ਹਥਿਆਰਬੰਦ ਵਿਅਕਤੀਆਂ ਨੇ ਪਿਸਤੌਲ ਦੀ ਨੋਕ ''ਤੇ ਸ਼ਰਾਬ ਠੇਕੇਦਾਰਾਂ ਨੂੰ ਘੇਰਿਆ

Friday, Oct 06, 2017 - 02:15 AM (IST)

ਹਥਿਆਰਬੰਦ ਵਿਅਕਤੀਆਂ ਨੇ ਪਿਸਤੌਲ ਦੀ ਨੋਕ ''ਤੇ ਸ਼ਰਾਬ ਠੇਕੇਦਾਰਾਂ ਨੂੰ ਘੇਰਿਆ

ਮੋਗਾ, (ਆਜ਼ਾਦ)- ਕਾਰ ਸਵਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਸ਼ਰਾਬ ਠੇਕੇਦਾਰਾਂ ਦੀ ਗੱਡੀ ਨੂੰ ਘੇਰ ਕੇ ਉਨ੍ਹਾਂ ਨੂੰ ਗਾਲੀ-ਗਲੋਚ ਕਰਨ ਤੋਂ ਇਲਾਵਾ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਕੀ ਹੈ ਸਾਰਾ ਮਾਮਲਾ : ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਰਾਜੀਵ ਸੂਦ ਨਿਵਾਸੀ ਜ਼ੀਰਾ ਰੋਡ ਧਰਮਕੋਟ ਨੇ ਦੱਸਿਆ ਕਿ ਉਹ ਗਗਨ ਵਾਈਨ ਸ਼ਰਾਬ ਠੇਕਾ ਦੇਸੀ ਅਤੇ ਅੰਗਰੇਜ਼ੀ ਦਾ ਇੰਚਾਰਜ ਹੈ। ਉਹ ਆਪਣੀ ਬਲੈਰੋ ਕੈਂਪਰ ਗੱਡੀ ਦੇ ਡਰਾਈਵਰ ਜੋਗਿੰਦਰ ਸਿੰਘ ਨਿਵਾਸੀ ਫਤਿਹਗੜ੍ਹ ਪੰਜਤੂਰ ਅਤੇ ਗੁਜਰੰਟ ਸਿੰਘ ਨਿਵਾਸੀ ਪਿੰਡ ਮੰਡਾਲਾ ਦੇ ਨਾਲ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਸੈਦੇਸ਼ਾਹ ਵਾਲਾ ਪੁਲ ਕੋਲ ਉਨ੍ਹਾਂ ਨੂੰ ਇਕ ਬਿਨਾਂ ਨੰਬਰੀ ਮਹਿੰਦਰਾ ਪਿਕਅੱਪ ਗੱਡੀ ਮਿਲੀ। ਸਾਨੂੰ ਸ਼ੱਕ ਹੋਇਆ ਕਿ ਉਕਤ ਗੱਡੀ 'ਚ ਬਿਨਾਂ ਪਰਮਿਟ ਵਾਲੀ ਸ਼ਰਾਬ ਭਰੀ ਹੋਈ ਹੈ, ਜਿਸ 'ਤੇ ਅਸੀਂ ਉਕਤ ਗੱਡੀ ਦਾ ਪਿੱਛਾ ਕੀਤਾ ਤਾਂ ਇਸ ਦੌਰਾਨ ਇਕ ਕਾਰ 'ਚ ਸਵਾਰ ਰਿੱਕੀ ਨਿਵਾਸੀ ਕੋਟ ਈਸੇ ਖਾਂ ਅਤੇ ਇਕ ਹੋਰ ਅਣਪਛਾਤੇ ਵਿਅਕਤੀ, ਜਿਨ੍ਹਾਂ ਕੋਲ ਪਿਸਤੌਲ ਸੀ, ਉਨ੍ਹਾਂ ਸਾਡੀ ਗੱਡੀ ਨੂੰ ਰਸਤੇ 'ਚ ਘੇਰ ਲਿਆ ਅਤੇ ਸਾਡੇ ਵੱਲ ਪਿਸਤੌਲ ਤਾਣ ਕੇ ਗਾਲੀ-ਗਲੋਚ ਕਰਨ ਲੱਗੇ ਅਤੇ 15-20 ਮਿੰਟ ਤੱਕ ਝਗੜਾ ਕਰਨ ਤੋਂ ਇਲਾਵਾ ਸਾਨੂੰ ਰੋਕੀ ਰੱਖਿਆ ਅਤੇ ਬਾਅਦ 'ਚ ਉਹ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉੱਥੋਂ ਚਲੇ ਗਏ ਅਤੇ ਮਹਿੰਦਰਾ ਪਿਕਅੱਪ ਗੱਡੀ ਵੀ ਨਿਕਲ ਗਈ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। 
ਕੀ ਹੋਈ ਪੁਲਸ ਕਾਰਵਾਈ : ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਬਾਜ ਸਿੰਘ ਅਤੇ ਹੋਰ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਲੋਕਾਂ ਕੋਲੋਂ ਪੁੱਛਗਿੱਛ ਕੀਤੀ। ਇਸ ਸਬੰਧੀ ਰਿੱਕੀ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਘੇਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।


Related News