ਕੁਦਰਤੀ ਕ੍ਰੋਪੀ ਤੋਂ ਬਾਅਦ ਹੁਣ ਮੰਡੀਆਂ ’ਚ ਸਰਕਾਰੀ ਕ੍ਰੋਪੀ ਦਾ ਸ਼ਿਕਾਰ ਹੋ ਰਹੇ ਹਨ ਕਿਸਾਨ
Thursday, Apr 13, 2023 - 05:21 PM (IST)

ਬੱਧਨੀ ਕਲਾਂ (ਮਨੋਜ) : ਭਾਵੇਂ ਕਿ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਪੰਜਾਬ ਭਰ ’ਚ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਮੰਡੀਆਂ ਵਿਚ ਕਣਕ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਸਰਕਾਰ ਵੱਲੋਂ ਕਣਕ ਦੀ ਖਰੀਦ ਸਬੰਧੀ ਸਪੱਸ਼ਟ ਪਾਲਿਸੀ ਨਾ ਬਣਨ ਕਰ ਕੇ ਖਰੀਦ ਅਧਿਕਾਰੀ ਕਣਕ ਦੀ ਖਰੀਦ ਕਰਨ ਤੋਂ ਅਸਮਰਥ ਹਨ, ਜਿਸ ਕਰ ਕੇ ਕਿਸਾਨ ਮੰਡੀਆਂ ਵਿਚ ਰੁਲਣ ਲਈ ਮਜ਼ਬੂਰ ਹੋ ਰਹੇ ਹਨ। ਬੀਤੇ ਦਿਨੀਂ ਪੰਜਾਬ ਵਿਚ ਹੋਈ ਬੇ-ਮੌਸਮੀ ਭਾਰੀ ਬਾਰਿਸ਼ ਕਰ ਕੇ ਕਣਕ ਦਾ ਭਾਰੀ ਨੁਕਸਾਨ ਹੋ ਗਿਆ ਹੈ। ਕੁਦਰਤੀ ਕ੍ਰੋਪੀ ਦਾ ਸ਼ਿਕਾਰ ਹੋਏ ਕਿਸਾਨ ਹੁਣ ਸਰਕਾਰ ਦੀ ਕ੍ਰੋਪੀ ਦਾ ਸ਼ਿਕਾਰ ਹੋ ਰਹੇ ਹਨ। ਦਾਣਾ ਮੰਡੀ ਬੱਧਨੀ ਕਲਾਂ ਵਿਚ ਸਰਕਾਰ ਦੀਆਂ 3 ਖਰੀਦ ਏਜੰਸੀਆਂ ਪਨਸਪ, ਪਨਗ੍ਰੇਨ ਅਤੇ ਵੇਅਰ ਹਾਊਸ ਦੀ ਖਰੀਦ ਹੈ ਪਰ ਅੱਜ ਕਣਕ ਦੀ ਆਮਦ ਹੋਣ ਤੋਂ ਤੀਜੇ ਦਿਨ ਬਾਅਦ ਵੀ ਕਿਸੇ ਖਰੀਦ ਅਧਿਕਾਰੀ ਜਾਂ ਸਰਕਾਰੀ ਨੁਮਾਇੰਦੇ ਨੇ ਮੰਡੀ ਵਿਚ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ, ਜਿਸ ਕਰ ਕੇ ਕਿਸਾਨਾਂ ’ਚ ਭਾਰੀ ਰੋਸ ਪਾਇਆ ਗਿਆ। ਇਸੇ ਤਰ੍ਹਾਂ ਮਾਰਕੀਟ ਕਮੇਟੀ ਬੱਧਨੀ ਕਲਾਂ ਅਧੀਨ ਆਉਂਦੇ ਖਰੀਦ ਕੇਂਦਰ ਰਣੀਆਂ ਵਿਖੇ ਵੀ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰ ਇਸ ਮੰਡੀ ਵਿਚ ਵੀ ਅਜੇ ਤੱਕ ਕਿਸੇ ਖਰੀਦ ਅਧਿਕਾਰੀ ਵੱਲੋਂ ਗੇੜਾ ਨਹੀਂ ਮਾਰਿਆ ਗਿਆ ਅਤੇ ਨਾ ਹੀ ਕਣਕ ਦੀ ਖਰੀਦ ਸ਼ੁਰੂ ਹੋਈ ਹੈ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਨੀਲਾ ਤੋਂ ਸਾਢੇ 5 ਸਾਲ ਬਾਅਦ ਘਰ ਪਰਤਿਆ ਪੰਜਾਬੀ ਨੌਜਵਾਨ
ਬੱਧਨੀ ਕਲਾਂ ਮੰਡੀ ਵਿਚ ਬੀਤੇ 3 ਦਿਨ ਤੋਂ ਕਣਕ ਵੇਚਣ ਲਈ ਅਧਿਕਾਰੀਆਂ ਦੀ ਉਡੀਕ ਵਿਚ ਬੈਠੇ ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਣਕ ਦੀ ਤੁਰੰਤ ਐੱਮ. ਐੱਸ. ਪੀ. ਅਤੇ ਖਰੀਦ ਸ਼ੁਰੂ ਕਰੇ ਅਤੇ ਕਿਸਾਨਾਂ ਨੂੰ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਬੋਨਸ ਅਤੇ ਦਿੱਲੀ ਸਰਕਾਰ ਦੀ ਤਰਜ ’ਤੇ 25,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਭਾਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ ’ਚ ਨਮੀਂ ਅਤੇ ਦਾਣਾ ਛੋਟਾ ਹੋਣ ਕਰ ਕੇ ਜੋ ਕੁਆਲਿਟੀ ਕੱਟ ਲਗਾਇਆ ਗਿਆ ਹੈ, ਉਸ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਆਪਣੇ ਪੱਲਿਓਂ ਕਰਨ ਦਾ ਬਿਆਨ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਉਣ ਦੀ ਗੱਲ ਕਹੀ ਗਈ ਹੈ, ਪਰ ਹਕੀਕੀ ਤੌਰ ’ਤੇ ਇਸ ’ਤੇ ਕੋਈ ਅਮਲ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ : ਬਟਾਲਾ ਅਤੇ ਗੁਰਦਾਸਪੁਰ ਰੇਲਵੇ ਸਟੇਸ਼ਨਾਂ ’ਤੇ ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਲੱਗੇ ਪੋਸਟਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ