ਦੇਸ਼ ਵਿਰੋਧੀ ਬਿਜਲੀ ਸੋਧ ਬਿੱਲ-2020 ਤੁਰੰਤ ਕੀਤਾ ਜਾਵੇ ਰੱਦ : ਕਿਸਾਨ ਜਥੇਬੰਦੀਆਂ
Wednesday, May 20, 2020 - 11:14 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ਵਿੱਚ ਸ਼ਾਮਲ 10 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਅੱਜ 20 ਮਈ ਨੂੰ ਆਪਣੀਆਂ ਮੰਗਾਂ ਸਬੰਧੀ ਸੂਬੇ ਭਰ ਦੇ ਬਿਜਲੀ ਦਫ਼ਤਰਾਂ ਸਾਹਮਣੇ ਰੋਸ-ਮੁਜ਼ਾਹਰੇ ਕੀਤੇ ਜਾਣਗੇ। ਜਥੇਬੰਦੀਆਂ ਦੀ ਸਾਂਝੀ ਆਨਲਾਈਨ ਮੀਟਿੰਗ ਉਪਰੰਤ ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਿਚਾਰ ਚਰਚਾ ਕਰਦਿਆਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਐਲਾਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ਼ ਨੂੰ ਜ਼ੁਮਲਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪੈਕੇਜ ਤਹਿਤ ਕਿਸਾਨਾਂ ਲਈ ਕੁੱਝ ਵੀ ਖਾਸ ਨਹੀਂ, ਸਗੋਂ ਵਿਸ਼ਵ ਵਪਾਰ ਸੰਸਥਾ ਦੇ ਇਸ਼ਾਰਿਆਂ 'ਤੇ ਫਸਲਾਂ ਦੇ ਮੰਡੀਕਰਨ ਨੂੰ ਨਿੱਜੀਕਰਨ ਵੱਲ ਧੱਕਿਆ ਜਾ ਰਿਹਾ ਹੈ। ਕੇਂਦਰ ਸਰਕਾਰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਭੱਜ ਰਹੀ ਹੈ। ਉਨ੍ਹਾਂ ਅੱਜ ਦੇ ਮੁਜ਼ਾਹਰੇ ਸਬੰਧੀ ਦਸਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ-
1. ਦੇਸ਼ ਵਿਰੋਧੀ ਬਿਜਲੀ ਸੋਧ ਬਿੱਲ-2020 ਤੁਰੰਤ ਰੱਦ ਕੀਤਾ ਜਾਵੇ,
2. ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ 16 ਘੰਟੇ ਨਿਰਵਿਘਨ ਤੁਰੰਤ ਸ਼ੁਰੂ ਕੀਤੀ ਜਾਵੇ, ਕਿਉਂਕਿ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਣ ਕਾਰਨ ਬਿਜਲੀ ਦੀ ਪਹਿਲਾਂ ਲੋੜ ਹੈ ।
3. ਛੋਟੇ ਕਿਸਾਨ ਜਿਨ੍ਹਾਂ ਕੋਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਝੋਨੇ ਦੇ ਸੀਜ਼ਨ ਲਈ ਆਰਜ਼ੀ ਕੁਨੈਕਸ਼ਨ ਦਿੱਤੇ ਜਾਣ।
4. ਕਿਸਾਨਾਂ ਲਈ ਸਬਸਿਡੀ ਦਿੰਦਿਆਂ ਡੀਜ਼ਲ 22 ਰੁਪਏ ਲੀਟਰ ਦਿੱਤਾ ਜਾਵੇ।
5. ਪ੍ਰਾਈਵੇਟ ਕੰਪਨੀਆਂ ਨਾਲ ਬਿਜਲੀ ਦੀਆਂ ਕੀਮਤਾਂ ਮਹਿੰਗੀਆਂ ਕੀਮਤਾਂ ਸਬੰਧੀ ਸਮਝੌਤੇ ਤੁਰੰਤ ਰੱਦ ਕੀਤੇ ਜਾਣ, ਸੂਬੇ ਦੇ ਲੋਕਾਂ ਨੂੰ ਬਿਜ਼ਲੀ ਦੋ ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇ।
6. ਲਾਕਡਾਊਨ ਦੌਰਾਨ ਲੋਕਾਂ ਦੀਆਂ ਵਧੀਆਂ ਆਰਥਿਕ ਸਮੱਸਿਆਵਾਂ ਨੂੰ ਵੇਖਦਿਆਂ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣ।
7. ਟਿਊਬਵੈੱਲਾਂ ਦੇ ਲੋਡ ਵਧਾਉਣ ਸਬੰਧੀ ਪ੍ਰਕਿਰਿਆ ਸਾਰਾ ਸਾਲ ਬਿਨਾਂ ਕਿਸੇ ਫੀਸ ਤੋਂ ਜਾਰੀ ਰਹੇ।
8. ਬਿਜਲੀ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੁੱਚੀਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। 9.ਗਰਿੱਡਾਂ ,ਫੀਡਰਾਂ ਅਤੇ ਟ੍ਰਾਂਸਫਾਰਮਰ ਨੂੰ ਡੀ ਲੋਡ ਕੀਤਾ ਜਾਵੇ ਅਤੇ ਖਰਾਬ ਜੀ. ਓ ਸਵਿੱਚਾਂ ,ਜੈਂਪਰਾਂ ਅਤੇ ਢਿੱਲੀਆਂ ਤਾਰਾਂ ਦੀ ਮੁਰੰਮਤ ਕੀਤੀ ਜਾਵੇ ।
10. ਜਿਨ੍ਹਾਂ ਕਿਸਾਨਾਂ ਕਿਸਾਨਾਂ ਨੇ ਲੋਡ ਵਧਾਇਆ ਹੈ ਉਨ੍ਹਾਂ ਨੂੰ ਵਧਾਏ ਲੋਡ ਮੁਤਾਬਕ ਟ੍ਰਾਂਸਫਾਰਮਰ ਦਿੱਤੇ ਜਾਣ ਅਤੇ ਲਾਕਡਾਊਨ ਕਾਰਨ ਲੋਡ ਵਧਾਉਣ ਲਈ ਸਵੈਇੱਛਾ ਵੀ ,ਡੀ ,ਐਸ ਸਕੀਮ ਬਿਨਾਂ ਖਰਚੇ ਤੋਂ ਚਾਲੂ ਕੀਤੀ ਜਾਵੇ।
11. ਜਿਨ੍ਹਾਂ ਕਿਸਾਨਾਂ ਦੇ ਪਹਿਲਾਂ ਖੇਤੀ ਮੋਟਰਾਂ ਦੇ ਕੁਨੈਕਸ਼ਨ ਨਿਕਲੇ ਸਨ ਅਤੇ ਉਨ੍ਹਾਂ ਤੋਂ ਐਫੀਡੇਵਿਡ ਵੀ ਲਏ ਗਏ ਸਨ ਉਨ੍ਹਾਂ ਦੇ ਕੁਨੈਕਸ਼ਨ ਤੁਰੰਤ ਚਾਲੂ ਕੀਤੇ ਜਾਣ।