ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਬਲਾਕ ਗੰਡੀਵਿੰਡ ਦੇ ਘਿਰਾਓ ਦੀ ਚਿਤਾਵਨੀ

02/14/2018 7:53:40 AM

ਝਬਾਲ/ਬੀੜ ਸਾਹਿਬ,  (ਲਾਲੂਘੁੰਮਣ, ਬਖਤਾਵਰ, ਭਾਟੀਆ)-  ਪਿੰਡ ਗੰਡੀਵਿੰਡ ਸਥਿਤ ਸਰਕਾਰੀ ਜਗ੍ਹਾ 'ਤੇ ਇਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਕੀਤੇ ਨਾਜਾਇਜ਼ ਕਬਜ਼ੇ ਨੂੰ ਛੁਡਵਾਉਣ ਅਤੇ ਮਨਰੇਗਾ ਕਾਮਿਆਂ ਨੂੰ ਕੰਮ ਨਾ ਦੇਣ ਦੇ ਮਾਮਲੇ ਨੂੰ ਲੈ ਕੇ ਸੋਮਵਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦਾ ਇਕ ਵਫਦ ਬੀ. ਡੀ. ਪੀ. ਓ. ਗੰਡੀਵਿੰਡ ਨੂੰ ਮੰਗ ਪੱਤਰ ਸੌਂਪਣ ਲਈ ਉਨ੍ਹਾਂ ਦੇ ਦਫਤਰ ਵਿਖੇ ਪੁੱਜਾ ਪਰ ਬੀ. ਡੀ. ਪੀ. ਓ. ਸਾਹਿਬ ਦਫਤਰ 'ਚ ਹਾਜ਼ਰ ਨਹੀਂ ਮਿਲੇ। ਇਸ ਕਰ ਕੇ ਵਫਦ ਵੱਲੋਂ ਬੀ. ਡੀ. ਪੀ. ਓ. ਵਿਰੁੱਧ ਜਮ ਕੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। 
ਵਫਦ ਦੀ ਅਗਵਾਈ ਕਰ ਰਹੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗੰਡੀਵਿੰਡ ਵਾਸੀ ਇਕ ਸੱਤਾਧਾਰੀ ਪਾਰਟੀ ਨਾਲ ਸਬੰਧਤ ਵਿਅਕਤੀ ਵੱਲੋਂ ਪਿੰਡ ਦੀ ਫਿਰਨੀ ਨਾਲ ਪੰਚਾਇਤੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਫਦ ਵੱਲੋਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਵੀ ਬੀਤੇ ਸਮੇਂ ਜਾਣੂ ਕਰਵਾਇਆ ਗਿਆ ਸੀ, ਜਿਨ੍ਹਾਂ ਬੀ. ਡੀ. ਪੀ. ਓ. ਗੰਡੀਵਿੰਡ ਨੂੰ ਮਾਮਲੇ ਸਬੰਧੀ ਪੜਤਾਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਬਲਾਕ ਅਫਸਰ ਵੱਲੋਂ ਕਥਿਤ ਸਿਆਸੀ ਸ਼ਹਿ 'ਤੇ ਟਾਲਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। 
ਇਸ ਤੋਂ ਇਲਾਵਾ ਮਨਰੇਗਾ ਸਕੀਮ ਅਧੀਨ ਪਿੰਡ ਗੰਡੀਵਿੰਡ ਅਤੇ ਬੀੜ ਰਾਜਾ ਤੇਜਾ ਸਿੰਘ ਦੇ ਲੋੜਵੰਦ ਜਾਬ ਕਾਰਡ ਧਾਰਕਾਂ ਨੂੰ ਕੰਮ ਨਾ ਦੇ ਕੇ ਕਥਿਤ ਸਿਆਸੀ ਵਿਅਕਤੀਆਂ ਵੱਲੋਂ ਚਹੇਤਿਆਂ ਨੂੰ ਬਿਨਾਂ ਕੰਮ ਕਰਨ ਤੋਂ ਪੈਸੇ ਦੇ ਕੇ ਖੁਸ਼ ਕੀਤਾ ਜਾ ਰਿਹਾ ਹੈ, ਜਦਕਿ ਸਹੀ ਹੱਕਦਾਰਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਬੀ. ਡੀ. ਪੀ. ਓ. ਗੰਡੀਵਿੰਡ ਵੱਲੋਂ ਉਪਰੋਕਤ ਮਸਲਿਆਂ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਬਲਾਕ ਗੰਡੀਵਿੰਡ ਦਾ ਘਿਰਾਓ ਕਰ ਕੇ ਅਣਮਿੱਥੇ ਸਮੇਂ ਲਈ ਜਥੇਬੰਦੀ ਵੱਲੋਂ ਧਰਨਾ ਲਾਇਆ ਜਾਵੇਗਾ। 
ਇਸ ਮੌਕੇ ਜਗਬੀਰ ਸਿੰਘ ਬੱਬੂ, ਵਿਰਸਾ ਸਿੰਘ, ਬੀਬੀ ਕਸ਼ਮੀਰ ਕੌਰ, ਸਿਮਰਜੀਤ ਕੌਰ, ਲਖਵਿੰਦਰ ਸਿੰਘ, ਜਰਨੈਲ ਸਿੰਘ ਰਸੂਲਪੁਰ, ਪ੍ਰਗਟ ਸਿੰਘ ਗੰਡੀਵਿੰਡ, ਸਾਹਬ ਸਿੰਘ, ਪ੍ਰਗਟ ਸਿੰਘ, ਰੇਸ਼ਮ ਸਿੰਘ, ਕੁਲਦੀਪ ਸਿੰਘ, ਜਗੀਰ ਸਿੰਘ, ਸੁਖਵਿੰਦਰ ਸਿੰਘ, ਬਚਿੱਤਰ ਸਿੰਘ ਫੋਰਮੈਨ ਅਤੇ ਭੋਲਾ ਸਿੰਘ ਆਦਿ ਹਾਜ਼ਰ ਸਨ। ਓਧਰ ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 'ਤੇ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਵੱਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ।


Related News