ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਮੀਟਿੰਗ ਅੱਜ, ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਵੇਗਾ ਤੇਜ਼

Friday, Nov 13, 2020 - 09:09 AM (IST)

ਕਿਸਾਨ ਜਥੇਬੰਦੀਆਂ ਦੀ ਕੇਂਦਰ ਨਾਲ ਮੀਟਿੰਗ ਅੱਜ, ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਵੇਗਾ ਤੇਜ਼

ਚੰਡੀਗੜ੍ਹ/ਲੁਧਿਆਣ (ਰਮਨਜੀਤ, ਸਰਬਜੀਤ): 30 ਕਿਸਾਨ-ਜਥੇਬੰਦੀਆਂ ਨੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਵਲੋਂ 13 ਨਵੰਬਰ ਨੂੰ ਦਿੱਲੀ ਵਿਖੇ ਗੱਲਬਾਤ ਲਈ ਤਾਜ਼ਾ ਭੇਜੇ ਗਏ ਸੱਦੇ ਨੂੰ ਸਵੀਕਾਰ ਕਰ ਲਿਆ ਹੈ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੰਘਰਸ਼ ਨੂੰ ਵੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਕਿ ਦਿਵਾਲੀ ਮੌਕੇ ਵੀ ਕਿਸਾਨ ਪੱਕੇ ਮੋਰਚਿਆਂ 'ਤੇ ਡਟੇ ਰਹਿਣਗੇ, ਮੋਰਚਿਆਂ 'ਤੇ ਮਸ਼ਾਲਾਂ ਜਗਾਉਂਦਿਆਂ, ਦਿਵਾਲੀ ਮਨਾਉਂਦਿਆਂ ਘੋਲ ਨੂੰ ਚੜ੍ਹਦੀਕਲਾ ਵਿਚ ਰੱਖਿਆ ਜਾਵੇਗਾ। ਕਿਸਾਨਾਂ ਆਗੂਆਂ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਜੇਕਰ ਗੱਲਬਾਤ ਦੌਰਾਨ ਕੋਈ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 62 ਦਿਨ ਤੋਂ ਕੋਮਾ 'ਚ ਸੀ ਨੌਜਵਾਨ, ਚਿਕਨ ਦਾ ਨਾਮ ਸੁਣਦੇ ਹੀ ਆ ਗਿਆ ਹੋਸ਼

ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਦਿੱਲੀ ਵਿਖੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ ਮੰਤਰੀ ਪੀਯੂਸ਼ ਗੋਇਲ ਨਾਲ ਮੀਟਿੰਗ ਲਈ ਤਿੰਨ ਬੁਲਾਰੇ ਡਾ. ਦਰਸ਼ਨ ਪਾਲ, ਬਲਬੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸਿੰਘ ਸੰਧੂ ਤੈਅ ਕੀਤੇ ਗਏ ਹਨ, ਜਦੋਂਕਿ ਮੀਟਿੰਗ ਦੌਰਾਨ ਸਾਰੀਆਂ 30 ਕਿਸਾਨ ਜਥੇਬੰਦੀਆਂ ਦੀ ਸ਼ਮੂਲੀਅਤ ਹੋਵੇਗੀ। ਬੁਰਜ਼ਗਿੱਲ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ ਦੇਸ਼ਭਰ ਦੀਆਂ ਕਰੀਬ 500 ਜਥੇਬੰਦੀਆਂ ਦੀ ਅਗਵਾਈ ਵਿਚ 26-27 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਦਿੱਤੇ 'ਦਿੱਲੀ ਚੱਲੋ' ਦੇ ਸੱਦੇ 'ਤੇ ਵੀ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਟਰੈਕਟਰ-ਟਰਾਲੀਆਂ ਦੇ ਵੱਡੇ ਕਾਫ਼ਲਿਆਂ ਨਾਲ ਲੱਖਾਂ ਦੀ ਗਿਣਤੀ ਵਿਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ। ਸਾਰੀਆਂ ਜਥੇਬੰਦੀਆਂ ਨੇ ਦਿੱਲੀ ਪੁਲਸ ਵਲੋਂ ਕਿਸਾਨਾਂ ਦੇ ਇਕੱਠ ਸਬੰਧੀ ਕੋਰੋਨਾ ਦਾ ਹਵਾਲਾ ਦਿੰਦਿਆਂ ਪਾਬੰਦੀਆਂ ਮੜ੍ਹਨ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਬਿਹਾਰ ਚੋਣਾਂ ਵੇਲੇ ਸੱਤਾਧਿਰ ਪਾਰਟੀ ਭਾਜਪਾ ਵਲੋਂ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਗਈਆਂ ਪਰ ਹੁਣ ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਪਾਬੰਦੀਆਂ ਮੜ੍ਹੀਆਂ ਜਾ ਰਹੀਆਂ ਹਨ ਪਰ ਦੇਸ਼ ਦੇ ਕਿਸਾਨ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਮੂੰਹਤੋੜ ਜਵਾਬ ਦੇਣਗੇ। ਜਥੇਬੰਦੀਆਂ ਦੀ ਅਗਲੀ ਮੀਟਿੰਗ 18 ਨਵੰਬਰ ਨੂੰ ਮੁੜ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ।

ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ: ਨੌਕਰੀ ਦੁਆਉਣ ਦਾ ਲਾਰਾ ਲਾ ਕੇ ਨਾਬਾਲਗਾ ਨੂੰ ਬਣਾਇਆ ਆਪਣਾ ਸ਼ਿਕਾਰ


author

Baljeet Kaur

Content Editor

Related News