ਟੋਕਨ ਪਾਸ ਨਾ ਮਿਲਣ ''ਤੇ ਮੰਡੀਆਂ ''ਚ ਪਹਿਲੇ ਦਿਨ ਸ਼ੁਰੂ ਨਹੀ ਹੋ ਸਕੀ ਕਣਕ ਦੀ ਖਰੀਦ
Wednesday, Apr 15, 2020 - 05:46 PM (IST)
ਸਮਰਾਲਾ (ਸੰਜੇ ਗਰਗ) - ਪੰਜਾਬ ਦੀਆਂ ਮੰਡੀਆਂ 'ਚ ਅੱਜ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਸਰਕਾਰੀ ਖਰੀਦ ਦੇ ਦਾਅਵਿਆਂ ਦੀ ਫੂਕ ਪਹਿਲੇ ਦਿਨ ਹੀ ਨਿਕਲ ਗਈ। ਮੰਡੀ 'ਚ ਫ਼ਸਲ ਲੈ ਕੇ ਆਉਣ ਨੂੰ ਤਿਆਰ ਬੈਠੇ ਕਿਸਾਨਾਂ ਨੂੰ ਮੰਡੀ ਬੋਰਡ ਨੇ ਆਪਣੀ ਫ਼ਸਲ ਮੰਡੀ ਲੈ ਕੇ ਆਉਣ ਲਈ ਟੋਕਨ ਪਾਸ ਨਹੀਂ ਜਾਰੀ ਕੀਤੇ। ਇਸ ਇਲਾਕੇ ਦੇ ਕਈ ਕਿਸਾਨ ਦੇਰ ਰਾਤ ਤੱਕ ਟੋਕਨ ਪਾਸ ਜਾਰੀ ਹੋਣ ਦੀ ਉਡੀਕ ਕਰਦੇ ਰਹੇ ਪਰ ਬੁੱਧਵਾਰ ਸਵੇਰ ਤੱਕ ਕਿਸੇ ਇਕ ਕਿਸਾਨ ਨੂੰ ਵੀ ਟੋਕਨ ਪਾਸ ਨਹੀਂ ਮਿਲਿਆ। ਪਾਸ ਜਾਰੀ ਨਾ ਹੋਣ 'ਤੇ ਅਨਾਜ ਮੰਡੀ ਸਮਰਾਲਾ ਅਤੇ ਫੋਕਲ ਪੁਆਇੰਟ ਮਹਿਦੂਦਾ ਸਮੇਤ ਬਣਾਏ 4 ਹੋਰ ਖਰੀਦ ਕੇਂਦਰਾਂ ਵਿਚੋਂ ਕਿਸੇ 'ਤੇ ਫ਼ਸਲ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ। ਹਾਲਾਂਕਿ ਮਾਰਕੀਟ ਕਮੇਟੀ ਦੇ ਸਕੱਤਰ ਰਾਜਵੀਰ ਸਿੰਘ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਪੰਜਾਬ ਸਰਕਾਰ ਦੇ ਐਲਾਨ ਮੁਤਾਬਕ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਸਰਕਾਰੀ ਖਰੀਦ ਲਈ ਬਕਾਇਦਾ ਤੌਰ 'ਤੇ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਖਰੀਦ ਕਰਨ ਵਾਲੀਆਂ ਏਜੰਸੀਆਂ ਪਨਸਪ, ਐੱਫ.ਸੀ.ਆਈ ਅਤੇ ਪਨਗ੍ਰੇਨ ਦੇ ਅਧਿਕਾਰੀ ਮੰਡੀ ਵਿਚ ਕਣਕ ਦੀ ਖਰੀਦ ਲਈ ਪੁੱਜ ਗਏ ਪਰ ਸਿਸਟਮ 'ਚ ਕਿਸੇ ਤਕਨੀਕੀ ਖ਼ਰਾਬੀ ਕਾਰਨ ਕਿਸਾਨਾਂ ਨੂੰ ਫ਼ਸਲ ਲਿਆਉਣ ਲਈ ਟੋਕਨ ਪਾਸ ਜਾਰੀ ਨਹੀਂ ਹੋ ਸਕੇ।
ਹੁਣ ਕੱਲ ਤੋਂ ਸ਼ੁਰੂ ਹੋਵੇਗੀ ਸਰਕਾਰੀ ਖਰੀਦ
15 ਅ੍ਰਪੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਪ੍ਰਬੰਧ ਫੇਲ ਹੋਣ ਮਗਰੋਂ ਹੁਣ ਕੱਲ ਤੋਂ ਸਰਕਾਰੀ ਖਰੀਦ ਆਰੰਭ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਮਾਰਕੀਟ ਕਮੇਟੀ ਸਮਰਾਲਾ ਦੇ ਸੈਕਟਰੀ ਨੇ ਦੱਸਿਆ ਕਿ ਹੁਣ ਤੱਕ ਦੀ ਰਿਪੋਰਟ ਮੁਤਾਬਕ 16 ਅ੍ਰਪੈਲ ਨੂੰ ਮੰਡੀ 'ਚ ਫ਼ਸਲ ਲਿਆਉਣ ਲਈ 5 ਕਿਸਾਨਾਂ ਨੂੰ ਟੋਕਨ ਪਾਸ ਜਾਰੀ ਹੋ ਚੁੱਕੇ ਹਨ ਅਤੇ ਸ਼ਾਮ ਤੱਕ ਹੋਰ ਕਿਸਾਨਾਂ ਨੂੰ ਟੋਕਨ ਇਸ਼ੂ ਹੋ ਜਾਣ ਦੀ ਉਮੀਦ ਹੈ। 17 ਅ੍ਰਪੈਲ ਲਈ ਸਮਰਾਲਾ ਮੰਡੀ, ਫੋਕਨ ਪੁਆਇੰਟ ਮਹਿਦੂਦਾ ਤੇ ਇਸ ਅਧੀਨ ਪੈਂਦੇ 4 ਖਰੀਦ ਕੇਂਦਰਾਂ 'ਤੇ ਫ਼ਸਲ ਲਿਆਉਣ ਲਈ 155 ਕਿਸਾਨਾਂ ਨੂੰ ਟੋਕਨ ਪਾਸ ਜਾਰੀ ਕੀਤੇ ਜਾ ਚੁੱਕੇ ਹਨ।
ਲੇਬਰ ਦੀ ਘਾਟ ਨੇ ਨਵੀਂ ਦਿੱਕਤ ਖੜ੍ਹੀ ਕੀਤੀ
ਸਮਰਾਲਾ ਮੰਡੀ ਦੇ ਆੜ੍ਹਤੀਆਂ ਨੇ ਦੱਸਿਆ ਕਿ ਕੋਰੋਨਾ ਦੀ ਮਾਰ ਦੇ ਚਲਦੇ ਫ਼ਸਲ ਦੀ ਖਰੀਦ ਅਤੇ ਉਸ ਨੂੰ ਸਮੇਟਣ ਲਈ ਇਸ ਵਾਰ ਲੇਬਰ ਦੀ ਵੱਡੀ ਘਾਟ ਖੜ੍ਹੀ ਹੋਣ ਕਾਰਨ ਆੜ੍ਹਤੀਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਆੜ੍ਹਤੀ ਕੋਲ ਲੇਬਰ ਦੀ ਘਾਟ ਹੈ ਅਤੇ ਫ਼ਸਲ ਦੀ ਖਰੀਦ ਲਈ ਜਿੰਨੀ ਲੇਬਰ ਦੀ ਲੋੜ ਹੁੰਦੀ ਹੈ, ਉਸ ਤੋਂ ਅੱਧੀ ਲੇਬਰ ਵੀ ਮੰਡੀ ਵਿਚ ਇਸ ਵਾਰ ਨਹੀਂ ਰਹੀ। ਆੜ੍ਹਤੀ ਪਰਮਿੰਦਰ ਸਿੰਘ ਪਾਲਮਾਜਰਾ ਨੇ ਦੱਸਿਆ ਕਿ ਇਸ ਵਾਰ ਮੰਡੀਆਂ 'ਚ ਲੇਬਰ ਦੀ ਦਿੱਕਤ ਨੇ ਆੜ੍ਹਤੀਆਂ ਲਈ ਮੁਸੀਬਤ ਪੈਦਾ ਕਰ ਰੱਖੀ ਹੈ। ਉਨ੍ਹਾਂ ਦੱਸਿਆ ਕਿ ਪਿੱਛਲੀ ਵਾਰ ਉਨ੍ਹਾਂ ਦੀ ਆੜ੍ਹਤ 'ਤੇ 50 ਮਜ਼ਦੂਰ ਫ਼ਸਲ ਨੂੰ ਸਮੇਟਣ ਦਾ ਕੰਮ ਕਰਦੇ ਸਨ, ਪਰ ਇਸ ਵਾਰ ਬੜੀ ਮੁਸ਼ਕਲ ਨਾਲ 14 ਵਿਅਕਤੀਆਂ ਦੀ ਲੇਬਰ ਦਾ ਪ੍ਰਬੰਧ ਹੋ ਸਕਿਆ ਹੈ।
ਜ਼ਿਲੇ 'ਚ 8.50 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ
ਡੀ.ਸੀ ਪ੍ਰਦੀਪ ਅਗਰਵਾਲ ਨੇ ਵਿਭਾਗੀ ਅਧਿਕਾਰੀਆਂ ਵਲੋਂ ਮਿਲੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਸ ਵਾਰ ਜ਼ਿਲਾ ਲੁਧਿਆਣਾ ਦੀਆਂ ਮੰਡੀਆਂ ਵਿਚ 8.51 ਲੱਖ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ। ਜਿਸ ਲਈ ਜ਼ਿਲਾ ਲੁਧਿਆਣਾ ਵਿਚ 103 ਮੰਡੀਆਂ ਮੌਜੂਦ ਹਨ। ਇਸ ਤੋਂ ਇਲਾਵਾ 128 ਸ਼ੈਲਰਾਂ ਨੂੰ ਵੀ ਮੰਡੀ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦਾ ਇਕੱਠ ਨਾ ਹੋ ਸਕੇ, ਇਸ ਲਈ ਕਿਸਾਨਾਂ ਨੂੰ ਇਸ ਵਾਰ ਟੋਕਨ ਪਾਸ ਜਾਰੀ ਕੀਤੇ ਜਾ ਰਹੇ ਹਨ, ਉਸ ਮੁਤਾਬਿਕ ਹੀ ਉਹ ਆਪਣੀ ਫ਼ਸਲ ਮੰਡੀਆਂ ਵਿਚ ਲਿਆ ਸਕਣਗੇ। ਕਿਸਾਨਾਂ ਦੀ ਸ਼ਡਿਊਲ ਮੁਤਾਬਕ ਆਮਦ ਸਬੰਧਤ ਆੜਤੀ ਯਕੀਨੀ ਬਣਾਉਣਗੇ।