ਕਿਸਾਨਾਂ ਨੇ ਤੀਜੇ ਦਿਨ ਵੀ ਜਾਮ ਕਰੀ ਰੱਖਿਆ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ, ਲੋਕ ਭੜਕੇ

11/19/2022 2:59:56 AM

ਮੁਕੇਰੀਆਂ (ਨਾਗਲਾ) : ਕਿਸਾਨੀ ਮੰਗਾਂ ਲਈ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵੱਲੋਂ ਮੁਕੇਰੀਆਂ ਖੰਡ ਮਿੱਲ ਮੂਹਰੇ ਕੌਮੀ ਮਾਰਗ ’ਤੇ ਲਾਇਆ ਧਰਨਾ ਸ਼ੁੱਕਰਵਾਰ ਤੀਜੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਪੱਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਨਾਲ ਮੰਨੀਆਂ ਮੰਗਾਂ ਲਾਗੂ ਨਾ ਕਰਕੇ ਧ੍ਰੋਹ ਕਮਾ ਰਹੀ ਹੈ। ਸਰਕਾਰ ਨੇ ਕਿਸਾਨਾਂ ਨਾਲ ਮੀਟਿੰਗ 'ਚ ਜੁਮਲਾ ਮੁਸ਼ਤਰਕਾ ਮਾਲਕਾਨਾ ਜ਼ਮੀਨਾਂ ਛੋਟੇ ਕਿਸਾਨਾਂ ਨੂੰ ਸਸਤੇ ਰੇਟ ’ਤੇ ਦੇਣ ਅਤੇ ਸਿਆਸੀ ਰਸੂਖਦਾਰਾਂ ਤੇ ਅਫਸਰਸ਼ਾਹੀ ਵੱਲੋਂ ਨੱਪੀਆਂ ਜ਼ਮੀਨਾਂ ਛੁਡਾਉਣ ਦੀ ਸਹਿਮਤੀ ਦਿੱਤੀ ਸੀ।

ਇਹ ਵੀ ਪੜ੍ਹੋ : ਮਾਮੂਲੀ ਗੱਲ ਤੋਂ ਹੋਇਆ ਵਿਵਾਦ, ਅਹਾਤੇ ’ਚ ਬੈਠੇ ਨੌਜਵਾਨ ਦਾ ਕਰਿੰਦੇ ਨੇ ਚਾਕੂ ਮਾਰ ਕੱਟ'ਤਾ ਹੱਥ

ਇਸ ਮਾਮਲੇ ਲਈ ਬਾਕਾਇਦਾ ਸਰਕਾਰ ਵੱਲੋਂ ਜ਼ਮੀਨਾਂ ਦੀ ਸ਼ਨਾਖਤ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਗਈ ਸੀ ਪਰ ਕਮੇਟੀ ਦੀ ਪਹਿਲੀ ਮੀਟਿੰਗ ਉਪਰੰਤ ਹੀ ਇਨ੍ਹਾਂ ਜ਼ਮੀਨਾਂ ਦੀ ਮਲਕੀਅਤ ਪੰਚਾਇਤਾਂ ਦੇ ਨਾਂ ਕਰਨ ਦਾ ਨੋਟੀਫਿਕੇਸ਼ਨ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਹ ਜ਼ਮੀਨਾਂ ਪੰਚਾਇਤਾਂ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਅਤੇ ਕਿਸਾਨੀ ਮੰਗਾਂ ਮੰਨਣ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : 4 ਵਿਆਹ ਕਰਵਾਉਣ 'ਤੇ ਵੀ ਨਾ ਰੁਕਿਆ, ਪੈ ਗਿਆ ਖਿਲਾਰਾ, ਇਕ-ਦੂਜੇ ਦੇ ਗਲ਼ ਪਈਆਂ ਔਰਤਾਂ

ਕਿਸਾਨ ਆਗੂਆਂ ਨੇ ਹਿੰਦੂ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਭਾਜਪਾ ਦੀ ਚਾਲ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਵਰਗ ਨਾਲ ਨਾ ਹੋ ਕੇ ਸਰਕਾਰ ਨਾਲ ਹੈ ਅਤੇ ਕਿਸਾਨੀ ਮੰਗਾਂ ਦੀ ਪ੍ਰਾਪਤੀ ਤੱਕ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਹਿੰਦੂ ਸੰਗਠਨ ਆਪਣਾ ਰੋਸ ਕਿੱਧਰੇ ਵੀ ਜ਼ਾਹਿਰ ਕਰਨ ਪਰ ਉਹ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਅਤੇ ਦੋ ਸਾਈਡਾਂ ਤੋਂ ਆਮ ਲੋਕਾਂ ਲਈ ਆਵਾਜਾਈ ਖੋਲ੍ਹ ਰੱਖੀ ਹੈ, ਜੇਕਰ ਫਿਰ ਵੀ ਹਿੰਦੂ ਸੰਗਠਨ ਕਿਸਾਨੀ ਸੰਘਰਸ਼ ਦਾ ਵਿਰੋਧ ਕਰਦੇ ਹਨ ਤਾਂ ਇਸ ਲਈ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੇ ਮਜੀਠੀਆ 'ਤੇ ਪਲਟਵਾਰ ਕਰਦਿਆਂ ਸਟੇਜ ਤੋਂ ਕੀਤਾ ਵੱਡਾ ਐਲਾਨ, ਜਾਣੋ ਕੀ ਹੈ ਪੂਰਾ ਮਾਮਲਾ

ਦੂਜੇ ਪਾਸੇ ਮੁਕੇਰੀਆਂ ਸ਼ੂਗਰ ਮਿੱਲ ਦੇ ਗੇਟ ਸਾਹਮਣੇ ਬੀਤੇ ਤਿੰਨ ਦਿਨਾਂ ਤੋਂ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਕਿਸਾਨਾਂ ਵੱਲੋਂ ਕੀਤੇ ਗਏ ਚੱਕਾ ਜਾਮ ਦੇ ਵਿਰੋਧ ’ਚ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਸਥਾਨਕ ਮਾਤਾ ਰਾਣੀ ਚੌਕ ਵਿਖੇ ਸਰਕਾਰ ਦੀ ਘਟੀਆ ਕਾਰਜ ਪ੍ਰਣਾਲੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। 3 ਦਿਨਾਂ ਤੋਂ ਲੱਗੇ ਜਾਮ ਕਾਰਨ ਦੂਰ-ਦੁਰਾਡੇ ਜਾਣ ਵਾਲੇ ਰਾਹਗੀਰਾਂ ਨੂੰ ਜਿੱਥੇ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪਈ, ਉੱਥੇ ਸ਼ਹਿਰ ਨਿਵਾਸੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਰੋਹ ਦਾ ਲਾਵਾ ਫੁੱਟ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News