ਸਰਹੱਦੀ ਪਿੰਡਾਂ ਦੇ ਕਿਸਾਨਾਂ ਵੱਲੋਂ ਰਾਜਪਾਲ ਨਾਲ ਮੁਲਾਕਾਤ
Thursday, Jul 02, 2026 - 11:06 AM (IST)
ਚੰਡੀਗੜ੍ਹ/ਫ਼ਾਜ਼ਿਲਕਾ (ਅੰਕੁਰ, ਨਾਗਪਾਲ)- ਫ਼ਾਜ਼ਿਲਕਾ ਜ਼ਿਲੇ ਦੇ ਸਰਹੱਦੀ ਪਿੰਡਾਂ ’ਚ ਪ੍ਰਸਤਾਵਿਤ ਡਿਫੈਂਸ ਡੈਮ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ‘ਬੰਨ੍ਹ ਰੋਕੋ ਚੜ੍ਹਦੀ ਕਲਾ ਸੰਘਰਸ਼ ਮੋਰਚਾ’ ਦੇ ਵਫ਼ਦ ਨੇ ਲੋਕ ਭਵਨ ’ਚ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੰਗ-ਪੱਤਰ ਸੌਂਪਿਆ।
ਵਫ਼ਦ ਨੇ ਰਾਜਪਾਲ ਨੂੰ ਦੱਸਿਆ ਕਿ ਪ੍ਰਸਤਾਵਿਤ ਡਿਫੈਂਸ ਡੈਮ ਕਾਰਨ ਸਰਹੱਦੀ ਪਿੰਡਾਂ ਦੇ ਕਿਸਾਨਾਂ ਦੀ ਉਪਜਾਊ ਖੇਤੀਬਾੜੀ ਜ਼ਮੀਨ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਇਸ ਕਾਰਨ ਬਰਸਾਤ ਦੇ ਮੌਸਮ ਦੌਰਾਨ ਕਈ ਪਿੰਡ ਹੜ੍ਹਾਂ ਦੀ ਲਪੇਟ ’ਚ ਆ ਸਕਦੇ ਹਨ। ਕਿਸਾਨਾਂ ਨੇ ਰਾਜਪਾਲ ਨੂੰ ਖ਼ੁਦ ਇਲਾਕੇ ਦਾ ਦੌਰਾ ਕਰਨ ਦੀ ਅਪੀਲ ਕੀਤੀ।
ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਾਜੈਕਟ ਨਾਲ ਹੋਣ ਵਾਲੇ ਸੰਭਾਵਿਤ ਨੁਕਸਾਨ ਨੂੰ ਦੇਖਦਿਆਂ ਇਸ ਦੀ ਮੌਜੂਦਾ ਰੂਪ-ਰੇਖਾ ’ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰਭਾਵਿਤ ਪਿੰਡ ਵਾਸੀਆਂ ਦੀਆਂ ਚਿੰਤਾਵਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਰਾਜਪਾਲ ਨੇ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਸਬੰਧੀ ਜਲਦ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਚਰਚਾ ਕਰਨਗੇ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਵਿਵਹਾਰਕ ਅਤੇ ਸਥਾਈ ਹੱਲ ਲਈ ਲੋੜੀਂਦੀ ਪਹਿਲ ਵੀ ਕਰਨਗੇ।
