ਕਿਸਾਨਾਂ ਨੂੰ ਸਰਕਾਰ ਵਲੋਂ ਵੱਡੀ ਰਾਹਤ, ਹੁਣ ਵਿਆਜ਼ ''ਤੇ ਮੁਆਫ਼ ਹੋਵੇਗੀ ਪੈਨਲਟੀ

10/21/2020 6:04:31 PM

ਚੰਡੀਗੜ੍ਹ: ਕੋਵਿਡ: 19 ਮਹਾਮਾਰੀ ਅਤੇ ਪੰਜਾਬ ਦੇ ਕਿਸਾਨਾਂ ਦੀ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਡੀ.ਬੀਜ਼) ਵਲੋਂ ਸਾਉਣੀ 2020 ਦੀ ਵਸੂਲੀ ਮੁਹਿੰਮ ਦੌਰਾਨ ਕਿਸਾਨਾਂ ਨੂੰ ਦੰਡਿਤ ਵਿਆਜ ਮੁਆਫ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸ. ਰੰਧਾਵਾ ਨੇ ਕਿਹਾ ਕਿ ਪੀ.ਏ.ਡੀ.ਬੀਜ਼ ਦੇ ਜਿਹੜੇ ਡਿਫਾਲਟਰ ਕਰਜ਼ਦਾਰ 31 ਦਸੰਬਰ 2020 ਤੱਕ ਆਪਣੀ ਪੂਰੀ ਡਿਫਾਲਟਰ ਰਕਮ ਜਮ੍ਹਾਂ ਕਰਵਾਉਣਗੇ ਜਾਂ ਖਾਤਾ ਬੰਦ ਕਰਨਗੇ, ਉਨ੍ਹਾਂ ਦੇ ਕਰਜ਼ਾ ਖਾਤੇ ਵਿੱਚ ਖੜ੍ਹਾ ਪੂਰਾ ਦੰਡਿਤ ਵਿਆਜ ਮਾਫ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਗੋਲੀਕਾਂਡ 'ਚ ਮਾਰੇ ਗਏ ਦਲਿਤ ਨੌਜਵਾਨ ਦੀ ਮਾਂ ਦੀ ਚਿਤਾਵਨੀ: ਇਨਸਾਫ਼ ਨਾ ਮਿਲਿਆ ਤਾਂ ਧੀ ਸਮੇਤ ਕਰਾਂਗੀ ਖ਼ੁਦਕੁਸ਼ੀ

ਸੂਬੇ ਵਿੱਚ ਕੁੱਲ 89 ਪੀ.ਏ.ਡੀ.ਬੀਜ਼ ਦੇ ਲਗਭਗ 69000 ਡਿਫਾਲਟਰ ਕਰਜ਼ਦਾਰ ਹਨ ਜਿਨ੍ਹਾਂ ਵੱਲ ਲਗਭਗ 1950 ਕਰੋੜ ਰੁਪਏ ਦੀ ਡਿਫਾਲਟਰ ਰਕਮ ਬਕਾਇਆ ਹੈ ਅਤੇ 61.49 ਕਰੋੜ ਰੁਪਏ ਦਾ ਦੰਡਿਤ ਵਿਆਜ਼ ਲੈਣ ਯੋਗ ਹੈ। ਇਨ੍ਹਾਂ ਵਿੱਚੋਂ 70 ਫੀਸਦੀ ਤੋਂ ਜ਼ਿਆਦਾ ਛੋਟੇ ਅਤੇ ਸੀਮਾਂਤ ਕਿਸਾਨ ਹਨ ਜਿਨ੍ਹਾਂ ਕੋਲ 5 ਏਕੜ ਜਾਂ 5 ਏਕੜ ਤੋਂ ਘੱਟ ਜ਼ਮੀਨ ਹੈ। ਇਸ ਫੈਸਲੇ ਨਾਲ ਉਨ੍ਹਾਂ ਨੂੰ ਬਕਾਇਆ ਰਕਮ ਭਰਨ ਵਿੱਚ ਰਾਹਤ ਮਿਲੇਗੀ।

ਇਹ ਵੀ ਪੜ੍ਹੋ: ਸ਼ਰਮਸਾਰ: 10ਵੀਂ 'ਚ ਪੜ੍ਹਦੀ ਨਾਬਾਲਗ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ, ਸਦਮੇ 'ਚ ਪਰਿਵਾਰ

ਸਹਿਕਾਰਤਾ ਮੰਤਰੀ ਦੇ ਆਦੇਸ਼ਾਂ 'ਤੇ ਇਸ ਸਬੰਧੀ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਸਿਫਾਰਸ਼ ਕਰਨ ਉਪਰੰਤ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ।ਸ. ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਕਰਜ਼ਾ ਮੁਆਫੀ ਸਕੀਮ ਤਹਿਤ ਹੁਣ ਤੱਕ ਸਾਢੇ ਪੰਜ ਲੱਖ ਤੋਂ ਵੱਧ ਕਿਸਾਨਾਂ ਦਾ 4500 ਕਰੋੜ ਰੁਪਏ ਦੇ ਕਰੀਬ ਕਰਜ਼ਾ ਮੁਆਫ ਕੀਤਾ ਜਾ ਚੁੱਕਾ ਹੈ। ਹਾਲ ਹੀ ਵਿੱਚ ਕੇਂਦਰ ਵੱਲੋਂ ਬਣਾਏ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਅਸਰਹੀਣ ਬਣਾਉਣ ਲਈ ਕੱਲ੍ਹ ਹੀ ਵਿਧਾਨ ਸਭਾ ਵਿੱਚ ਨਵੇਂ ਕਾਨੂੰਨ ਬਣਾਏ ਗਏ। ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ।

ਇਹ ਵੀ ਪੜ੍ਹੋ:  ਮੁੱਖ ਮੰਤਰੀ ਨੇ ਵਿਰੋਧੀ ਧਿਰ ਵਲੋਂ ਮੰਤਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਕੀਤੀ ਆਲੋਚਨਾ, ਦੱਸਿਆ ਸ਼ਰਮਨਾਕ


Shyna

Content Editor

Related News