ਪੰਜਾਬ ਦੀਆਂ ਸਿਆਸੀ ਪਾਰਟੀਆਂ ''ਤੇ ਭਾਰੀ ਪੈ ਸਕਦੇ ਕਿਸਾਨ!
Tuesday, Dec 15, 2020 - 02:52 PM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੇ ਕਿਸਾਨਾਂ ਨੇ ਜਿਸ ਤਰੀਕੇ ਨਾਲ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਦੀ ਸਰਕਾਰ ਖ਼ਿਲਾਫ਼ ਰੋਕੀ ਦਿੱਲੀ ਤੇ 15 ਦਿਨਾਂ ਤੋਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਦਿੱਲੀ ਧਰਨੇ ਵਿਚ ਨੇੜੇ ਨਾ ਫਟਕਣ ਦੇਣ ਦੀ ਕਾਰਵਾਈ ਕੀਤੀ ਹੋਈ ਹੈ। ਉਸ ਨੂੰ ਦੇਖ ਕੇ ਲੱਗਣ ਲੱਗ ਪਿਆ ਹੈ ਕਿ ਹੁਣ ਪੰਜਾਬ ਦੀ ਸਿਆਸੀ ਪਾਰਟੀਆਂ ਸ਼੍ਰੋ. ਅਕਾਲੀ ਦਲ, ਕਾਂਗਰਸ, 'ਆਪ' ਅਤੇ ਭਾਜਪਾ ਨੂੰ ਧਰਨਾ ਖਤਮ ਹੋਣ 'ਤੇ ਪਿੰਡਾਂ ਵਿਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹੁਣ ਜੋ ਤਾਜ਼ਾ ਹਾਲਾਤ ਦੇਖ ਜਾ ਰਹੇ ਹਾਂ, ਉਨ੍ਹਾਂ ਵਿਚ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ। ਕਿਸਾਨ ਖੇਤੀ ਬਿੱਲਾਂ 'ਚ ਸ਼੍ਰੋ. ਅਕਾਲੀ ਦਲ ਭਾਜਪਾ ਤੇ ਕਾਂਗਰਸ ਨੂੰ ਸਿੱਧੇ ਤੌਰ 'ਤੇ ਦੋਸ਼ੀ ਮੰਨ ਕੇ ਚੱਲ ਰਿਹਾ ਹੈ ਤੇ ਇਨ੍ਹਾਂ ਪਾਰਟੀਆਂ ਤੋਂ ਇਸੇ ਕਰ ਕੇ ਵੱਡੀ ਦੂਰੀ ਬਣਾ ਚੁੱਕਾ ਹੈ। ਇਸ ਲਈ ਹੁਣ ਜੋ ਮੀਡੀਆ ਵਿਚ ਰਿਪੋਰਟਾਂ ਆਉਣ ਲੱਗ ਪਈਆਂ ਕਿ ਪਿੰਡਾਂ ਦੀਆਂ ਸਮਾਜਸੇਵੀ ਜਥੇਬੰਦੀਆਂ ਵੀ ਕਿਸਾਨਾਂ ਦੇ ਹੱਥ ਵਿਚ ਡਟ ਗਈਆਂ ਹਨ।
ਕਿਸਾਨਾਂ ਦੇ ਧਰਨੇ ਬਾਰੇ ਸਿਆਸੀ ਪੰਡਿਤਾਂ ਨੇ ਕਿਹਾ ਕਿ ਨਵੇਂ ਸਾਲ ਨੂੰ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਭਾਈਚਾਰੇ ਦਾ ਬੋਲਬਾਲਾ ਹੋ ਸਕਦਾ ਹੈ ਤੇ ਕਿਸਾਨ ਇਸ ਚੱਲ ਰਹੇ ਸੰਘਰਸ਼ ਵਿਚ ਕਿੰਨੇ ਕੁ ਸਫ਼ਲ ਹੁੰਦੇ ਹਨ, ਇਸ ਬਾਰੇ ਅਜੇ ਕੁਝ ਆਖਣਾ ਮੁਸ਼ਕਲ ਹੈ ਪਰ ਉਨ੍ਹਾਂ ਵੱਲੋਂ ਜਾਤ-ਪਾਤ ਪਾਰਟੀਬਾਜ਼ੀ ਤੇ ਧੜ੍ਹੇਬੰਦੀ ਤੇ ਦਿਖਾਇਆ ਏਕਾ ਪੰਜਾਬ ਵਿਚ ਜ਼ਰੂਰ ਅਸਰ ਦਿਖਾਵੇਗਾ। ਸ਼ਾਇਦ ਸੂਬੇ ਦੀ ਵੰਡ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ।