ਕਿਸਾਨਾਂ ਦੀ ਫ਼ਸਲ ’ਤੇ ਕੱਟ ਲਗਾਉਣ ਵਾਲੇ ਸ਼ੈਲਰ ਮਾਲਕ ਤੇ ਆੜ੍ਹਤੀ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਪ੍ਰਧਾਨ

Saturday, Sep 26, 2026 - 04:17 PM (IST)

ਕਿਸਾਨਾਂ ਦੀ ਫ਼ਸਲ ’ਤੇ ਕੱਟ ਲਗਾਉਣ ਵਾਲੇ ਸ਼ੈਲਰ ਮਾਲਕ ਤੇ ਆੜ੍ਹਤੀ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ: ਪ੍ਰਧਾਨ

ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੋਈ ਜਿਸ ਵਿਚ ਭਾਰੀ ਗਿਣਤੀ ਆੜ੍ਹਤੀਆਂ ਨੇ ਭਾਗ ਲਿਆ। ਇਸ ਮੀਟਿੰਗ ਦੀ ਪ੍ਰਧਾਨਗੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕੀਤੀ ਅਤੇ ਝੋਨੇ ਦੇ ਸੀਜ਼ਨ ਸਬੰਧੀ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। 

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੋਹਿਤ ਕੁੰਦਰਾ ਨੇ ਦੱਸਿਆ ਕਿ ਅੱਜ ਫੈਸਲਾ ਲਿਆ ਗਿਆ ਕਿ ਕਿਸਾਨ ਜੋ ਮੰਡੀਆਂ ਵਿਚ ਆਪਣਾ ਝੋਨਾ ਵੇਚਣ ਲਈ ਲੈ ਕੇ ਆਉਂਦੇ ਹਨ ਅਤੇ ਜੇਕਰ ਕਿਸੇ ਵੀ ਸ਼ੈਲਰ ਮਾਲਕ ਨੇ ਪ੍ਰਤੀ ਕੁਇੰਟਲ ਪੈਸੇ ਦਾ ਕੱਟ ਜਾਂ ਬੋਰੀਆਂ ਦਾ ਕੱਟ ਲਗਾਇਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕੁਝ ਮੰਡੀਆਂ ਵਿਚ ਸਰਕਾਰੀ ਖਰੀਦਿਆ ਝੋਨਾ ਸ਼ੈਲਰ ਮਾਲਕ ਵੱਧ ਨਮੀ ਵਾਲਾ ਝੋਨਾ ਕਹਿ ਕੇ ਪਿੜਾਈ ਲਈ ਨਹੀਂ ਚੁੱਕਦੇ ਅਤੇ ਬਾਅਦ ਵਿਚ ਆੜ੍ਹਤੀ ਰਾਹੀਂ ਕਿਸਾਨ ਨਾਲ ਚੋਰ ਮੋਰੀ ਨਾਲ ਸਮਝੌਤਾ ਕਰ ਪ੍ਰਤੀ ਕੁਇੰਟਲ ਕੱਟ ਲਗਾ ਦਿੰਦੇ ਹਨ ਜਾਂ ਵਾਧੂ ਬੋਰੀਆਂ ਝੋਨੇ ਦੀਆਂ ਲੈਂਦੇ ਹਨ ਜਿਸ ਨਾਲ ਕਿਸਾਨਾਂ ਦੀ ਲੁੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਜੇਕਰ ਮਾਛੀਵਾੜਾ ਮੰਡੀ ਦੇ ਕਿਸੇ ਆੜ੍ਹਤੀ ਨੇ ਕਿਸਾਨ ਨੂੰ ਕੱਟ ਲਗਾ ਕੇ ਝੋਨਾ ਸ਼ੈਲਰ ਮਾਲਕ ਨੂੰ ਚੁਕਾਉਣ ਲਈ ਕਿਹਾ ਤਾਂ ਉਸ ਖਿਲਾਫ਼ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਵੇਗੀ। 

ਉਨ੍ਹਾਂ ਕਿਹਾ ਕਿ ਮਾਛੀਵਾੜਾ ਦੇ ਵੀ ਕੁਝ ਆੜ੍ਹਤੀ ਸ਼ੈਲਰ ਮਾਲਕਾਂ ਨਾਲ ਮਿਲ ਕੇ ਨਮੀ ਵਾਲਾ ਝੋਨਾ ਕਹਿ ਕੇ ਕਿਸਾਨ ਨੂੰ ਸਰਕਾਰੀ ਭਾਅ ’ਤੇ ਕੱਟ ਲਗਾ ਕੇ ਚੁਕਾਉਣ ਲਈ ਮਜ਼ਬੂਰ ਕਰਦੇ ਹਨ ਪਰ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਮਾਛੀਵਾੜਾ ਮੰਡੀ ਵਿਚ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਸ਼ੈਲਰ ਮਾਲਕ ਜਾਂ ਆੜ੍ਹਤੀ ਕੱਟ ਲਗਾ ਕੇ ਝੋਨਾ ਚੁਕਾਉਣ ਲਈ ਕਹਿੰਦਾ ਹੈ ਤਾਂ ਉਹ ਤੁਰੰਤ ਐਸੋਸ਼ੀਏਸ਼ਨ ਦੇ ਧਿਆਨ ਵਿਚ ਲਿਆਉਣ ਅਤੇ ਮਾਰਕੀਟ ਕਮੇਟੀ ਦਫ਼ਤਰ ਨੂੰ ਇਸ ਦੀ ਸ਼ਿਕਾਇਤ ਦਰਜ ਕਰਵਾਉਣ। ਕਿਸਾਨਾਂ ਨੂੰ ਲੁੱਟਣ ਵਾਲਾ ਆੜ੍ਹਤੀ ਜਾਂ ਸ਼ੈਲਰ ਮਾਲਕ ਦੇ ਖਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਕਿਸਾਨ ਦਾ ਸਾਥ ਦਿੱਤਾ ਜਾਵੇਗਾ। 

ਇਸ ਮੌਕੇ ਪ੍ਰਧਾਨ ਕੁੰਦਰਾ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦਬਾਜ਼ੀ ਨਾ ਕਰਨ ਅਤੇ 17 ਫੀਸਦੀ ਨਮੀ ਵਾਲਾ ਝੋਨਾ ਹੀ ਮੰਡੀਆਂ ’ਚ ਵੇਚਣ ਲਈ ਲੈ ਕੇ ਆਉਣ ਜਿਸ ਦੀ ਤੁਰੰਤ ਖਰੀਦ ਹੋਵੇਗੀ ਅਤੇ ਪ੍ਰਸ਼ਾਸਨ ਵਲੋਂ ਅਦਾਇਗੀ ਵੀ ਤੁਰੰਤ ਕੀਤੀ ਜਾਵੇਗੀ। ਇਸ ਮੌਕੇ ਸਰਪ੍ਰਸਤ ਗੁਰਨਾਮ ਸਿੰਘ ਨਾਗਰਾ, ਟਹਿਲ ਸਿੰਘ ਔਜਲਾ, ਕਪਿਲ ਆਨੰਦ, ਅਰਵਿੰਦਰਪਾਲ ਸਿੰਘ ਵਿੱਕੀ, ਪਰਮਿੰਦਰ ਸਿੰਘ ਗੁਲਿਆਣੀ, ਹਰਵਿੰਦਰ ਸਿੰਘ ਸ਼ੇਰੀਆਂ, ਪਵਨ ਕੁਮਾਰ, ਹੈਪੀ ਬਾਂਸਲ, ਪੁਨੀਤ ਜੈਨ, ਚਿਰਾਗ ਬਾਂਸਲ, ਹਰਿੰਦਰ ਸਿੰਘ ਟੋਨੀ, ਬਿੰਨੀ ਅਗਰਵਾਲ, ਸ਼ਸ਼ੀ ਭਾਟੀਆ, ਰਾਜਵਿੰਦਰ ਸਿੰਘ ਸੈਣੀ, ਹਰਕੇਸ਼ ਨਹਿਰਾ, ਹਨੀ ਆਨੰਦ ਆਦਿ ਵੀ ਮੌਜੂਦ ਸਨ।

ਕਿਸਾਨਾਂ ਨੂੰ ਕੱਟ ਲਗਾ ਕੇ ਲੁੱਟਣ ਵਾਲੇ ਆੜ੍ਹਤੀਆਂ ਤੇ ਸ਼ੈਲਰ ਵਾਲਿਆਂ ਖਿਲਾਫ਼ ਕਿਸਾਨ ਯੂਨੀਅਨ ਸਖ਼ਤ ਕਾਰਵਾਈ ਕਰਵਾਏਗੀ: ਲੱਖੋਵਾਲ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨੀ ਤਾਂ ਪਹਿਲਾਂ ਹੀ ਘਾਟੇ ਵਾਲਾ ਸੌਦਾ ਹੈ ਅਤੇ ਕਿਸਾਨ ਕਰਜੇ ਵਿਚ ਡੁੱਬਿਆ ਹੋਇਆ ਹੈ ਅਤੇ ਉਪਰੋਂ ਹਾਲਾਤ ਇਹ ਹਨ ਕਿ ਜਦੋਂ ਉਸਦੀ ਫਸਲ ਪੱਕ ਕੇ ਵਿਕਣ ਲਈ ਆਉਂਦੀ ਹੈ ਤਾਂ ਫਿਰ ਮੰਡੀਆਂ ’ਚ ਉਸਦੀ ਲੁੱਟ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸੇ ਵੀ ਮੰਡੀ ਵਿਚ ਜੇਕਰ ਕਿਸਾਨ ਨਾਲ ਝੋਨਾ ਚੁੱਕਣ ਬਦਲੇ ਸਰਕਾਰੀ ਰੇਟ ਤੋਂ ਘੱਟ ਭਾਅ ਜਾਂ ਕੱਟ ਲਗਾਇਆ ਜਾਂਦਾ ਹੈ ਤਾਂ ਤੁਰੰਤ ਯੂਨੀਅਨ ਦੇ ਧਿਆਨ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਅਜਿਹੇ ਆੜ੍ਹਤੀ ਤੇ ਸ਼ੈਲਰ ਮਾਲਕ ਖਿਲਾਫ਼ ਜਿੱਥੇ ਸਖ਼ਤ ਕਰਵਾਉਣ ਦੇ ਨਾਲ-ਨਾਲ ਉਸਦਾ ਲਾਇਸੈਂਸ ਵੀ ਰੱਦ ਕਰਵਾਏਗੀ।


author

Anmol Tagra

Content Editor

Related News