ਉਗਰਾਹਾਂ ਜੱਥੇਬੰਦੀ ਦੇ ਕਿਸਾਨ ਆਗੂ ਦੀ ਆਲੂ ਦੀ ਫਸਲ ਸ਼ਰਾਰਤੀ ਅਨਸਰਾਂ ਨੇ ਕੀਤੀ ਅੱਗ ਦੇ ਹਵਾਲੇ, ਲੱਖਾਂ ਦਾ ਨੁਕਸਾਨ
Saturday, Mar 13, 2021 - 06:24 PM (IST)
ਚੌਂਕੀਮਾਨ (ਗਗਨਦੀਪ)- ਇੱਥੋਂ ਨੇੜਲੇ ਪਿੰਡ ਤਲਵੰਡੀ ਖੁਰਦ ਦੇ ਉਗਰਾਹਾਂ ਕਿਸਾਨ ਜੱਥੇਬੰਦੀ ਨਾਲ ਸੰਬੰਧ ਰੱਖਣ ਵਾਲੇ ਕਿਸਾਨ ਆਗੂ ਕੁਲਵਿੰਦਰ ਸਿੰਘ ਸੰਘੇੜਾ ਦੇ ਖੇਤ 'ਚ ਪਏ ਆਲੂਆਂ ਦੇ ਢੇਰ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਦੇ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪੀੜਤ ਕਿਸਾਨ ਕੁਲਵਿੰਦਰ ਸਿੰਘ ਸੰਘੇੜਾ ਨੇ ਭਰੇ ਮਨ ਨਾਲ ਦੱਸਿਆ ਕਿ ਬੀਤੇ ਰਾਤ ਕਿਸੇ ਸ਼ਰਾਰਤੀ ਅਨਸਰ ਨੇ ਉਸਦੀ ਪੁੱਤਾਂ ਵਾਂਗ ਪਾਲੀ ਢਾਈ ਤਿੰਨ ਏਕੜ ਦੀ ਫਸਲ (ਮਹਿੰਗੇ ਭਾਅ ਦੇ ਆਲੂ ਨੀਲਕਮਲ) ਦੇ ਢੇਰ ਨੂੰ ਅੱਗ ਲਗਾ ਕੇ ਤਿੰਨ ਲੱਖ ਦੇ ਕਰੀਬ ਨੁਕਸਾਨ ਕਰ ਦਿੱਤਾ ਹੈ। ਇਸ ਮੌਕੇ ਪੰਚ ਜਸਵੀਰ ਸਿੰਘ ਜੱਸੀ ਨੇ ਮੰਦਭਾਗੀ ਘਟਨਾ 'ਤੇ ਗਹਿਰਾ ਦੁੱਖ ਜਿਤਾਂਉਦਿਆਂ ਦੱਸਿਆ ਕਿ ਕੁਲਵਿੰਦਰ ਸਿੰਘ ਦਾ ਪਰਿਵਾਰ ਬਹੁਤ ਹੀ ਮਿਹਨਤੀ ਅਤੇ ਸੁਲਝਿਆ ਹੋਇਆ ਹੈ, ਜਿਨ੍ਹਾਂ ਦਾ ਪਿੰਡ ਵਿਚ ਕਦੇ ਵੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੂੰ ਉਕਤ ਘਟਨਾ ਦਾ ਪਤਾ ਚੱਲਿਆ ਤਾਂ ਇਸ ਸੰਬੰਧੀ ਜਾਣਕਾਰੀ ਸਬੰਧਤ ਥਾਣੇ ਦਾਖੇ ਵਿਚ ਦੇ ਦਿੱਤੀ ਹੈ। ਜਿਸ ਦਾ ਮੌਕਾ ਵੇਖਣ ਪਹੁੰਚੀ ਪੁਲਸ ਪਾਰਟੀ ਨੇ ਅਣਪਛਾਤੇ ਵਿਅਕਤੀ ਖਿਲ਼ਾਫ ਦਰਖਾਸਤ ਲਿਖ ਲਈ ਹੈ। ਇਸ ਸਮੇਂ ਸਰਪੰਚ ਦਰਸ਼ਨ ਸਿੰਘ ਨੇ ਕਿਹਾ ਕਿ ਕੁਲਵਿੰਦਰ ਸਿੰਘ ਦੇ ਆਲੂਆਂ ਦਾ ਹੋਇਆ ਨੁਕਸਾਨ ਬਹੁਤ ਹੀ ਮਾੜੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਮੋਦੀ ਸਰਕਾਰ ਕਿਸਾਨਾਂ ਦੀ ਵੈਰੀ ਬਣੀ ਹੋਈ ਹੈ ਦੂਸਰੇ ਪਾਸੇ ਰਹਿੰਦੀ ਕਸਰ ਮਾੜੀ ਸੋਚ ਦੇ ਧਾਰਨੀ ਸਮਾਜ ਵਿਰੋਧੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਕੇ ਕੱਢ ਰਹੇ ਹਨ।