ਨਾਭਾ ''ਚ ਕਿਸਾਨਾਂ ਵੱਲੋਂ ਖੱਟੜ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ, ਫੂਕਿਆ ਪੁਤਲਾ
Tuesday, Nov 24, 2020 - 04:07 PM (IST)
ਨਾਭਾ (ਰਾਹੁਲ) : ਖੇਤੀ ਆਰਡੀਨੈਂਸ ਬਿੱਲ ਦੇ ਵਿਰੋਧ 'ਚ ਜਿੱਥੇ ਕਿਸਾਨ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਉੱਥੇ ਹੀ ਹਰਿਆਣਾ ਵਿਖੇ ਬੀਤੇ ਦਿਨ ਟੋਲ ਪਲਾਜ਼ਾ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ 'ਤੇ ਖੱਟੜ ਸਰਕਾਰ ਵੱਲੋਂ ਪਰਚੇ ਦਰਜ ਕਰ ਦਿੱਤੇ ਗਏ, ਜਿਸ ਦੇ ਵਿਰੋਧ 'ਚ ਅੱਜ ਸੂਬੇ ਭਰ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਫੂਕੇ ਗਏ, ਜਿਸ ਦੇ ਤਹਿਤ ਨਾਭਾ ਵਿਖੇ ਵੀ ਯੂਨੀਅਨ ਮੁੱਖ ਚੌਂਕ ਬੋੜਾ ਗੇਟ ਵਿਖੇ ਆਵਾਜਾਈ ਠੱਪ ਕਰ ਕੇ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕਿਆ ਗਿਆ ਅਤੇ ਖੱਟੜ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਜਿੰਨੇ ਮਰਜ਼ੀ ਕਿਸਾਨਾਂ 'ਤੇ ਪਰਚੇ ਦਰਜ ਕਰ ਲਵੇ ਪਰ ਕਿਸਾਨ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕਿ 26 ਤਾਰੀਖ਼ ਨੂੰ ਲੱਖਾਂ ਦੀ ਤਾਦਾਦ 'ਚ ਕਿਸਾਨ ਆਗੂ ਦਿੱਲੀ ਜਾਣਗੇ ਅਤੇ ਨਾਲ ਹੀ 6 ਮਹੀਨੇ ਦਾ ਰਾਸ਼ਨ ਵੀ ਨਾਲ ਲੈ ਕੇ ਵੀ ਜਾਣਗੇ ਅਤੇ ਜਦੋਂ ਤੱਕ ਆਰਡੀਨੈਂਸ ਬਿੱਲ ਰੱਦ ਨਹੀਂ ਹੁੰਦਾ, ਉਦੋਂ ਤੱਕ ਉਹ ਵਾਪਸ ਨਹੀਂ ਮੁੜਨਗੇ।
ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੂੰਗਾ ਨੇ ਕਿਹਾ ਕਿ ਜੋ ਖੱਟੜ ਸਰਕਾਰ ਵੱਲੋਂ ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਫੌਰੀ ਤੌਰ 'ਤੇ ਰੱਦ ਕੀਤਾ ਜਾਵੇ, ਨਹੀਂ ਤਾਂ ਇਸ ਦਾ ਰੋਸ ਦਿਨੋਂ-ਦਿਨ ਵੱਧਦਾ ਹੀ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਤਿੰਨ ਦਸੰਬਰ ਨੂੰ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ, ਉਹ ਕਿਸਾਨਾਂ ਨੂੰ ਝੂਠੇ ਦਿਲਾਸੇ ਦੇ ਰਹੇ ਹਨ ਪਰ ਕਿਸਾਨ ਆਪਣਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰੱਖਣਗੇ ਅਤੇ ਦਿੱਲੀ ਵਿਖੇ ਸਾਰੇ ਹੀ ਰਸਤੇ ਬੰਦ ਕਰਕੇ ਦਿੱਲੀ ਨੂੰ ਜਾਮ ਕਰ ਦੇਣਗੇ।