ਕਿਸਾਨਾਂ ਨੇ ਸੜਕਾਂ ''ਤੇ ਗੰਨਾ ਸੁੱਟ ਕੇ ਲਾਇਆ ਜਾਮ

12/04/2018 9:42:07 AM

ਦਸੂਹਾ, ਮੁਕੇਰੀਆਂ, ਟਾਂਡਾ (ਝਾਵਰ, ਨਾਗਲਾ, ਪੰਡਤ, ਮੋਮੀ, ਕੁਲਦੀਸ਼ )—ਦਸੂਹਾ,  ਮੁਕੇਰੀਆਂ ਅਤੇ  ਕੀੜੀ ਅਫਗਾਨਾਂ ਖੰਡ  ਮਿੱਲਾਂ ਨੂੰ ਮਾਲਕਾਂ ਵੱਲੋਂ ਨਾ ਚਲਾਏ ਜਾਣ ਕਾਰਣ ਕਿਸਾਨਾਂ ਵਿਚ ਪ੍ਰੇਸ਼ਾਨੀ ਵੱਧਦੀ ਜਾ ਰਹੀ ਹੈ।  ਅੱਜ ਗੁਸੇ ਵਿਚ ਆਏ ਕਿਸਾਨਾਂ ਨੇ  ਏ. ਬੀ. ਸ਼ੂਗਰ ਮਿੱਲ ਰੰਧਾਵਾ ਦਸੂਹਾ ਦੇ ਬਾਹਰ ਅੱਜ ਸਵੇਰੇ 11 ਵਜੇ ਮੈਨੇਜਮੈਂਟ ਵੱਲੋਂ ਗੰਨਾ ਮਿੱਲ ਨਾ ਚਲਾਉਣ ਅਤੇ ਗੰਨੇ ਦਾ ਪਿਛਲੇ ਸਾਲ ਦਾ ਬਕਾਇਆ ਨਾ ਦੇਣ ਦੇ ਰੋਸ ਵਜੋਂ ਦੋਆਬਾ ਕਿਸਾਨ ਕਮੇਟੀ ਨੇ ਟਰਾਲੀਆਂ ਵਿਚ ਲਿਆਂਦਾ  ਗੰਨਾ ਸੜਕ 'ਚ ਢੇਰੀ  ਕਰ ਕੇ ਕਮੇਟੀ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਜੁਝਾਰ ਸਿੰਘ, ਮਨਜੀਤ ਸਿੰਘ ਦਸੂਹਾ, ਰਣਜੀਤ ਸਿੰਘ ਬਾਜਵਾ, ਅਮਰਜੀਤ ਸਿੰਘ, ਹਰਸੁਰਿੰਦਰ ਸਿੰਘ ਪ੍ਰਧਾਨ ਦੋਆਬਾ ਕਮੇਟੀ ਜਲੰਧਰ ਦੀ ਅਗਵਾਈ ਵਿਚ ਜਾਮ ਲਾ ਦਿੱਤਾ ਅਤੇ 'ਪੰਜਾਬ ਸਰਕਾਰ ਮੁਰਦਾਬਾਦ', 'ਮਿੱਲ ਮੈਨੇਜਮੈਂਟ ਮੁਰਦਾਬਾਦ'  ਆਦਿ ਨਾਅਰੇ ਲਾਉਂਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। 
ਇਸ  ਮੌਕੇ  ਜੰਗਵੀਰ  ਅਤੇ ਮਨਜੀਤ  ਦਸੂਹਾ ਨੇ ਦੱਸਿਆ ਕਿ ਕਿਸਾਨਾਂ ਨੇ ਇਥੇ  ਅਣÎਮਿੱਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ। 

ਇਸੇ  ਦੌਰਾਨ  ਮੁਕੇਰੀਆਂ  ਵਿਚ 'ਪੱਗੜੀ ਸੰਭਾਲ ਜੱਟਾ' ਦੇ ਕਨਵੀਨਰ ਕਮਲਪ੍ਰੀਤ ਸਿੰਘ ਕਾਕੀ, ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਤੋਂ ਇਲਾਵਾ ਸਤਨਾਮ ਸਿੰਘ, ਮਾ. ਗੁਰਨਾਮ ਸਿੰਘ, ਲਖਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਕਾਨੂੰਨਗੋ, ਬਲਜੀਤ ਸਿੰਘ ਨੀਟਾ ਆਦਿ ਵੱਖ-ਵੱਖ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਾਰ-ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ  ਮਿੱਲ ਨਹੀਂ ਚੱਲ ਰਹੀ। ਪ੍ਰਸ਼ਾਸਨਿਕ ਅਧਿਕਾਰੀ ਝੂਠੇ ਲਾਰੇ ਲਾ ਕੇ ਭਰੋਸਾ ਜ਼ਰੂਰ ਦਿੰਦੇ ਹਨ ਪਰ ਕਾਰਵਾਈ ਕੋਈ ਨਹੀਂ ਹੋ ਰਹੀ, ਜਿਸ ਕਾਰਨ ਸਾਨੂੰ ਮੁੜ ਅੱਜ ਚੱਕਾ ਜਾਮ ਕਰਨ ਲਈ ਮਜਬੂਰ ਹੋਣਾ ਪਿਆ।  ਆਮ ਆਦਮੀ ਪਾਰਟੀ ਦੇ ਜ਼ੋਨ ਪ੍ਰਧਾਨ ਡਾ. ਰਵਜੋਤ ਸਿੰਘ, ਜ਼ੋਨ ਮੀਤ ਪ੍ਰਧਾਨ ਗੁਰਪ੍ਰਤਾਪ ਸਿੰਘ ਮੁਲਤਾਨੀ, ਸੀਨੀ. ਆਗੂ ਸੁਲੱਖਣ ਸਿੰਘ ਜੱਗੀ ਨੇ ਵੀ ਸਾਥੀਆਂ ਸਮੇਤ ਕਿਸਾਨਾਂ ਦੀ ਮੰਗ ਦਾ ਸਮਰਥਨ ਕਰਦੇ ਹੋਏ ਜੀ. ਟੀ. ਰੋਡ 'ਤੇ ਬੈਠ ਕੇ ਚੱਕਾ ਜਾਮ ਕੀਤਾ। 
ਜਿੱਥੇ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਸਕੂਲ ਵਿਦਿਆਰਥੀਆਂ ਨੂੰ ਸ਼ਾਮ 5 ਵਜੇ ਤੱਕ ਵੀ ਜਾਮ ਨਾ ਖੁੱਲ੍ਹਣ ਕਾਰਨ ਬੱਸਾਂ 'ਚ ਹੀ ਲੰਬੇ ਰੂਟਾਂ ਕਾਰਨ ਭੁੱਖੇ-ਪਿਆਸੇ   ਰਹਿਣਾ   ਪਿਆ।

ਕੀੜੀ ਅਫਗਾਨਾਂ ਮਿੱਲ ਨੂੰ ਸ਼ੁਰੂ ਕਰਵਾਉਣ ਲਈ ਗੁਰਦਾਸਪੁਰ ਦੇ ਹਰਚੋਵਾਲ ਨਜ਼ਦੀਕ ਧਰਨਾ-ਪ੍ਰਦਰਸ਼ਨ ਕਰ ਰਹੇ ਮਾਝਾ ਕਿਸਾਨ ਸੰਘਰਸ਼ ਕਮੇਟੀ ਨਾਲ ਜੁੜੇ ਸੈਂਕੜੇ ਕਿਸਾਨਾਂ ਨੇ ਅੱਜ ਟਾਂਡਾ ਇਲਾਕੇ ਵਿਚ ਪੈਂਦੇ ਬਿਆਸ ਦਰਿਆ ਪੁਲ ਨਜ਼ਦੀਕ ਜਾਮ ਲਾ ਕੇ ਧਰਨਾ ਸ਼ੁਰੂ ਕਰ ਦਿੱਤਾ। ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਵਿਚ ਪੁਲ ਨਜ਼ਦੀਕ ਸਵੇਰੇ 10 ਵਜੇ ਇਕੱਠੇ ਹੋਏ ਸੈਂਕੜੇ ਕਿਸਾਨਾਂ ਨੇ ਪੁਲ 'ਤੇ ਗੰਨਿਆਂ ਨਾਲ ਲੱਦੀ ਟਰੈਕਟਰ-ਟਰਾਲੀ ਖੜ੍ਹੀ ਕਰ ਕੇ ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ 'ਤੇ ਜਾਮ ਲਾ ਦਿੱਤਾ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਨਿੱਜੀ ਮਿੱਲ ਪ੍ਰਬੰਧਕਾਂ ਅਤੇ ਸੂਬਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਦੋਸ਼ ਲਾਇਆ ਕੇ ਮਿੱਲ ਪ੍ਰਬੰਧਕ ਅਤੇ ਸਰਕਾਰ ਮਿਲੀਭੁਗਤ ਕਰ  ਕੇ ਕਿਸਾਨਾਂ ਨੂੰ ਸੜਕਾਂ 'ਤੇ ਰੁਲਣ ਲਈ ਮਜਬੂਰ ਕਰ ਰਹੇ  ਹਨ। ਰੋਸ ਧਰਨੇ ਦੀ ਅਗਵਾਈ ਕਰ ਰਹੇ ਬਲਵਿੰਦਰ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ 19 ਨਵੰਬਰ ਨੂੰ ਨਿੱਜੀ ਖੰਡ ਮਿੱਲਾਂ ਵਿਚ ਪੜ੍ਹਾਈ ਸ਼ੁਰੂ ਹੋ ਗਈ ਸੀ ਪਰ ਸਰਕਾਰ ਅਤੇ ਮਿੱਲ ਮਾਲਕਾਂ ਦੀ ਮਿਲੀਭੁਗਤ ਨਾਲ ਅਜੇ ਤੱਕ ਮਿੱਲਾਂ ਨਾ ਸ਼ੁਰੂ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਸੜਕਾਂ 'ਤੇ ਉਤਰਨਾ ਪਿਆ ਹੈ। ਇਸ ਮੌਕੇ ਗੰਨੇ ਦੀ ਸਹੀ ਕੀਮਤ ਅਤੇ ਪਿਛਲੇ ਬਕਾਏ ਦੀ ਮੰਗ ਕਰਦਿਆਂ  ਕਿਸਾਨਾਂ ਨੇ ਸਰਕਾਰ ਖਿਲਾਫ ਰੋਹ ਭਰੀ ਨਾਅਰੇਬਾਜ਼ੀ ਕੀਤੀ। ਕਿਸਾਨਾਂ  ਨੇ ਕਿਹਾ ਕਿ ਉਨ੍ਹਾਂ ਦਾ ਇਹ ਧਰਨਾ ਗੰਨਾ ਮਿੱਲਾਂ ਚੱਲਣ ਤੱਕ ਜਾਰੀ ਰਹੇਗਾ।ਬਾਅਦ ਦੀ ਸੂਚਨਾ ਅਨੁਸਾਰ ਸ਼ਾਮ ਸਵਾ 7 ਵਜੇ ਦੇ ਕਰੀਬ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੇ ਭਰੋਸੇ ਤੋਂ ਬਾਅਦ ਜਾਮ ਹਟਾ ਲਿਆ ਗਿਆ।


Shyna

Content Editor

Related News