ਕਿਸਾਨ ਪਰਮਲ ਝੋਨੇ ਦੀ ਬਿਜਾਈ ਨੂੰ ਦੇ ਰਹੇ ਹਨ ਤਰਜੀਹ
Friday, Jun 11, 2021 - 05:36 PM (IST)
ਮੰਡੀ ਲਾਧੂਕਾ (ਸੰਧੂ) : ਸਰਕਾਰੀ ਹਿਦਾਇਤਾਂ ਮੁਤਾਬਿਕ ਕਿਸਾਨਾਂ ਵਲੋਂ ਖੇਤਾਂ ’ਚ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਜੱਖਾ ਲੱਖਾਕੇ ਹਿਠਾੜ ਦੇ ਕਿਸਾਨ ਜਸਬੀਰ ਸਿੰਘ ਅਤੇ ਕਿੱਕਰ ਸਿੰਘ ਨੰਬਰਦਾਰ ਨੇ ਵੀ ਆਪਣੇ ਖੇਤ ’ਚ ਝੋਨੇ ਦੀ ਬਿਜਾਈ ਸ਼ੁਰੂ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਉਹ ਆਪਣੇ ਖੇਤਾਂ ’ਚ ਬਾਸਮਤੀ ਝੋਨੇ ਦੀ ਬਜਾਏ ਪਰਮਲ ਝੋਨੇ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਬਾਸਮਤੀ ਦਾ ਭਾਅ 3000 ਰੁਪਏ ਪ੍ਰਤੀ ਕਵਿੰਟਲ ਹੀ ਰਿਹਾ ਸੀ ਜਦਕਿ ਇਸ ਨਾਲ ਉਨ੍ਹਾਂ ਨੂੰ ਪਰਮਲ ਦੇ ਮੁਕਾਬਲੇ ਘੱਟ ਆਮਦਨ ਹੋਈ ਸੀ। ਜਿਸ ਕਾਰਣ ਉਨ੍ਹਾਂ ਨੇ ਇਸ ਵਾਰ ਪਰਮਲ ਝੋਨਾ ਪੀ.ਆਰ. 1,11,114 ਕਿਸਮ ਝੋਨਾ ਬਿਜਾਈ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੁੱਝ ਰਕਬਾ ਸਿੱਧੀ ਬਿਜਾਈ ਵੀ ਕਰ ਰਹੇ ਹਨ ਅਤੇ ਕੁੱਝ ਪੁਰਾਣੇ ਢੰਗ ਨਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਕਰਨ ’ਚ ਹੋਇਆ ਫੇਲ, ਸ਼ਹਿਰੀ ਖਪਤਕਾਰ ਵੀ ਹੋਏ ਪ੍ਰੇਸ਼ਾਨ
ਦੱਸਣਯੋਗ ਹੈ ਕਿ ਪੰਜਾਬ ’ਚ ਝੋਨੇ ਦੇ ਸੀਜ਼ਨ ਦੀ ਸ਼ੁਰੂਆਤੀ ਦਿਨ ਹੀ ਪੰਜਾਬ ’ਚ ਬਿਜਲੀ ਦੀ ਮੰਗ 12000 ਮੈਗਾਵਾਟ ਨੇੜੇ ਪਹੁੰਚ ਗਈ, ਜਿਸ ਨੂੰ ਵੇਖਦਿਆਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਆਪਣੇ ਸਰਕਾਰੀ ਥਰਮਲ ਪਲਾਂਟ ਵੀ ਭਖਾ ਦਿੱਤੇ ਪਰ ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਕਰਨ ’ਚ ਨਾਕਾਮ ਰਿਹਾ। ਮਿਲੀ ਜਾਣਕਾਰੀ ਮੁਤਾਬਕ 10 ਜੂਨ ਨੂੰ ਸ਼ਾਮ ਸਵਾ 5 ਵਜੇ ਸੂਬੇ ’ਚ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਨੇੜੇ ਯਾਨੀ 11787 ਮੈਗਾਵਾਟ ਸੀ।
ਇਸ ਮੰਗ ਦੀ ਪੂਰਤੀ ਵਾਸਤੇ ਪਾਵਰਕਾਮ ਨੇ ਆਪਣੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 4 ’ਚੋਂ 2 ਯੂਨਿਟ 4 ਅਤੇ 6 ਨੰਬਰ ਅਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਤਿੰਨ ਯੂਨਿਟ ਨੰਬਰ ਇਕ, ਤਿੰਨ ਤੇ ਚਾਰ ਵੀ ਚਾਲੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਇਸ ਵੇਲੇ ਸੂਬੇ ਦੇ ਪ੍ਰਾਈਵੇਟ ਥਰਮਲਾਂ ’ਚੋਂ ਰਾਜਪੁਰਾ ਦੇ ਦੋਵੇਂ ਯੂਨਿਟ, ਤਲਵੰਡੀ ਸਾਬੋ ਦੇ ਤਿੰਨ ’ਚੋਂ ਦੋ ਅਤੇ ਗੋਇੰਦਵਾਲ ਸਾਹਿਬ ਦਾ ਇਕ ਯੁਨਿਟ ਬਿਜਲੀ ਉਤਪਾਦਨ ਕਰ ਰਿਹਾ ਹੈ।
ਇਹ ਵੀ ਪੜ੍ਹੋ : ਗੁੰਮ ਹੋਏ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਨਹਿਰ ਦੇ ਕੰਢੇ ਸੁਟਿਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ