀ ਰੋਕਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਦਿੱਲੀ ਵਿਚ ਅੰਦੋਲਨ ਦੌਰਾਨ ਕਿਸਾਨ ਆਗੂਆਂ ’ਤੇ ਦਰਜ ਕੀਤੇ ਗਏ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਛੇ ਦਿਨਾਂ ਵਾਲੀ ਸਰਕਾਰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ।
ਇਹ ਵੀ ਪੜ੍ਹੋ :ਟਾਂਡਾ ’ਚ ਸੈਰ ਕਰ ਰਹੇ ਜੋੜੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਗੋਲੀ ਚਲਾ ਕੀਤੀ ਲੁੱਟਖੋਹ
ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਰੂਰੀ ਵਸਤੂਆਂ ਦੁਧ, ਫਲ, ਸਬਜ਼ੀਆਂ ਦੀਆਂ ਗੱਡੀਆਂ ’ਤੇ ਕੋਈ ਰੋਕ ਨਹੀਂ ਲੱਗੀ ਹੈ ਅਤੇ ਐਂਬੂਲੈਂਸ ਕੱਢਵਾਉਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਰਾਹਗੀਰਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਟ੍ਰੈਫਿਕ ਪੁਲਸ ਵੱਲੋਂ ਬਦਲਵੇਂ ਰਸਤੇ ਦੱਸੇ ਜਾ ਰਹੇ ਹਨ। ਨਕੋਦਰ ਜਲੰਧਰ ਮਾਰਗ ’ਤੇ ਪਿੰਡ ਆਲੋਵਾਲ ਗੇਟ ’ਤੇ ਵੀ ਕਿਸਾਨ ਜਥੇਬੰਦੀਆਂ ਡਟੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ
ਟ੍ਰੈਫਿਕ ਪੁਲਸ ਦੇ 140 ਦੇ ਕਰੀਬ ਮੁਲਾਜ਼ਮਾਂ ਦੀ ਹੋਈ ਤਾਇਨਾਤੀ
ਜਾਮ ਨੂੰ ਲੈ ਕੇ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਟ੍ਰੈਫਿਕ ਪੁਲਸ ਦੇ þਲਪਲਾਈਨ ਨੰਬਰ 0181-1073 ਅਤੇ 01812227296 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਗਗਨੇਸ਼ ਕੁਮਾਰ ਨੇ ਦੱਸਿਆ ਕਿ ਜਿੱਥੇ ਕਿਤੇ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਟ੍ਰੈਫਿਕ ਪੁਲਸ ਦੇ ਕਰੀਬ 140 ਮੁਲਾਜ਼ਮ ਤਾਇਨਾਤ ਰਹਿਣਗੇ। ਜਾਮ ’ਚ ਫਸੇ ਵਾਹਨ ਚਾਲਕਾਂ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਬਦਲਵੇਂ ਰਸਤੇ ਦੱਸੇ ਜਾ ਰਹੇ ਹਨ।
ਮੰਚ ਦਾ ਸੰਚਾਲਨ ਰਾਜੇਵਾਲ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਜਥੇ. ਕੁਲਵਿੰਦਰ ਸਿੰਘ ਮਛਿਆਣਾ ਨੇ ਕੀਤਾ ਅਤੇ ਸਾਰਿਆਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਚੱਕਾ ਜਾਮ ਦੌਰਾਨ ਐੱਸ. ਜੀ. ਪੀ. ਸੀ. ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ, ਮਨਜੀਤ ਸਿੰਘ ਟਰਾਂਸਪੋਰਟਰ ਰਾਮਾ ਮੰਡੀ, ਰਾਜੇਵਾਲ ਯੂਨੀਅਨ ਦੇ ਜ਼ਿਲਾ ਪ੍ਰਧਾਨ ਮਨਦੀਪ ਸਿੰਘ ਸਮਰਾ ਸਰਪੰਚ ਸਮਰਾਏ, ਮੁੱਖ ਬੁਲਾਰਾ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਸਾਬਕਾ ਸੀਨੀਅਰ ਪੁਲਸ ਅਧਿਕਾਰੀ ਬਲਕਾਰ ਸਿੰਘ, ਨੰਬਰਦਾਰ ਪਰਗਟ ਸਿੰਘ ਸਰਹਾਲੀ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਮੱਖਣ ਲਾਲ ਪੱਲਣ, ਕਿਰਤੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਸਮਰਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਯੂਥ ਪ੍ਰਧਾਨ ਅਮਰਜੋਤ ਸਿੰਘ ਜੋਤੀ ਜੰਡਿਆਲਾ, ਮੋਨੀ ਪ੍ਰਧਾਨ ਜੰਡਿਆਲਾ, ਸੀਨੀਅਰ ਦਲਿਤ ਆਗੂ ਰਮੇਸ਼ ਕੁਮਾਰ ਚੋਹਕਾਂ, ਸੀਨੀਅਰ ਆਗੂ ਸੁਖਵਿੰਦਰ ਕੋਟਲੀ ਸਰਪੰਚ, ਨਕੋਦਰ ਤੋਂ ਉਪ ਪ੍ਰਧਾਨ ਗੁਰਵਿੰਦਰ ਬਜੂਹਾ, ਜਸਵਿੰਦਰ ਹਰਦੋ-ਫਰਾਲਾ, ਦਿਹਾਤੀ ਮਜ਼ਦੂਰ ਸਭਾ ਦੇ ਬਲਦੇਵ ਸਿੰਘ ਨੂਰਪੁਰੀ, ਰਾਮਾ ਮੰਡੀ ਦੇ ਕੱਪੜਾ ਵਪਾਰੀ ਭੁਪਿੰਦਰ ਸਿੰਘ ਹਨੀ ਭਾਟੀਆ ਅਤੇ ਪ੍ਰਾਪਰਟੀ ਕਾਰੋਬਾਰੀ ਹਰਜੋਤ ਸਿੰਘ ਹਰਜੀ ਮੱਕੜ ਰਾਮਾ ਮੰਡੀ, ਇਸਤਰੀ ਜਾਗ੍ਰਿਤੀ ਮੰਚ ਦੇ ਜਸਬੀਰ ਕੌਰ ਜੱਸੀ, ਕੁਲ ਹਿੰਦ ਕਿਸਾਨ ਸਭਾ ਦੇ ਐਡਵੋਕੇਟ ਰਾਜਿੰਦਰ ਸਿੰਘ ਮੰਡ, ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਸੁਰਿੰਦਰ ਕੁਮਾਰੀ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਗੁਰਕੰਵਲ ਸਿੰਘ, ਸੀ. ਟੀ. ਯੂ. ਦੇ ਮੂਨੀ ਸਿੰਘ, ਰੇਲਵੇ ਯੂਨੀਅਨ ਦੇ ਤਰਸੇਮ ਲਾਲ, ਮੁਸਲਿਮ ਆਗੂ ਐਡਵੋਕੇਟ ਨਈਮ, ਨੌਜਵਾਨ ਭਾਰਤ ਸਭਾ ਦੇ ਵੀਰ ਕੁਮਾਰ ਤੋਂ ਇਲਾਵਾ ਬਾਂਕਾ ਧਾਲੀਵਾਲ, ਸੁਖਰਾਜ ਪੰਜਾਬ ਧੀਣਾ, ਹੁਸਨ ਲਾਲ ਸੁਮਨ ਹਰਦੋ-ਫਰਾਲਾ, ਸ਼ਰਨਜੀਤ ਸਿੰਘ ਥਾਬਲਕੇ, ਗੁਰਮੇਲ ਸਿੰਘ ਭੰਗਾਲਾ, ਬਲਜੀਤ ਸਿੰਘ ਮਿੱਠੜਾ, ਮੇਜਰ ਸਿੰਘ, ਮੱਖਣ ਸਿੰਘ ਸਾਗਰਪੁਰ, ਸੁਖਵਿੰਦਰ ਸਿੰਘ, ਰਾਜਗੋਪਾਲ, ਅਰਵਿੰਦਰ ਸਿੰਘ ਸੰਸਾਰਪੁਰ, ਅਮਰੀਕ ਸਿੰਘ ਸੰਸਾਰਪੁਰ, ਸੁੱਖਾ ਪੰਚ ਫੋਲੜੀਵਾਲ, ਹਰਜੀਤ ਸਿੰਘ ਗੋਰਖਾ, ਅਮਨਾ ਸਮਰਾਏ, ਸੰਤੋਖ ਸਿੰਘ ਸਰਹਾਲੀ, ਦਰਸ਼ਨ ਸਿੰਘ ਥਾਬਲਕੇ, ਬਿੱਟੂ ਸ਼ਾਹ, ਜਸਵਿੰਦਰ ਸਿੰਘ ਨੂਰਮਹਿਲ ਆਦਿ ਮੁੱਖ ਰੂਪ ਵਿਚ ਹਾਜ਼ਰ ਸਨ।