ਸੰਘਰਸ਼ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਤੋਂ ਸੁਣੋ ਕੈਪਟਨ ਦੇ ਐਲਾਨ ਦਾ ਸੱਚ (ਵੀਡੀਓ)
Sunday, Jan 24, 2021 - 07:27 PM (IST)
ਮੋਗਾ/ਨਵੀਂ ਦਿੱਲੀ— ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ ਦੋ ਮਹੀਨਿਆਂ ਤੋਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ। ਇਸੇ ਸਬੰਧ ’ਚ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ। ਕਿਸਾਨ ਅੰਦੋਲਨ ਦੌਰਾਨ ਵੱਖ-ਵੱਖ ਕਾਰਨਾਂ ਕਰਕੇ ਕਈ ਕਿਸਾਨਾਂ ਨੇ ਆਪਣੀ ਜਾਨ ਵੀ ਗਵਾਈ ਹੈ। ਪੰਜਾਬ ਦੇ ਲੋਕ ਕਿਸਾਨੀ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਹੀਦਾਂ ਦਾ ਦਰਜਾ ਦੇ ਰਹੇ ਹਨ। ਕਿਸਾਨੀ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਕਿਸਾਨੀ ਸੰਘਰਸ਼ ’ਚ ਜਾਨਾਂ ਗਵਾਉਣ ਵਾਲੇ 76 ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ 5 ਲੱਖ ਦੀ ਵਿੱਤੀ ਮਦਦ ਦੇਣ ਦੇ ਨਾਲ-ਨਾਲ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਨੌਕਰੀ ਦੇਵੇਗੀ।
ਇਹ ਵੀ ਪੜ੍ਹੋ: ਜਲੰਧਰ ’ਚ ਦੋਆਬਾ ਚੌਂਕ ਨੇੜੇ ਫਿਲਮੀ ਸਟਾਈਲ ’ਚ ਪੁਲਸ ਨੇ ਫੜਿਆ ਸ਼ੱਕੀ, ਗੋਲੀ ਚੱਲਣ ਦੀ ਚਰਚਾ
ਮੁੱਖ ਮੰਤਰੀ ਦੇ ਇਸ ਐਲਾਨ ’ਤੇ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰਕਲਾਂ ਦਾ ਕਿਸਾਨ ਮੱਖਣ ਸਿੰਘ ਕਿਸਾਨੀ ਸੰਘਰਸ਼ ਦੌਰਾਨ 14 ਦਸੰਬਰ ਨੂੰ ਆਪਣੀ ਜਾਨ ਗਵਾ ਬੈਠੇ ਸਨ। ਮੱਖਣ ਸਿੰਘ ਦੇ ਪੁੱਤਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਕਰੀ ਦਾ ਐਲਾਨ ਤਾਂ ਹੋਇਆ ਪਰ ਬਾਕੀ ਸਰਕਾਰਾਂ ਨੌਕਰੀ ਦਿੰਦੀਆਂ ਹਨ ਜਾਂ ਨਹੀਂ, ਇਹ ਤਾਂ ਬਾਅਦ ’ਚ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੌਕਰੀ ਦਿੰਦੀ ਹੈ ਤਾਂ ਫਿਰ ਹੀ ਸਰਕਾਰ ਨੂੰ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਕਰੀ ਸਬੰਧੀ ਛੋਟੇ ਭਰਾ ਦੇ ਫਾਰਮ ਵੀ ਭਰੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਨਹੀਂ ਪੁੱਜੀ ਅਜੇ ਤੱਕ ਕੋਈ ਵੀ ਮਾਲੀ ਮਦਦ
ਕੈਪਟਨ ਵੱਲੋਂ 5 ਲੱਖ ਦੀ ਮਾਲੀ ਸਹਾਇਤਾ ਦੇਣ ਦੇ ਕੀਤੇ ਗਏ ਐਲਾਨ ਸਬੰਧੀ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਕੋਲ ਅਜੇ ਤੱਕ ਕੁਝ ਨਹੀਂ ਪਹੁੰਚਿਆ ਹੈ ਜਦਕਿ ਪ੍ਰਵਾਸੀ ਵੀਰ ਉਨ੍ਹਾਂ ਦੀ ਬੇਹੱਦ ਸਹਾਇਤਾ ਕਰ ਰਹੇ ਹਨ। ਪਿੰਡ ਵਾਲਿਆਂ ਵੱਲੋਂ ਵੀ ਕਾਫ਼ੀ ਮਦਦ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ
ਨੌਕਰੀ ਦੇਣ ਦਾ ਵਾਅਦਾ ਤਾਂ ਹਾਲੇ ਵੀ ਸਿਰਫ਼ ‘ਵਾਅਦਾ’ ਲੱਗ ਰਿਹੈ
ਇਸੇ ਤਰ੍ਹਾਂ ਮੋਗਾ ਦੇ ਭਿੰਡਰ ਖੁਰਦ ਦੇ ਰਹਿਣ ਵਾਲੇ ਕਿਸਾਨ ਗੁਰਬਚਨ ਸਿੰਘ ਵੀ ਕਿਸਾਨੀ ਸੰਘਰਸ਼ ਦੌਰਾਨ ਆਪਣੀ ਜਾਨ ਗਵਾ ਬੈਠੇ ਸਨ। ਗੁਰਬਚਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰ ਦੀ ਮਾਲੀ ਮਦਦ ਤਾਂ ਮਿਲ ਗਈ ਹੈ ਪਰ ਸਰਕਾਰ ਦਾ ਨੌਕਰੀ ਦੇਣ ਦਾ ਵਾਅਦਾ ਹਾਲੇ ਵੀ ਸਿਰਫ਼ ਵਾਅਦਾ ਹੀ ਲੱਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਵਾਅਦੇ ਤਾਂ ਬੇਹੱਦ ਕਰਦੀਆਂ ਹਨ ਪਰ ਨੌਕਰੀ ਮਿਲੇਗੀ ਤਾਂ ਫਿਰ ਹੀ ਸਰਕਾਰ ਨੂੰ ਮੰਨਾਂਗੇ। ਇਥੇ ਦੱਸ ਦੇਈਏ ਕਿ ਕਿਸਾਨੀ ਸੰਘਰਸ਼ ’ਚ ਫੋਤ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਕਈ ਸੰਸਥਾਵਾਂ ਵੀ ਅੱਗੇ ਆਈਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਕੈਪਟਨ ਵੱਲੋਂ ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤਾ ਨੌਕਰੀ ਦੇਣ ਦਾ ਐਲਾਨ ਅਤੇ ਬਾਕੀ ਪਰਿਵਾਰਾਂ ਨੂੰ ਮਾਲੀ ਮਦਦ ਕਦੋ ਤੱਕ ਪਹੁੰਚਦੀ ਹੈ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ