ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਚੁੱਕਣੀ ਪੈਂਦੀ ਹੈ ਕੋਰੋੜਾਂ ਰੁਪਏ ਦੇ ਆਰਥਿਕ ਬੋਝ ਦੀ ਪੰਡ
Thursday, Jun 18, 2020 - 09:31 PM (IST)
ਗੁਰਦਾਸਪੁਰ, (ਹਰਮਨਪ੍ਰੀਤ ਸਿੰਘ)- ਪੰਜਾਬ ਅੰਦਰ ਵੱਡੇ ਰਕਬੇ ਵਿਚ ਬੀਜਿਆ ਜਾਂਦਾ 'ਝੋਨਾ' ਪਾਣੀ ਦੀ ਖਪਤ ਅਤੇ ਮੰਡੀਕਰਨ ਸਮੇਤ ਕਈ ਮਾਮਲਿਆਂ ਨੂੰ ਲੈ ਕੇ ਚਰਚਾ ਵਿਚ ਰਹਿੰਦਾ ਹੈ। ਪਰ ਇਸ ਸਾਲ ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ ਤੋਂ ਹੋਏ ਪ੍ਰਵਾਸ ਕਾਰਨ ਜਦੋਂ ਖੇਤੀ ਮਜ਼ਦੂਰਾਂ ਦੀ ਘਾਟ ਪੈਦਾ ਹੋਈ ਹੈ ਤਾਂ ਸੂਬੇ ਅੰਦਰ 30 ਲੱਖ ਹੈਕਟੇਅਰ ਦੇ ਕਰੀਬ ਰਕਬੇ ਵਿਚ ਲਗਾਏ ਜਾਂਦੇ ਝੋਨੇ ਦੀ ਲਵਾਈ ਲਈ ਕਿਸਾਨਾਂ ਵੱਲੋਂ ਖਰਚ ਕੀਤੇ ਜਾਂਦੇ ਕਰੋੜਾਂ ਰੁਪਏ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਸਾਲ ਸਭ ਤੋਂ ਅਹਿਮ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਝੋਨੇ ਦੀ ਲਵਾਈ ਅਤੇ ਬਿਜਾਈ ਲਈ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਬੇਸ਼ੱਕ ਕਿਸਾਨਾਂ ਨੇ ਪਹਿਲੀ ਵਾਰ ਬਦਲਵੇਂ ਪ੍ਰਬੰਧਾਂ ਤੇ ਤਕਨੀਕਾਂ ਨੂੰ ਹੁੰਗਾਰਾ ਦਿੱਤਾ ਹੈ। ਪਰ ਇਸ ਦੇ ਬਾਵਜੂਦ ਕਿਸਾਨਾਂ ਦੇ ਖਰਚੇ ਘੱਟ ਨਹੀਂ ਹੋ ਰਹੇ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਲੋਕਲ ਲੇਬਰ ਨੇ ਪ੍ਰਵਾਸੀ ਮਜਦੂਰਾਂ ਦੇ ਮੁਕਾਬਲੇ ਦੋ ਗੁਣਾ ਕੀਮਤ 'ਤੇ ਝੋਨੇ ਦੀ ਲਵਾਈ ਕੀਤੀ ਹੈ।
ਲਵਾਈ ਦੇ ਬਦਲਵੇਂ ਪ੍ਰਬੰਧਾਂ ਨੂੰ ਪਹਿਲੀ ਵਾਰ ਮਿਲਿਆ ਭਰਵਾਂ ਹੁੰਗਾਰਾ
ਇਸ ਮੌਕੇ ਪੰਜਾਬ ਦੇ ਤਕਰੀਬਨ ਹਰੇਕ ਪਿੰਡ ਅਤੇ ਕਸਬੇ ਵਿਚ ਕਿਸਾਨਾਂ ਨੂੰ ਖੇਤੀ ਮਜ਼ੂਦਰਾਂ ਦੀ ਘਾਟ ਨਾਲ ਜੂਝਣਾ ਪਿਆ ਹੈ ਜਿਸ ਦੇ ਚਲਦਿਆਂ ਅਨੇਕਾਂ ਕਿਸਾਨਾਂ ਨੇ ਜਾਂ ਤਾਂ ਖੁਦ ਝੋਨਾ ਲਗਾਇਆ ਹੈ ਅਤੇ ਜਾਂ ਫਿਰ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਅਤੇ ਮਸ਼ੀਨਾਂ ਰਾਹੀਂ ਝੋਨੇ ਦੀ ਕਾਸ਼ਤ ਕਰਨ ਨੂੰ ਤਰਜੀਹ ਦਿੱਤੀ ਹੈ। ਝੋਨੇ ਦੀ ਸਿੱਧੀ ਬਿਜਾਈ ਵਾਲੀ ਵਿਧੀ ਪ੍ਰਚੁਲਿਤ ਹੋਣ ਉਪਰੰਤ ਪਿਛਲੇ ਕਰੀਬ 11 ਸਾਲਾਂ ਦੌਰਾਨ ਪਹਿਲੀ ਵਾਰ ਪੰਜਾਬ ਅੰਦਰ ਏਨੇ ਵੱਡੇ ਪੱਧਰ 'ਤੇ ਝੋਨੇ ਦੀ ਕਾਸ਼ਤ ਹੋਈ ਹੈ। ਇਕ ਅਨੁਮਾਨ ਅਨੁਸਾਰ ਇਸ ਇਕੋ ਸਾਲ ਵਿਚ ਝੋਨੇ ਦੀ ਸਿੱਧੀ ਬਿਜਾਈ ਜਿੰਨੇ ਰਕਬੇ ਵਿਚ ਬਿਜਾਈ ਹੋਈ ਹੈ, ਉਨ੍ਹਾਂ ਰਕਬਾ ਪਿਛਲੇ ਪੰਜ ਸਾਲਾਂ ਦੇ ਰਕਬੇ ਨੂੰ ਮਿਲਾ ਕੇ ਵੀ ਨਹੀਂ ਬਣਦਾ। ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮੈਟ ਵਿਧੀ ਰਾਹੀਂ ਝੋਨੇ ਦੀ ਪਨੀਰੀ ਤਿਆਰ ਕਰ ਕੇ ਮਸ਼ੀਨਾਂ ਰਾਹੀਂ ਝੋਨੇ ਦੀ ਲਵਾਈ ਕਰਨ ਸਬੰਧੀ ਪ੍ਰੇਰਿਤ ਕੀਤੇ ਜਾਣ ਸਦਕਾ ਇਸ ਸਾਲ ਕਿਸਾਨਾਂ ਨੇ ਮਸ਼ੀਨਾਂ ਰਾਹੀਂ ਝੋਨੇ ਦੀ ਲਵਾਈ ਕਰਨ ਨੂੰ ਤਰਜੀਹ ਦਿੱਤੀ ਹੈ। ਹੋਰ ਤੇ ਹੋਰ ਵੱਟਾਂ 'ਤੇ ਝੋਨਾ ਲਗਾਉਣ ਦੀ ਵਿਧੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਵੀ ਇਸ ਸਾਲ ਪਹਿਲੀ ਵਾਰ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ।
ਲਵਾਈ ਦੇ ਰੇਟ ਵਧਣ ਕਾਰਣ ਇਸ ਸਾਲ ਵਧਿਆ ਆਰਥਿਕ ਬੋਝ
ਪੰਜਾਬ ਅੰਦਰ ਝੋਨੇ ਦੀ ਲਵਾਈ ਔਸਤਨ 30 ਤੋਂ 31 ਲੱਖ ਹੈਕਟੇਅਰ ਰਕਬੇ ਵਿਚ ਹੁੰਦੀ ਹੈ ਅਤੇ ਜੇਕਰ ਪ੍ਰਤੀ ਏਕੜ ਰਕਬੇ ਵਿਚ ਲਵਾਈ ਲਈ 2500 ਰੁਪਏ ਪ੍ਰਤੀ ਏਕੜ ਲੇਬਰ ਖਰਚ ਦੇ ਹਿਸਾਬ ਨਾਲ ਅਨੁਮਾਨ ਲਗਾਇਆ ਜਾਵੇ ਤਾਂ ਹਰੇਕ ਸਾਲ ਕਿਸਾਨਾਂ ਦੇ ਤਕਰੀਬਨ 1875 ਕਰੋੜ ਰੁਪਏ ਝੋਨੇ ਦੀ ਲਵਾਈ 'ਤੇ ਹੀ ਖਰਚ ਹੋ ਜਾਂਦੇ ਹਨ। ਇਸ ਸਾਲ ਵੀ ਬੇਸ਼ੱਕ ਪ੍ਰਵਾਸੀ ਮਜ਼ਦੂਰਾਂ ਦੇ ਚਲੇ ਜਾਣ ਕਾਰਣ ਕਿਸਾਨਾਂ ਨੇ ਆਪਣੇ ਹੱਥੀਂ ਲਵਾਈ ਦਾ ਕੰਮ ਕਰਨ ਦੇ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜ਼ੀਹ ਦਿੱਤੀ ਹੈ। ਪਰ ਇਸ ਦੇ ਬਾਵਜੂਦ ਲੇਬਰ ਦੇ ਰੇਟ ਵਧਣ ਕਾਰਨ ਕਿਸਾਨਾਂ ਦੇ ਸਿਰ 'ਤੇ ਵੱਡਾ ਬੋਝ ਪਿਆ ਹੈ। ਖੇਤੀ ਮਾਹਿਰਾਂ ਅਨੁਸਾਰ ਜੇਕਰ ਕਿਸਾਨ ਆਉਣ ਵਾਲੇ ਸਾਲਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾਉਂਦੇ ਹਨ ਤਾਂ ਇਹ ਵਾਧੂ ਆਰਥਿਕ ਬੋਝ ਦੀ ਪੰਡ ਕਾਫੀ ਹੌਲੀ ਹੋ ਸਕਦੀ ਹੈ।
ਕੀ ਕਹਿਣਾ ਉਘੇ ਅਰਥ ਸਾਸ਼ਤਰੀ ਦਾ?
ਇਸ ਸਬੰਧੀ ਉਘੇ ਅਰਥ ਸ਼ਾਸ਼ਤਰੀ ਡਾ. ਗਿਆਨ ਸਿੰਘ ਨੇ ਕਿਹਾ ਕਿ ਅਰਥ ਵਿਵਸਥਾ ਦਾ ਸਿੱਧਾ ਨਿਯਮ ਹੈ ਕਿ ਪ੍ਰਵਾਸੀ ਮਜ਼ਦੂਰ ਦੂਸਰੇ ਥਾਵਾਂ 'ਤੇ ਜਾ ਕੇ ਲੋਕਲ ਲੇਬਰ ਨਾਲੋਂ ਕਰੀਬ ਅੱਧੇ ਮੁੱਲ 'ਤੇ ਕੰਮ ਕਰ ਕੇ ਉਥੇ ਦੀ ਆਰਥਿਕਤਾ ਨੂੰ ਉਪਰ ਚੁੱਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਜਦੋਂ ਪੰਜਾਬ ਵਿਚ ਪ੍ਰਵਾਸੀ ਮਜਦੂਰ ਨਹੀਂ ਹਨ ਤਾਂ ਲੋਕਲ ਲੇਬਰ ਵੱਲੋਂ ਝੋਨੇ ਦੀ ਲਵਾਈ ਦੇ ਰੇਟ ਦੁਗਣੇ ਲਏ ਜਾਣ ਕਾਰਣ ਕਿਸਾਨਾਂ 'ਤੇ ਬੋਝ ਪੈਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਸਿਰਫ ਝੋਨੇ ਦੀ ਸਿੱਧੀ ਬਿਜਾਈ ਜਾਂ ਲਵਾਈ ਦੇ ਹੋਰ ਤਰੀਕੇ ਅਪਣਾ ਕੇ ਕਿਸਾਨਾਂ ਨੂੰ ਰਾਹਤ ਨਹੀਂ ਮਿਲ ਸਕਦੀ ਅਤੇ ਨਾ ਹੀ ਇਹ ਸੰਭਵ ਹੈ ਕਿ ਕਿਸਾਨ ਸਾਰਾ ਝੋਨਾ ਆਪਣੇ ਹੱਥੀਂ ਲਗਾ ਸਕਣ। ਉਨ੍ਹਾਂ ਕਿਹਾ ਕਿ ਅਸਲ ਵਿਚ ਝੋਨੇ ਦੀ ਫਸਲ ਪੰਜਾਬ ਲਈ ਹੈ ਹੀ ਨਹੀਂ ਹੈ। ਪੰਜਾਬ ਅੰਦਰ ਕਿਸਾਨਾਂ ਦੀ ਖੁਸ਼ਹਾਲੀ ਲਈ ਫਸਲੀ ਵਿਭਿੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ, ਜਿਸ ਤਹਿਤ ਜਲਵਾਯੂ ਸਮੇਤ ਹੋਰ ਅਹਿਮ ਤੱਥਾਂ ਨੂੰ ਧਿਆਨ ਵਿਚ ਰੱਖਕੇ ਵੱਖ-ਵੱਖ ਇਲਾਕਿਆਂ ਅੰਦਰ ਫਸਲਾਂ ਦੀ ਕਾਸ਼ਤ ਕਰਵਾਉਣ ਦੀ ਲੋੜ ਹੈ।