ਕਿਸਾਨਾਂ ਅਤੇ ਮਜ਼ਦੂਰਾਂ ਨੇ ਫੈਕਟਰੀ ਅੱਗੇ ਦਿੱਤਾ ਧਰਨਾ

Monday, Jul 30, 2018 - 04:25 AM (IST)

ਕਿਸਾਨਾਂ ਅਤੇ ਮਜ਼ਦੂਰਾਂ ਨੇ ਫੈਕਟਰੀ ਅੱਗੇ ਦਿੱਤਾ ਧਰਨਾ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)–  ਕੰਬਾਈਨ ਬਣਾਉਣ ਵਾਲੀ ਫੈਕਟਰੀ ’ਚ ਇਕ ਮਜ਼ਦੂਰ ਦੀ ਡਿੱਗ ਕੇ ਹੋਈ ਮੌਤ ਦੇ ਰੋਸ ’ਚ ਕਿਸਾਨ ਯੂਨੀਅਨ ਅਤੇ ਮਜ਼ਦੂਰ ਜਥੇਬੰਦੀਅਾਂ ਨੇ ਫੈਕਟਰੀ ਦੇ ਗੇਟ ਅੱਗੇ ਧਰਨਾ ਲਾ ਕੇ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਫੈਕਟਰੀ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੀਡ਼ਤ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
 ਧਰਨਾਕਾਰੀਅਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਦੇ ਆਗੂ ਬਲੌਰ ਸਿੰਘ ਛੰਨਾਂ ਨੇ ਕਿਹਾ ਕਿ ਬੀਤੇ ਦਿਨੀਂ ਇਕ ਮਜ਼ਦੂਰ ਗੁਰਬੇਅੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਫਤਿਹਗਡ਼੍ਹ ਛੰਨਾਂ, ਜੋ ਕਿ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਜਿਸ ਦੇ ਮਾਤਾ-ਪਿਤਾ ਅਪਾਹਜ ਹਨ, 4 ਦਿਨਾਂ ਤੋਂ ਉਕਤ ਕੰਬਾਈਨ ਕੰਪਨੀ ’ਚ ਸ਼ੈੱਡ ਪਾ ਰਿਹਾ ਸੀ। ਸ਼ੈੱਡ ਪਾਉਣ ਸਮੇਂ ਉਸ ਦੀ ਡਿੱਗ ਕੇ ਮੌਤ ਹੋ ਗਈ। ਧਰਨਾਕਾਰੀਅਾਂ ਨੇ ਕਿਹਾ ਕਿ ਉਸ ਦੀ ਮੌਤ ਫੈਕਟਰੀ ਮਾਲਕਾਂ ਦੀ ਲਾਪ੍ਰਵਾਹੀ  ਕਾਰਨ ਹੋਈ ਹੈ ਕਿਉਂਕਿ ਫੈਕਟਰੀ ਮਾਲਕਾਂ ਨੇ ਹੇਠਾਂ ਬਚਾਅ ਲਈ ਕੋਈ ਜਾਲ ਨਹੀਂ ਲਾਇਆ ਹੋਇਆ ਸੀ। ਜੇਕਰ ਜਾਲ ਲੱਗਾ ਹੁੰਦਾ ਤਾਂ ਉਸ ਦੀ ਮੌਤ ਨਾ ਹੁੰਦੀ। 
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੀਡ਼ਤ ਪਰਿਵਾਰ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਮਜ਼ਦੂਰ ਜਥੇਬੰਦੀਅਾਂ ਅਤੇ ਕਿਸਾਨ ਯੂਨੀਅਨ ਦੇ ਆਗੂ ਵੱਡੀ ਗਿਣਤੀ ’ਚ ਹਾਜ਼ਰ ਸਨ।
 ਜਦੋਂ ਇਸ ਸਬੰਧੀ ਫੈਕਟਰੀ ਮਾਲਕ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। 
   ਫੈਕਟਰੀ ਮਾਲਕ ਖਿਲਾਫ ਕੇਸ ਦਰਜ
  ਦੂਜੇ  ਪਾਸੇ  ਹੌਲਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ’ਚ ਪ੍ਰੀਤਮ ਸਿੰਘ  ਵਾਸੀ ਫਤਿਹਗਡ਼੍ਹ ਛੰਨਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਲਡ਼ਕਾ ਗੁਰਬੇਅੰਤ  ਸਿੰਘ 27 ਜੁਲਾਈ ਨੂੰ ਸਟੈਂਡਰਡ ਫੈਕਟਰੀ ਹੰਡਿਆਇਆ ’ਚ ਸ਼ੈੱਡ ਬਣਾਉਣ ਲਈ ਆਇਆ ਸੀ, ਜਿਥੇ   ਉਹ  ਸੀਮੈਂਟ ਦੀਆਂ ਚਾਦਰਾਂ ਪਾਉਣ ਸਮੇਂ ਚਾਦਰ ਟੁੱਟ ਜਾਣ ਕਾਰਨ ਹੇਠਾਂ ਡਿੱਗਣ ਕਰਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ  ਅਤੇ ਇਲਾਜ ਅਧੀਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮੁਦਈ ਦੇ  ਬਿਆਨਾਂ ਦੇ ਆਧਾਰ ’ਤੇ ਸਟੈਂਡਰਡ ਫੈਕਟਰੀ ਹੰਡਿਆਇਆ ਦੇ ਮਾਲਕ ਬਲਵਿੰਦਰ ਸਿੰਘ ਪੁੱਤਰ  ਸਾਧੂ ਸਿੰਘ ਵਾਸੀ ਹੰਡਿਆਇਆ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ  ਦਿੱਤੀ ਹੈ। 


Related News