ਬੈਂਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਭਵਿੱਖ 'ਚ ਨਵੇਂ ਕਰਜ਼ੇ ਦੇਣ 'ਤੇ ਲਾਈ ਰੋਕ

11/20/2017 10:58:40 PM

ਚੰਡੀਗੜ, (ਭੁੱਲਰ)— ਪੰਜਾਬ ਦੇ ਕਿਸਾਨਾਂ ਨੂੰ ਹਾਲੇ ਕਰਜ਼ਾ ਮੁਆਫੀ ਦੀ ਰਾਹਤ ਤਾਂ ਮਿਲੀ ਨਹੀਂ ਪਰ ਬੈਂਕਾਂ ਵੱਲੋਂ ਭਵਿੱਖ 'ਚ ਉਨ੍ਹਾਂ ਨੂੰ ਨਵੇਂ ਕਰਜ਼ੇ ਦੇਣ 'ਤੇ ਰੋਕ ਲਾ ਦਿੱਤੀ ਹੈ। ਇਸ ਦੀ ਪੁਸ਼ਟੀ ਸੋਮਵਾਰ ਨੂੰ ਇਥੇ ਪੰਜਾਬ ਸਟੇਟ ਬੈਂਕਰਜ਼ ਕਮੇਟੀ ਦੀ 142ਵੀਂ ਰੀਵਿਊ ਮੀਟਿੰਗ ਦੌਰਾਨ ਕਮੇਟੀ ਦੇ ਕਨਵੀਨਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਜਨਰਲ ਮੈਨੇਜ਼ਰ ਪੀ. ਐੱਸ. ਚੌਹਾਨ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸਰਕਾਰ ਦੇ ਕਰਜ਼ਾ ਮੁਆਫੀ ਐਲਾਨ ਕਾਰਨ ਫਸਲੀ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਬਿਲਕੁਲ ਹੀ ਬੰਦ ਕਰ ਦਿੱਤੀ ਗਈ ਹੈ। ਜਿਸ ਕਾਰਨ ਬੈਂਕਾਂ ਲਈ ਭਵਿੱਖ 'ਚ ਨਵਾਂ ਕਰਜ਼ਾ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਦੀ ਕਾਰਵਾਈ ਬਾਰੇ ਦੱਸਿਆ ਕਿ ਜਾਰੀ ਕੀਤੇ ਨੋਟੀਫਿਕੇਸ਼ਨ 'ਚ ਵੀ ਕਈ ਗੱਲਾਂ ਸਪੱਸ਼ਟ ਨਹੀਂ ਹਨ। ਇਸ ਲਈ ਬੈਂਕ ਮੈਨੇਜਮੈਂਟ ਵੱਲੋਂ ਇਤਰਾਜ਼ ਲਾਉਂਦਿਆਂ ਸਰਕਾਰ ਤੋਂ ਸਪੱਸ਼ਟੀਕਰਨ ਮੰਗੇ ਗਏ ਹਨ, ਜੋ ਹਾਲੇ ਤੱਕ ਪ੍ਰਾਪਤ ਨਹੀਂ ਹੋਏ, ਜਿਸ ਕਾਰਨ ਕਰਜ਼ਾ ਮੁਆਫੀ ਦਾ ਕੰਮ ਵੀ ਵਿਚਕਾਰ ਹੀ ਲਟਕ ਗਿਆ ਹੈ। ਉਨ੍ਹਾਂ ਨੇ ਇਹ ਗੱਲ ਵੀ ਮੰਨੀ ਕਿ ਇਸ ਸਥਿਤੀ 'ਚ ਇਹ ਵੀ ਲੱਗ ਰਿਹਾ ਹੈ ਕਿ ਹਾਲੇ ਕਰਜ਼ਾ ਮੁਆਫੀ ਦਾ ਕੰਮ ਸ਼ੁਰੂ ਹੋਣ ਲਈ ਘੱਟੋ-ਘੱਟ 2 ਮਹੀਨੇ ਹੋਰ ਲੱਗਣਗੇ।
ਸਟੇਟ ਬੈਂਕਰਜ਼ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਐਗਜ਼ੀਕਿਊਟਿਵ ਡਾ. ਆਰ. ਐੱਸ. ਸੰਗਾਪੁਰੇ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਐਲਾਨ ਕਾਰਨ ਕਿਸਾਨਾਂ ਨੇ ਫਸਲੀ ਕਰਜ਼ੇ ਦੀ ਵਾਪਸੀ ਰੋਕ ਦਿੱਤੀ ਹੈ, ਜਿਸ ਕਾਰਨ ਬੈਂਕਾਂ ਦੀ ਰੀਕਵਰੀ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਕਿਸਾਨ ਹੀ ਕਰਜ਼ਾ ਮੁਆਫੀ ਦੀ ਉਮੀਦ ਲਾਈ ਬੈਠੇ ਹਨ ਅਤੇ ਜਿਨ੍ਹਾਂ ਕਿਸਾਨਾਂ ਨੂੰ 2 ਲੱਖ ਦੀ ਐਲਾਨੀ ਕਰਜ਼ਾ ਮੁਆਫੀ ਦਾ ਲਾਭ ਨਹੀਂ ਹੋਣਾ ਉਹ ਵੀ ਕਿਸ਼ਤਾਂ ਨਹੀਂ ਮੋੜ ਰਹੇ। ਉਨ੍ਹਾਂ ਨੇ ਰਾਜ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਬਾਰੇ ਪੂਰੀ ਤਰਾਂ ਸਪੱਸ਼ਟ ਗੱਲਾਂ ਮੀਡੀਆ ਰਾਹੀਂ ਕਿਸਾਨਾਂ ਨੂੰ ਦੱਸਣ ਤਾਂ ਜੋ ਕਰਜ਼ਾ ਮੁਆਫੀ ਦੇ ਘੇਰੇ 'ਚੋਂ ਬਾਹਰ ਰਹਿਣ ਵਾਲੇ ਕਿਸਾਨਾਂ ਤੋਂ ਵਸੂਲੀ ਦਾ ਬੈਂਕ ਕੋਈ ਹੱਲ ਲੱਭ ਸਕਣ। 
ਇਸ ਦੌਰਾਨ ਸੰਗਾਪੁਰੇ ਨੂੰ ਰਾਜ ਦੇ ਬੈਂਕਾਂ ਦੀ ਕਾਰਗੁਜ਼ਾਰੀ ਦਾ ਰੀਵਿਊ ਕਰਦਿਆਂ ਕਿਹਾ ਕਿ 106 ਏ. ਟੀ. ਐੱਮ. ਸਥਾਪਿਤ ਕਰਨ ਨਾਲ ਕੁਲ ਸੰਖਿਆ 8183 ਤੱਕ ਪਹੁੰਚ ਚੁੱਕੀ ਹੈ। ਬੈਂਕਾਂ ਵਿਚ ਜਮਾਂ ਪੂੰਜੀ ਵਿਚ 8.31 ਫੀਸਦੀ ਦਾ ਵਾਧਾ ਹੋਇਆ ਹੈ। ਬੈਂਕ ਦੇ ਕੁਲ ਕਰਜ਼ਿਆਂ ਵਿਚ 9.45 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਖੇਤੀ ਕਰਜ਼ਿਆਂ ਵਿਚ ਵੀ 9.44 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਮੇਂ ਪੰਜਾਬ ਵਿਚ ਕੋਈ ਵੀ ਬਲਾਕ ਨਹੀਂ ਰਿਹਾ, ਜਿੱਥੇ ਬੈਂਕ ਨਾ ਹੋਵੇ। ਕੁੱਲ ਬੈਂਕ ਬ੍ਰਾਂਚਾਂ ਦੀ ਸੰਖਿਆ 6306 ਤੱਕ ਪਹੁੰਚ ਗਈ ਹੈ।

ਕਿਸਾਨਾਂ ਦੀ ਕਰਜ਼ ਮੁਆਫੀ ਦਾ ਕੰਮ ਸ਼ੁਰੂ, ਕੈਪਟਨ ਨੇ ਦਿੱਤੇ ਨਿਰਦੇਸ਼ (ਵੀਡੀਓ)


Related News