ਕਿਸਾਨਾਂ-ਮਜ਼ਦੂਰਾਂ ਵੱਲੋਂ ਐੱਸ. ਡੀ. ਓ. ਦਫਤਰਾਂ ਮੂਹਰੇ ਰੋਸ ਧਰਨੇ

Friday, Jun 08, 2018 - 04:47 AM (IST)

ਵਲਟੋਹਾ, (ਜ.ਬ.)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਾਵਰਕਾਮ ਦੇ ਐੱਸ. ਡੀ. ਓ. ਦਫਤਰ ਪੱਟੀ ਅੱਗੇ ਸੁਖਦੇਵ ਸਿੰਘ ਦੁੱਬਲੀ ਤੇ ਤਰਸੇਮ ਸਿੰਘ ਧਾਰੀਵਾਲ ਦੀ ਪ੍ਰਧਾਨਗੀ ਹੇਠ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਮਿਹਰ ਸਿੰਘ ਤਲਵੰਡੀ ਤੇ ਗੁਰਭੇਜ ਸਿੰਘ ਧਾਰੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਦੀ ਅਫਸਰਸ਼ਾਹੀ ਭ੍ਰਿਸ਼ਟ ਹੋ ਚੁੱਕੀ ਹੈ, ਜਿਸ ਕਰ ਕੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨੂੰ ਦਫਤਰਾਂ ਦੇ ਚੱਕਰ ਕੱਢਣੇ ਪੈ ਰਹੇ ਹਨ।
ਜਥੇਬੰਦੀ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ-ਮਜ਼ਦੂਰਾਂ ਦੇ ਲੋਕਲ ਮਸਲੇ ਜਿਵੇਂ ਢਿੱਲੀਆਂ ਤੇ ਟੁੱਟੀਆਂ ਤਾਰਾਂ ਮੁਰੰਮਤ ਕੀਤੀਆਂ ਜਾਣ, ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇ, 8 ਘੰਟੇ ਮੋਟਰ ਵਾਲੀ ਬਿਜਲੀ ਯਕੀਨੀ ਬਣਾਈ ਜਾਵੇ, ਖੇਤਾਂ ਦੀਆਂ ਮੋਟਰਾਂ 'ਤੇ ਮੀਟਰ ਲਾਉਣੇ ਬੰਦ ਕੀਤੇ ਜਾਣ, ਲੋਕਾਂ ਨੂੰ ਘਰਾਂ ਦੇ ਮੀਟਰਾਂ 'ਤੇ ਜੁਰਮਾਨੇ ਨਾ ਪਾਏ ਜਾਣ ਤੇ ਪਏ ਜੁਰਮਾਨੇ ਤੁਰੰਤ ਖਤਮ ਕਰ ਕੇ ਨਵੇਂ ਮੀਟਰ ਲਾਏ ਜਾਣ ਆਦਿ। ਆਗੂਆਂ ਨੇ ਮੰਗ ਕੀਤੀ ਕਿ ਉਕਤ ਮੰਗਾਂ ਤੁਰੰਤ ਮੰਨੀਆਂ ਜਾਣ ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਹੋਵੇਗੀ। ਇਸ ਮੌਕੇ ਸੰਤੋਖ ਸਿੰਘ ਦੁੱਬਲੀ, ਅਵਤਾਰ ਸਿੰਘ ਮਨਿਹਾਲਾ, ਰਣਜੀਤ ਸਿੰਘ, ਹਰਪਾਲ ਸਿੰਘ ਜੰਡ, ਰਸਾਲ ਸਿੰਘ ਮਾਣਕਪੁਰ, ਦਿਲਬਾਗ ਸਿੰਘ ਸਭਰਾ, ਰਣਸ਼ੇਰ ਸਿੰਘ ਬੋਪਾਰਾਏ, ਡਾ. ਸੁਖਚੈਨ ਸਿੰਘ ਚੂਸਲੇਵੜ, ਸੁਖਦਿਆਲ ਸਿੰਘ ਧਾਰੀਵਾਲ, ਨਿਰਵੈਲ ਸਿੰਘ ਬਰਵਾਲਾ ਤੇ ਅਵਤਾਰ ਸਿੰਘ ਕੋਟ ਬੁੱਢਾ ਆਦਿ ਹਾਜ਼ਰ ਸਨ।
ਵੈਰੋਵਾਲ, (ਗਿੱਲ, ਕੁਲਾਰ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਖਡੂਰ ਸਾਹਿਬ ਵੱਲੋਂ ਸਬ-ਡਵੀਜ਼ਨ ਨਾਗੋਕੇ ਵਿਖੇ ਦਿਆਲ ਸਿੰਘ ਮੀਆਂਵਿੰਡ ਤੇ ਲਖਬੀਰ ਸਿੰਘ ਵੈਰੋਵਾਲ ਦੀ ਅਗਵਾਈ 'ਚ ਧਰਨਾ ਸ਼ੁਰੂ ਕੀਤਾ ਗਿਆ। 
ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ, ਨਿਰਮਲ ਸਿੰਘ ਤੇ ਭਗਵਾਨ ਸਿੰਘ ਨੇ ਕਿਹਾ ਕਿ ਬਿਜਲੀ ਨਾਲ ਸਬੰਧਿਤ ਕਿਸਾਨ ਮਸਲਿਆਂ ਜਿਵੇਂ ਕਿ ਸੜੇ ਟਰਾਂਸਫਾਰਮਰ ਤੁਰੰਤ ਬਦਲੇ ਜਾਣ, ਢਿੱਲੀਆਂ ਤਾਰਾਂ ਕੱਸੀਆਂ ਜਾਣ, ਬਿਜਲੀ 16 ਘੰਟੇ ਕੀਤੀ ਜਾਵੇ, ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਜੁਰਮਾਨੇ ਘੱਟ ਕੀਤੇ ਜਾਣ, ਟਰਾਂਸਫਾਰਮਰ ਉਤਾਰ ਕੇ ਜਮ੍ਹਾਂ ਕਰਾਉਣ ਤੇ ਕਢਾਉਣ ਦੀ ਜ਼ਿੰਮੇਵਾਰੀ ਪਾਵਰਕਾਮ ਦੀ ਹੋਵੇ ਆਦਿ। ਜੇਕਰ ਆਉਣ ਵਾਲੇ ਦਿਨਾਂ 'ਚ ਢਿੱਲ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ 'ਚ ਕੁਲਦੀਪ ਸਿੰਘ ਸਰਲੀ, ਮੁਖਤਾਰ ਸਿੰਘ, ਜਸਬੀਰ ਸਿੰਘ, ਪਰਮਜੀਤ ਸਿੰਘ, ਬਲਬੀਰ ਸਿੰਘ, ਮਨਜੀਤ ਸਿੰਘ, ਰਘਬੀਰ ਸਿੰਘ, ਪਿਆਰਾ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ, ਹਰਬੰਸ ਸਿੰਘ, ਗੁਰਭੇਜ ਕੌਰ ਆਦਿ ਆਗੂ ਹਾਜ਼ਰ ਸਨ।
ਤਰਨਤਾਰਨ,  (ਰਾਜੂ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਿਜਲੀ ਸਬੰਧੀ ਮੁਸ਼ਕਲਾਂ ਨੂੰ ਲੈ ਕੇ ਅੱਜ ਤਰਨਤਾਰਨ ਜ਼ਿਲੇ ਨਾਲ ਸਬੰਧਤ ਪਾਵਰਕਾਮ ਸਬ-ਡਵੀਜ਼ਨਾਂ 'ਤੇ ਆਪਣੇ ਦੋ ਰੋਜ਼ਾ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਬਿਜਲੀ ਸਬੰਧੀ ਮੰਗਾਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ, ਜਿਨ੍ਹਾਂ ਦੇ ਹੱਲ ਲਈ ਐੱਸ. ਡੀ. ਓ. ਪੱਧਰ ਤੋਂ ਲੈ ਕੇ ਚੀਫ ਬਾਰਡਰ ਜ਼ੋਨ ਤੇ ਪਟਿਆਲੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ ਸਨ ਪਰ ਝੋਨੇ ਦਾ ਸੀਜ਼ਨ ਬਿਲਕੁਲ ਸਿਰ 'ਤੇ ਹੋਣ ਦੇ ਬਾਵਜੂਦ ਬਿਜਲੀ ਪ੍ਰਬੰਧਾਂ ਦੇ ਸੁਧਾਰਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਲਈ ਮੰਗਾਂ ਦੇ ਹੱਲ ਲਈ ਅੱਤ ਦੀ ਗਰਮੀ 'ਚ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪਿਆ ਹੈ। 
ਜਥੇਬੰਦੀ ਵੱਲੋਂ ਅੱਜ ਤਰਨਤਾਰਨ, ਗੋਹਲਵੜ, ਸਰਾਏ ਅਮਾਨਤ ਖਾਂ, ਸੁਰਸਿੰਘ, ਝਬਾਲ, ਪੱਟੀ, ਕੈਰੋਂ, ਲੌਹੁਕਾ, ਨਾਗੋਕੇ, ਖਡੂਰ ਸਾਹਿਬ, ਭਿੱਖੀਵਿੰਡ, ਹਰੀਕੇ, ਸਰਹਾਲੀ, ਫਤਿਆਬਾਦ, ਮਾਣੋਚਾਹਲ, ਨੌਸ਼ਿਹਰਾ ਪੰਨੂੰਆਂ ਆਦਿ ਐੱਸ. ਡੀ. ਓ. ਦਫਤਰਾਂ ਮੂਹਹੇ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨ ਤੇ ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਦਾ ਯੋਗ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 
ਭਿੱਖੀਵਿੰਡ, (ਅਮਨ, ਸੁਖਚੈਨ)-ਕਿਸਾਨਾਂ ਤੇ ਮਜ਼ਦੂਰਾਂ ਸਮੇਤ ਬੀਬੀਆਂ ਦੇ ਜਥਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਪਾਵਰਕਾਮ ਭਿੱਖੀਵਿੰਡ ਦੇ ਦਫਤਰ ਦਾ ਘਿਰਾਓ ਕੀਤਾ ਗਿਆ ਤੇ ਖੂਬ  ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਇਕ ਰੁਪਏ ਯੂਨਿਟ ਬਿਜਲੀ ਹਰੇਕ ਵਰਗ ਨੂੰ ਦਿੱਤੀ ਜਾਵੇ, ਕਿਸਾਨਾਂ ਨੂੰ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ, ਜੋ ਕਿ 8 ਘੰਟੇ ਸਰਕਾਰ ਵੱਲੋਂ ਅਲਾਟ ਕੀਤੀ ਗਈ ਹੈ, ਬਿਜਲੀ ਦਿਨ ਵੇਲੇ ਦਿੱਤੀ ਜਾਵੇ, ਸੜੇ ਤੇ ਚੋਰੀ ਹੋਏ ਟਰਾਂਸਫਾਰਮਰ 24 ਘੰਟੇ ਦੇ ਅੰਦਰ ਕਿਸਾਨਾਂ ਨੂੰ ਦਿੱਤੇ ਜਾਣ, ਚੋਰੀ ਦੀ ਐੱਫ. ਆਈ. ਆਰ. ਖੁਦ ਜੇ. ਈ. ਦਰਜ ਕਰਵਾਉਣ, 200 ਯੂਨਿਟ ਬਿਜਲੀ ਜਾਤ-ਪਾਤ ਤੋਂ ਬਗੈਰ ਦਿੱਤੀ ਜਾਵੇ, ਪੰਜਾਬ ਸਰਕਾਰ ਵਾਅਦੇ ਮੁਤਾਬਕ ਖੜ੍ਹਾ ਬਿੱਲ ਬਕਾਇਆ ਖਤਮ ਕਰੇ, ਖੇਤੀ ਮੋਟਰਾਂ ਦੇ ਕੁਨੈਕਸ਼ਨ ਤੇ ਮੀਟਰ ਲਾਉਣ ਦੀ ਸ਼ਰਤ ਖਤਮ ਕੀਤੀ ਜਾਵੇ।
ਇਸ ਮੌਕੇ ਜਰਨੈਲ ਸਿੰਘ ਮਾੜੀਮੇਘਾ, ਦਿਲਬਾਗ ਸਿੰਘ ਵੀਰਮ, ਬਚਿੱਤਰ ਸਿੰਘ ਸੂਰਵਿੰਡ, ਪੂਰਨ ਸਿੰਘ ਵਰਨਾਲਾ, ਤੇਜਿੰਦਰ ਸਿੰਘ ਭੈਣੀ, ਗੁਰਮੁਖ ਸਿੰਘ, ਵਤਨ ਸਿੰਘ ਉਦੋਕੇ, ਸਵਰਨ ਸਿੰਘ, ਅਜੀਤ ਸਿੰਘ ਤੇ ਦਿਲਬਾਗ ਸਿੰਘ ਪਹੁਵਿੰਡ ਆਦਿ ਹਾਜ਼ਰ ਸਨ।
ਸਰਹਾਲੀ, (ਮਨਜੀਤ)-ਕਿਸਾਨਾਂ ਵੱਲੋਂ ਸਬ-ਡਵੀਜ਼ਨ ਪਾਵਰਕਾਮ ਦਫਤਰ ਸਰਹਾਲੀ ਮੂਹਰੇ ਧਰਨਾ ਲਾਇਆ ਗਿਆ, ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਮੰਗਾਂ ਤੇ ਮੁਸ਼ਕਲਾਂ ਨੂੰ ਲੈ ਕੇ ਕਿਸਾਨ ਕਈ ਵਾਰ ਐੱਸ. ਡੀ. ਓ. ਸਰਹਾਲੀ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਨ ਪਰ ਫਿਰ ਵੀ ਕਿਸਾਨਾਂ ਦੀ ਕਿਸੇ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਤੋਂ ਖਫਾ ਹੋ ਕੇ ਕਿਸਾਨਾਂ ਨੇ ਅੱਜ ਉਕਤ ਦਫਤਰ ਦਾ ਘਿਰਾਓ ਕੀਤਾ ਹੈ। ਇਸ ਮੌਕੇ ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਪ੍ਰਧਾਨ ਅਜੀਤ ਸਿੰਘ ਚੰਬਾ, ਬਲਵਿੰਦਰ ਸਿੰਘ ਚੋਹਲਾ, ਨਛੱਤਰ ਸਿੰਘ, ਸਰਵਨ ਸਿੰਘ, ਰੇਸ਼ਮ ਸਿੰਘ, ਰਣਜੀਤ ਸਿੰਘ ਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ।
ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)-ਬਿਜਲੀ ਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਕਿਸਾਨ ਤੇ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਤੋਂ ਬਿਜਲੀ ਤਾਪ ਘਰਾਂ ਅੱਗੇ ਧਰਨਾ ਲਾਉਣ ਦੇ ਕੀਤੇ ਗਏ ਐਲਾਨ ਤਹਿਤ ਜ਼ੋਨ ਪ੍ਰਧਾਨ ਗੁਰਜੀਤ ਸਿੰਘ ਗੰਡੀਵਿੰਡ ਤੇ ਸੂਬਾ ਕਮੇਟੀ ਆਗੂ ਮੇਜਰ ਸਿੰਘ ਕਸੇਲ ਦੀ ਅਗਵਾਈ 'ਚ ਪਾਵਰਕਾਮ ਸਬ-ਡਵੀਜ਼ਨ ਸਰਾਏ ਅਮਾਨਤ ਖਾਂ ਦੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਕਰ ਦਿੱਤਾ ਗਿਆ ਹੈ।
 ਇਸ ਮੌਕੇ ਕਿਸਾਨਾਂ-ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਬੀਤੇ ਸਮੇਂ ਪਿੰਡ ਕਸੇਲ ਵਿਖੇ ਝੋਨੇ ਦੇ ਸ਼ੀਜਨ 'ਚ ਕੰਬਾਈਨ ਨਾਲ ਫਸਲ ਦੀ ਕਟਾਈ ਦੌਰਾਨ ਕਰੰਟ ਨਾਲ ਕਿਸਾਨ ਸਤਨਾਮ ਸਿੰਘ ਦੀ ਮੌਤ ਹੋ ਗਈ ਸੀ ਤੇ ਇਸ ਦੌਰਾਨ ਪਾਵਰਕਾਮ ਸਬ-ਡਵੀਜ਼ਨ ਅੱਗੇ ਮ੍ਰਿਤਕ ਕਿਸਾਨ ਦੀ ਲਾਸ਼ ਰੱਖ ਕੇ ਦਿੱਤੇ ਗਏ ਧਰਨੇ ਉਪਰੰਤ ਮਹਿਕਮੇ ਵੱਲੋਂ ਮੁਆਵਜ਼ਾ ਦੇਣ ਦੀ ਗੱਲ ਸਵੀਕਾਰ ਕੀਤੀ ਗਈ ਸੀ ਪਰ 10 ਮਹੀਨੇ ਬੀਤ ਜਾਣ ਦੇ ਬਾਅਦ ਵੀ ਵਿਭਾਗ ਤੇ ਸਰਕਾਰ ਵੱਲੋਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਉਕਤ ਕਿਸਾਨ ਦੇ ਪਰਿਵਾਰ ਨੂੰ 3 ਲੱਖ ਰੁਪਏ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ। ਕਿਸਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨ 10 ਜੂਨ ਨੂੰ ਝੋਨਾ ਲਾਉਣਗੇ ਤੇ ਜੇਕਰ ਉਨ੍ਹਾਂ ਨੂੰ ਝੋਨਾ ਲਾਉਣ ਤੋਂ ਪ੍ਰਸ਼ਾਸਨ ਰੋਕੇਗਾ ਤਾਂ ਉਹ ਡੱਟਵਾਂ ਤੇ ਤਿੱਖਾ ਵਿਰੋਧ ਕਰਨਗੇ।  ਇਸ ਮੌਕੇ ਹਰਪਾਲ ਸਿੰਘ, ਲਖਵਿੰਦਰ ਸਿੰਘ ਗੰਡੀਵਿੰਡ, ਰਛਪਾਲ ਸਿੰਘ, ਦਲਜੀਤ ਸਿੰਘ, ਮਨਦੀਪ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ ਗੰਡੀਵਿੰਡ, ਕੁਲਦੀਪ ਸਿੰਘ ਛੀਨਾ, ਗੱਜਣ ਸਿੰਘ, ਰਾਮ ਸਿੰਘ, ਸਰਵਨ ਸਿੰਘ, ਲਖਵਿੰਦਰ ਸਿੰਘ, ਮਨਦੀਪ ਸਿੰਘ, ਜਗੀਰ ਸਿੰਘ, ਹਰਪਾਲ ਸਿੰਘ, ਰਛਪਾਲ ਸਿੰਘ, ਦਲਬੀਰ ਸਿੰਘ, ਸੁਖਵੰਤ ਸਿੰਘ, ਕੁਲਦੀਪ ਸਿੰਘ, ਗੁਰਸਾਹਬ ਸਿੰਘ ਬੁਰਜ, ਜੋਗਾ ਸਿੰਘ ਖਹਿਰੇ ਤੇ ਮੇਜਰ ਸਿੰਘ ਆਦਿ ਕਿਸਾਨ ਹਾਜ਼ਰ ਸਨ।


Related News